Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਲਮਾਨ ਖ਼ਾਨ 'ਤੇ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਚੱਲੇਗਾ

Posted on July 24th, 2013

 ਦੋਸ਼ੀ ਪਾਏ ਜਾਣ 'ਤੇ ਹੋ ਸਕਦੀ ਹੈ 10 ਸਾਲ ਤਕ ਦੀ ਕੈਦ

ਮੁੰਬਈ : ਬਹੁਚਰਚਿਤ ਹਿੱਟ ਐਂਡ ਰਨ ਮਾਮਲੇ 'ਚ ਅਦਾਕਾਰ ਸਲਮਾਨ ਖ਼ਾਨ 'ਤੇ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਚੱਲੇਗਾ ਤੇ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ 10 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ 'ਚ ਹੁਣ ਤਕ ਸਲਮਾਨ 'ਤੇ ਬਾਂਦਰਾ ਦੀ ਹੇਠਲੀ ਅਦਾਲਤ 'ਚ ਆਈਪੀਐਸ ਦੀ ਧਾਰਾ 304 (ਏ) ਤਹਿਤ ਕੇਸ ਚੱਲ ਰਿਹਾ ਸੀ ਜਿਸ 'ਚ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਲ 2002 'ਚ ਸਲਮਾਨ ਖ਼ਾਨ ਨੇ ਨਸ਼ੇ ਦੀ ਹਾਲਤ 'ਚ ਆਪਣੀ ਲੈਂਡ ਕਰੂਜ਼ਰ ਕਾਰ ਨਾਲ ਫੁਟਪਾਥ 'ਤੇ ਸੌਂ ਰਹੇ ਪੰਜ ਵਿਅਕਤੀਆਂ ਨੂੰ ਕੁਚਲ ਦਿੱਤਾ ਸੀ। ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਚਾਰ ਲੋਕ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ ਸਨ। 

ਮੁੰਬਈ ਦੀ ਸੈਸ਼ਨ ਅਦਾਲਤ 'ਚ ਬੁੱਧਵਾਰ ਨੂੰ ਸਲਮਾਨ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ। ਸਲਮਾਨ ਲਈ ਰਾਹਤ ਦੀ ਗੱਲ ਇਹ ਹੈ ਕਿ ਅਦਾਲਤ ਨੇ ਉਨ੍ਹਾਂ ਨੂੰ ਪੇਸ਼ੀ ਤੋਂ ਸ਼ਰਤਾਂ 'ਤੇ ਛੋਟ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਅਦਾਲਤ 'ਚ ਹਾਜ਼ਰ ਹੋਣਾ ਪਵੇਗਾ। 47 ਸਾਲਾ ਸਲਮਾਨ 'ਤੇ ਆਈਪੀਸੀ ਦੀ ਧਾਰਾ 304 (2) ਯਾਨੀ ਗ਼ੈਰਇਰਾਦਨ ਕਤਲ ਤੋਂ ਇਲਾਵਾ ਧਾਰਾ 279 (ਲਾਪਰਵਾਹੀ ਨਾਲ ਗੱਡੀ ਚਲਾਉਣਾ), ਧਾਰਾ 337 (ਸੱਟ ਮਾਰ ਕੇ ਕਿਸੇ ਦੇ ਜੀਵਨ ਨੂੰ ਖ਼ਤਰੇ 'ਚ ਪਾਉਣਾ) ਧਾਰਾ 338 (ਗੰਭੀਰ ਸੱਟ ਮਾਰਨਾ), ਤੇ ਧਾਰਾ 427 (ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ) ਤਹਿਤ ਦੋਸ਼ ਤੈਅ ਕੀਤੇ ਗਏ ਹਨ। ਸਲਮਾਨ 'ਤੇ ਮੋਟਰ ਵਾਹਨ ਐਕਟ ਤਹਿਤ ਵੀ ਕੇਸ ਚੱਲੇਗਾ। ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਸਲਮਾਨ ਨੇ ਅਦਾਲਤ ਨੂੰ ਆਪਣੇ ਉੱਪਰ ਲੱਗੇ ਦੋਸ਼ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ, ਪਰ ਸੈਸ਼ਨ ਜੱਜ ਯੂਬੀ ਹਜੀਬ ਨੇ ਉਨ੍ਹਾਂ ਦਲੀਲ ਨੂੰ ਠੁਕਰਾਉਂਦਿਆਂ ਹੋਏ ਨਵੇਂ ਸਿਰੇ ਤੋਂ ਕੇਸ ਚਲਾਉਣ ਦੇ ਹੁਕਮ ਦਿੱਤੇ। ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ। ਅਗਲੀ ਤਰੀਕ ਨੂੰ ਅਦਾਲਤ ਬਿਆਨ ਦਰਜ ਕਰਨ ਲਈ ਗਵਾਹਾਂ ਨੂੰ ਸੰਮਨ ਜਾਰੀ ਕਰੇਗੀ। ਇਸਤੇਗਾਸਾ ਪੱਖ ਦੇ ਵਕੀਲ ਸ਼ੰਕਰ ਇਰਾਂਡੇ ਨੇ ਅਦਾਲਤ ਨੂੰ ਸਲਮਾਨ ਵਿਰੁੱਧ ਅੱਜ ਹੀ ਦੋਸ਼ ਤੈਅ ਕਰਨ ਦੀ ਅਪੀਲ ਕੀਤੀ, ਕਿਉਂਕਿ ਸਲਮਾਨ ਅਗਲੇ ਦੋ ਮਹੀਨੇ ਲਈ ਵਿਦੇਸ਼ ਜਾਣ ਵਾਲੇ ਹਨ, ਜਿਸ ਕਾਰਨ ਮੁਕਦਮੇ ਦੀ ਕਾਰਵਾਈ ਲਟਕ ਸਕਦੀ ਸੀ। 

ਇਸਤੇਗਾਸਾ ਪੱਖ ਦੀ ਅਪੀਲ ਮਨਜ਼ੂਰ ਕਰਦਿਆਂ ਜੱਜ ਨੇ ਸਲਮਾਨ 'ਤੇ ਲੱਗੇ ਦੋਸ਼ ਪੜ੍ਹ ਕੇ ਸੁਣਾਏ। ਦੂਜੇ ਪਾਸੇ ਸਲਮਾਨ ਦੇ ਵਕੀਲ ਸ਼੍ਰੀਕਾਂਤ ਸ਼ਿਵਦੇ ਨੇ ਇਸ ਮਾਮਲੇ ਦੀ ਮੀਡੀਆ ਵਲੋਂ ਸਹੀ ਰਿਪੋਟ ਨਾ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਜੱਜ ਨੂੰ ਮੀਡੀਆ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਬਹੁਤਾ ਨਾ ਉਛਾਲਣ। ਜੱਜ ਨੇ ਸ਼ਿਵਦੇ ਦੀ ਅਪੀਲ 'ਤੇ ਮੀਡੀਆ ਨੂੰ ਹਦਾਇਤ ਦਿੱਤੀ ਕਿ ਉਹ ਇਸ ਮਾਮਲੇ ਦੀ ਸਹੀ ਤੇ ਤੱਥਾਂ ਅਧਾਰਿਤ ਰਿਪੋਰਟਿੰਗ ਹੀ ਕਰਨ। 




Archive

RECENT STORIES