Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਜ਼ਹਾਰ ਆਲਮ ਨੇ ਪੰਜਾਬ ਦੇ ਸਿੱਖਾਂ ਵਿਚ ਧਰਮ ਪਰਿਵਰਤਨ ਦੀ ਲਹਿਰ ਖੜੀ ਕੀਤੀ

Posted on July 19th, 2013


ਅੰਮ੍ਰਿਤਸਰ- ਕੀ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਇਜ਼ਹਾਰ ਆਲਮ ਪੰਜਾਬ ਵਿਚ ਧਰਮ ਪਰਿਵਰਤਨ ਦੀ ਲਹਿਰ ਚਲਾ ਰਹੇ ਹਨ? ਇਹ ਸਵਾਲ ਉਸ ਸਮੇਂ ਪੈਦਾ ਹੋਇਆ ਜਦ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਇਕ ਵਫ਼ਦ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਬੂਤਾਂ ਸਮੇਤ ਇਕ ਮੰਗ ਪੱਤਰ ਪੇਸ਼ ਕਰ ਕੇ ਸਬੂਤਾਂ ਸਮੇਤ ਪੂਰੀ ਜਾਣਕਾਰੀ ਦਿਤੀ। 

ਜਥੇਦਾਰ ਨੂੰ ਸੌਂਪੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਵਲੋਂ ਗ਼ਰੀਬ ਸਿੱਖ ਕਿਸਾਨਾਂ ਦੇ ਬੱਚਿਆਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਤੁਰਤ ਸਾਰਥਕ ਕਦਮ ਚੁਕੇ ਜਾਣ। ਸ. ਪੀਰ ਮਹੰਮਦ ਨੇ ਅਮਰੀਕਾ ਦੇ ਗੁਰਦੁਆਰਾ ਫ਼ਰੀਮਾਂਟ ਦੇ 565 ਸਿੱਖਾਂ ਦੇ ਦਸਤਖ਼ਤਾਂ ਵਾਲੀ ਇਕ ਪਟੀਸ਼ਨ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ।

ਇਸ ਪਟੀਸ਼ਨ 'ਤੇ ਸੀਨੀਅਰ ਸੁਪਰੀਮ ਸਿੱਖ ਕੌਂਸਲ ਮੈਂਬਰ, ਗੁਰਪਾਲ ਸਿੰਘ ਹੰਸਰਾ, ਭਾਈ ਦਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਤਰਸੇਮ ਸਿੰਘ ਅਤੇ ਭਾਈ ਲਖਬੀਰ ਸਿੰਘ ਦੇ ਪ੍ਰਮੱਖ ਦਸਤਖ਼ਤ ਹਨ ਤੇ ਇਹ ਪਟੀਸ਼ਨ 14 ਪੰਨਿਆਂ ਦੀ ਹੈ। ਸ. ਪੀਰ ਮੁਹੰਮਦ ਨੇ ਦਸਿਆ ਕਿ ਇਜ਼ਹਾਰ ਆਲਮ ਨੇ ਪੰਜਾਬ ਵਿਚ 480 ਤੋਂ ਜ਼ਿਆਦਾ ਮਸਜਿਦਾਂ ਬਣਵਾਈਆਂ, ਹਰ ਮਸਜਿਦ ਦੀ ਉਸਾਰੀ ਲਈ 99000 ਰੁਪਏ ਦਿਤੇ ਅਤੇ ਬਹੁਤ ਥਾਵਾਂ 'ਤੇ ਇਨ੍ਹਾਂ ਮਸਜਿਦਾਂ ਲਈ ਇਮਾਮ ਵੀ ਥਾਪੇ। ਉਨ੍ਹਾਂ ਦਸਿਆ ਕਿ ਇਨ੍ਹਾਂ ਮਸਜਿਦਾਂ ਦੀ ਸਾਂਭ ਸੰਭਾਲ ਲਈ ਬਣਾਈਆਂ ਗਈਆਂ 21 ਮੈਂਬਰੀ ਕਮੇਟੀਆਂ ਵਿਚ ਸ਼ਾਮਲ ਲੋਕਾਂ ਵਿਚ ਜ਼ਿਆਦਾਤਾਰ ਸਿੱਖ ਧਰਮ ਤਬਦੀਲ ਕਰ ਕੇ ਖ਼ਾਨ ਬਣੇ ਲੋਕ ਹਨ। ਪਟੀਸ਼ਨ ਵਿਚ ਦਸਿਆ ਗਿਆ ਹੈ ਕਿ ਪੰਜਾਬ ਵਿਚਲੇ ਕਾਲੇ ਦੌਰ ਦੌਰਾਨ ਜਦ ਇਜ਼ਹਾਰ ਆਲਮ ਸਿੱਖ ਨੌਜੁਆਨਾਂ ਨੂੰ ਕੋਹ-ਕੋਹ ਕੇ ਮਾਰ ਰਿਹਾ ਸੀ ਤਾਂ ਉਸ ਸਮੇਂ ਇਜ਼ਹਾਰ ਆਲਮ ਸਮੇਤ ਦੋ ਹੋਰ ਪੁਲਿਸ ਅਫ਼ਸਰਾਂ ਨੇ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਮੁਸਲਮਾਨ ਲਿਆ ਕੇ ਵਸਾਏ ਤੇ ਹੁਣ ਇਜ਼ਹਾਰ ਆਲਮ ਵਲੋਂ ਪੰਜਾਬ ਦੇ ਪਿੰਡਾਂ ਵਿਚ ਤੇ ਖ਼ਾਸ ਕਰ ਕੇ ਮਾਲਵੇ ਵਿਚ ਮਸਜਿਦਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪਟੀਸ਼ਨ ਵਿਚ ਅਖ਼ਬਾਰਾਂ ਦੀਆਂ ਖ਼ਬਰਾਂ ਸਾਹਿਤ ਸਬੂਤ ਦੇ ਕੇ ਦਸਿਆ ਗਿਆ ਹੈ ਕਿ 20 ਜੂਨ 2012 ਨੂੰ ਪਿੰਡ ਰੋਡੇ (ਜ਼ਿਲ੍ਹਾ ਮੋਗਾ), ਪਿੰਡ ਸਨੌਰ 9 ਪਟਿਆਲਾ, 23 ਜੂਨ 2012  ਪਿੰਡ ਛਜਾਵਲ (ਲੁਧਿਆਣਾ) 27 ਜੂਨ ਪਿੰਡ ਹੀਰੋ ਖ਼ਰਦ, 11 ਅਗੱਸਤ ਪਿੰਡ ਲਸਾੜਾ, ਪਿੰਡ ਘਵੱਦੀ, ਛਪਾਰ, ਪਿੰਡ ਹੰਡਆਇਆ, 28 ਅਕਤੂਬਰ ਭਦੌੜ, ਸੇਖਾ ਖ਼ੁਰਦ, 20 ਸਤੰਬਰ ਮਹਿਲ ਕਲਾਂ ਵਿਖੇ ਮਸੀਤ ਬਣ ਗਈ ਹੈ। ਜਥੇਦਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਵਿਚ ਕੋਈ ਪਿੰਡ ਅਜਿਹਾ ਨਹੀਂ ਜਿਥੇ ਮਸਜਿਦ ਨਹੀਂ ਹੈ ਪਰ ਇਥੇ ਸਾਰੇ ਹੀ ਪ੍ਰਬੰਧਕਾਂ ਤੇ ਇਨ੍ਹਾਂ ਇਲਾਕਿਆਂ ਵਿਚ ਗੁਰਮੇਲ ਖ਼ਾਨ, ਗੁਰਤੇਜ ਖ਼ਾਨ, ਗੁਰਪ੍ਰੀਤ ਖ਼ਾਨ, ਗੁਰਸੇਵਕ ਖ਼ਾਨ ਤੋਂ ਲੈ ਕੇ ਸੈਂਕੜੇ ਅਜਿਹੇ ਸਿੱਖ ਨਾਵਾਂ ਵਾਲੇ ਧਰਮ ਪਰਿਵਰਤਨ ਕਰ ਚੁੱਕੇ ਮੁਸਲਮਾਨ ਹਨ ਤੇ ਇਹ ਸੱਭ ਇਜ਼ਹਾਰ ਆਲਮ ਕਰ ਕੇ ਹੋਇਆ ਹੈ। ਉਨ੍ਹਾਂ ਦਸਿਆ ਕਿ ਇਹ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਪੰਥਕ ਸਰਕਾਰ ਦੇ ਨੱਕ ਹੇਠ ਵਾਪਰਿਆ ਹੈ। ਜਥੇਦਾਰ ਨੂੰ ਸੌਂਪੇ ਮੰਗ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਇਸ ਸਮੁੱਚੇ ਮਾਮਲੇ ਦੀ ਇਕ ਵਾਰ ਫਿਰ ਜਾਂਚ ਕਰਵਾ ਕੇ ਆਲਮ ਵਰਗਿਆਂ ਨੂੰ ਸਜ਼ਾ ਦਿਵਾਈ ਜਾਏ। ਵਫ਼ਦ ਵਲੋਂ ਮੰਗ ਪੱਤਰ ਦੇਣ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ, ਉਹ ਹੁਣੇ ਹੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਪੱਤਰ ਲਿਖ ਕੇ ਸਮੁੱਚੇ ਮਾਮਲੇ ਦੀ ਜਾਂਚ ਲਈ ਕਹਿ ਰਹੇ ਹਨ। ਇਸ ਸੰਬਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਵਿਚ ਸਿੱਖ ਤੇ ਮੁਸਲਮਾਨ ਲੰਮੇ ਸਮੇਂ ਤੋਂ ਇਕਠਿਆਂ ਰਹਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਮਲੇਰਕੋਟਲਾ ਤੇ ਨਵਾਬ ਸ਼ੇਰ ਖ਼ਾਨ ਨੂੰ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਕਿਧਰੇ ਵੀ ਮੁਸਲਮਾਨ ਵਸਦਾ ਹੈ ਤਾਂ ਉਥੇ ਮਸਜਿਦ ਬਣ ਜਾਵੇ ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ ਕਿ ਮੁਸਲਿਮ ਸਮਾਜ ਵੀ ਇਕ ਜਗ੍ਹਾ ਬੈਠ ਕੇ ਖ਼ੁਦਾ ਦੀ ਇਬਾਦਤ ਕਰਦਾ ਹੈ ਪਰ ਜੇ ਇੰਜ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਤਾਂ ਉਹ ਮੰਦਭਾਗਾ ਹੈ।



Archive

RECENT STORIES