Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ ਸੀ 'ਚ ਹੋਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਪੰਜਾਬੀਆਂ ਦੀ ਝੰਡੀ

Posted on July 20th, 2013


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀਤੇ ਹਫਤਾਅੰਤ 'ਤੇ ਨਜ਼ਦੀਕੀ ਸ਼ਹਿਰ ਰਿਚਮੰਡ ਦੇ 'ਵੈਨਕੂਵਰ ਗੰਨ ਕਲੱਬ' ਵਿਖੇ ਕਰਵਾਈ ਗਈ 2013 ਦੀ 'ਬੀ ਸੀ ਸੂਬਾਈ ਉਲੰਪਿਕ ਸਕੀਟ ਸ਼ੂਟਿੰਗ ਚੈਂਪੀਅਨਸ਼ਿਪ' 'ਚ ਪਹਿਲੇ ਤਿੰਨ ਸਥਾਨ ਜਿੱਤ ਕੇ ਪੰਜਾਬੀ ਨੌਜਵਾਨਾਂ ਨੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਉੱਤਰੀ ਵੈਨਕੂਵਰ ਦੇ ਸੁਰਿੰਦਰ ਸਿੰਘ ਸਰਾਂ, ਕੁਕਿਟਲਮ ਦੇ ਗੁਰਪ੍ਰੀਤ ਸਿੰਘ ਬਾਠ ਅਤੇ ਸਰੀ ਦੇ ਬਰਿੰਦਰਪਾਲ ਸਿੰਘ ਗਿੱਲ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। 

ਇਸ ਮੁਕਾਬਲੇ ਵਿੱਚ ਤਿੰਨ ਹੋਰ ਪੰਜਾਬੀਆਂ ਸਰੀ ਦੇ ਅਮਰਬੀਰ ਸਿੰਘ ਮੱਲ੍ਹੀ, ਸਰੀ ਦੇ ਹੀ ਮਨਦੀਪ ਸਿੰਘ ਅਤੇ ਉੱਤਰੀ ਵੈਨਕੂਵਰ ਦੇ ਸੁਖਪਾਲ ਸਿੰਘ ਸਰਾਂ ਨੇ ਵੀ ਭਾਗ ਲਿਆ। 

ਦੱਸਣਯੋਗ ਹੈ ਕਿ ਬਹੁਤ ਲੰਮਾ ਅਰਸਾ ਬੰਦ ਰਹਿਣ ਪਿੱਛੋਂ ਐਤਕੀਂ ਇਹ ਚੈਂਪੀਅਨਸ਼ਿਪ ਦੁਬਾਰਾ ਸ਼ੁਰੂ ਕਰਵਾਈ ਗਈ ਤਾਂ ਕਿ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ 125 ਗੋਲੀਆਂ ਆਪਣੀ 12 ਬੋਰ ਦੀ ਰਫਲ ਨਾਲ ਚਲਾਉਣੀਆਂ ਪੈਂਦੀਆਂ ਹਨ। ਮੁਕਾਬਲੇ ਵਿੱਚ 12 ਬੋਰ ਦੀ ਉਹੀ ਰਫਲ ਵਰਤੀ ਜਾ ਸਕਦੀ ਹੈ, ਜਿਸ ਦੀਆਂ ਨਾਲੀਆਂ ਉੱਪਰ-ਥੱਲੇ ਹੋਣ ਨਾ ਕਿ ਬਰੋ-ਬਰਾਬਰ। 125 ਗੋਲੀਆਂ ਚਲਾਉਣ ਤੋਂ ਬਾਅਦ ਲੱਗੇ ਨਿਸ਼ਾਨਿਆਂ ਦੇ ਹਿਸਾਬ ਨਾਲ ਪ੍ਰਤੀਯੋਗੀ ਸੈਮੀਫਾਈਨਲ 'ਚ ਪੁੱਜਦੇ ਹਨ, ਜਿੱਥੇ 16 ਗੋਲੀਆਂ ਹੋਰ ਚਲਵਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅੰਤਿਮ ਪੜਾਅ 'ਚ ਪੁੱਜੇ ਪ੍ਰਤੀਯੋਗੀਆਂ ਤੋਂ 16-16 ਗੋਲੀਆਂ ਹੋਰ ਚਲਵਾ ਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦਾ ਫੈਸਲਾ ਕੀਤਾ ਜਾਂਦਾ ਹੈ। 

ਜਿੱਤ ਉਪਰੰਤ ਖੁਸ਼ ਵਿਖਾਈ ਦੇ ਰਹੇ ਪੰਜਾਬੀਆਂ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਸਾਡੀ ਵਿਰਾਸਤੀ ਖੇਡ ਹੈ ਅਤੇ ਉਹ ਇਸ ਖੇਡ ਨੂੰ ਜੀਵਤ ਰੱਖਣਾ ਚਾਹੁੰਦੇ ਹਨ। ਹਾਲਾਂਕਿ ਇਹ ਖੇਡ ਕਾਫੀ ਮਹਿੰਗੀ ਮੰਨੀ ਜਾਂਦੀ ਹੈ ਪਰ ਬਹੁਤ ਸਾਰੇ ਪੰਜਾਬੀਆਂ ਦਾ ਝੁਕਾਅ ਇਸ ਖੇਡ ਵੱਲ ਵਧ ਰਿਹਾ ਹੈ। ਹੁਣ ਬੱਚਿਆਂ ਨੂੰ ਵੀ ਸ਼ੂਟਿੰਗ ਕਲੱਬਾਂ 'ਚ ਲਿਜਾ ਕੇ ਕੁਝ ਪੰਜਾਬੀਆਂ ਵਲੋਂ ਨਿਸ਼ਾਨੇਬਾਜ਼ੀ ਦੀ ਸਿਖਲਾਈ ਦਿਵਾਈ ਜਾ ਰਹੀ ਹੈ।



Archive

RECENT STORIES