Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਮਿ੍ਤਸਰ ਸ਼ਹਿਰ ਨੂੰ ਆਉਂਦੀਆਂ ਸੜਕਾਂ 'ਤੇ ਬਣਨਗੇ ਸ਼ਾਨਦਾਰ ਗੇਟ

Posted on July 19th, 2013

ਅੰਮਿ੍ਤਸਰ- ਅੰਮਿ੍ਤਸਰ ਸ਼ਹਿਰ ਵਿਚ ਆਉਂਦੇ ਲੱਖਾਂ ਸੈਲਾਨੀਆਂ ਦੇ ਸਵਾਗਤ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਸ਼ਹਿਰ ਨੂੰ ਆਉਂਦੀਆਂ ਚਾਰ ਮੁੱਖ ਸੜਕਾਂ 'ਤੇ ਵੱਡੇ-ਵੱਡੇ ਗੇਟ ਉਸਾਰਨ ਜਾ ਰਹੀ ਹੈ | ਛੇਤੀ ਹੀ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਐਕਸੀਅਨ ਲੋਕ ਨਿਰਮਾਣ ਵਿਭਾਗ ਸ: ਜਸਬੀਰ ਸਿੰਘ ਸੋਢੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੇਟ ਦਾ ਸ਼ਾਨਦਾਰ ਡਿਜ਼ਾਈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਵਨ ਉਸਾਰੀ ਵਿਭਾਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਗੇਟ ਜਲੰਧਰ-ਅੰਮਿ੍ਤਸਰ ਰੋਡ ਉੱਪਰ ਬਣੇਗਾ ਜਿਸ 'ਤੇ ਕਰੀਬ 7.39 ਕਰੋੜ ਦੀ ਲਾਗਤ ਆਵੇਗੀ | ਸ: ਸੋਢੀ ਨੇ ਦੱਸਿਆ ਕਿ ਇਸ ਗੇਟ ਦੀ ਉਸਾਰੀ ਮਗਰੋਂ ਦੂਸਰੇ ਤਿੰਨ ਗੇਟ ਅੰਮਿ੍ਤਸਰ-ਤਰਨ-ਤਾਰਨ ਰੋਡ, ਅੰਮਿ੍ਤਸਰ-ਬਟਾਲਾ ਰੋਡ ਅਤੇ ਅੰਮਿ੍ਤਸਰ-ਅਟਾਰੀ ਸੜਕ ਉੱਪਰ ਉਸਾਰੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲੇ ਗੇਟ ਦਾ ਟੈਂਡਰ ਪੰਜਾਬ ਮੁਢਲਾ ਢਾਂਚਾ ਵਿਕਾਸ ਬੋਰਡ ਦੀ ਪ੍ਰਵਾਨਗੀ ਮਗਰੋਂ ਜਾਰੀ ਕਰ ਦਿੱਤਾ ਗਿਆ ਹੈ |

ਉਨ੍ਹਾਂ ਦੱਸਿਆ ਕਿ ਜਿਹੜਾ ਡਿਜ਼ਾਈਨ ਤਿਆਰ ਕਰਵਾਇਆ ਹੈ ਉਸ ਵਿਚੋਂ ਅੰਮਿ੍ਤਸਰ ਦੀ ਵਿਰਾਸਤ ਰੂਪਮਾਨ ਹੁੰਦੀ ਹੈ | ਇਸ ਗੇਟ 'ਤੇ ਬਣਨ ਵਾਲੇ ਗੁੰਬਦ ਅਤੇ ਉਨ੍ਹਾਂ ਨੂੰ ਕੀਤਾ ਜਾਣ ਵਾਲਾ ਸੁਨਹਿਰੀ ਰੰਗ ਬਾਹਰੋਂ ਆਉਂਦੇ ਸੈਲਾਨੀ ਨੂੰ ਇਸ ਸ਼ਹਿਰ ਦੇ ਮੁੱਖ ਆਕਰਸ਼ਣ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਹੋਂਦ ਦਰਸਾ ਕੇ ਧਾਰਮਿਕ ਰੰਗ ਵਿਚ ਰੰਗ ਦੇਵੇਗਾ | ਸ: ਸੋਢੀ ਨੇ ਦੱਸਿਆ ਕਿ ਇਹ ਗੇਟ 100 ਫੁੱਟ ਉੱਚਾ ਅਤੇ 100 ਫੁੱਟ ਹੀ ਚੌੜਾ ਹੋਵੇਗਾ | ਗੇਟ ਵਿਚ ਰੌਸ਼ਨੀ ਦਾ ਖੂਬਸੂਰਤ ਬੰਦੋਬਸਤ ਕੀਤਾ ਜਾਵੇਗਾ ਜੋ ਕਿ ਰਾਤ ਸਮੇਂ ਅਲੌਕਿਕ ਨਜ਼ਾਰਾ ਪੇਸ਼ ਕਰੇਗਾ | ਇਸ ਤੋਂ ਇਲਾਵਾ ਗੇਟ ਦੇ ਆਲੇ-ਦੁਆਲੇ ਲੈਂਡ ਸਕੇਪਿੰਗ ਦਾ ਪੁਖ਼ਤਾ ਪਬੰਧ ਕੀਤਾ ਜਾ ਰਿਹਾ ਹੈ ਜੋ ਕਿ ਇਸ ਦੀ ਸੁੰਦਰਤਾ ਨੂੰ ਚਾਰ-ਚੰਨ ਲਾਵੇਗਾ |



Archive

RECENT STORIES