Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਜਵਾ ਵੱਲੋਂ ਬਾਬਾ ਦਾਦੂਵਾਲ ਨਾਲ 'ਪਰਿਵਾਰਕ ਮੁਲਾਕਾਤ'

Posted on July 24th, 2013

<p>ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ<br></p>

ਬਠਿੰਡਾ- ਪੰਜਾਬ ਕਾਂਗਰਸ ਨੇ ਬਾਦਲ ਵਿਰੋਧੀ ਧਿਰਾਂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕਾਂਗਰਸ ਬਾਦਲ ਵਿਰੋਧੀ ਪੰਥਕ ਧਿਰਾਂ ਦਾ ਫਰੰਟ ਕਾਇਮ ਕਰਨ ਦੀ ਤਾਕ ਵਿੱਚ ਹੈ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਰਾਹ ਸੌਖਾ ਹੋ ਜਾਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨਾਲ ਦੇਰ ਸ਼ਾਮ ਉਨ੍ਹਾਂ ਦੇ ਹੈੱਡਕੁਆਰਟਰ ਗੁਰਦੁਆਰਾ ਗ੍ਰੰਥਸਰ ਸਾਹਿਬ, ਦਾਦੂ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਸੰਤ ਦਾਦੂਵਾਲ ਨਾਲ ਦੋ ਘੰਟੇ ਬੰਦ ਕਮਰਾ ਮੁਲਾਕਾਤ ਕੀਤੀ। ਸ੍ਰੀ ਬਾਜਵਾ ਅਤੇ ਬਾਬਾ ਦਾਦੂਵਾਲ ਇਸ ਨੂੰ ਪਰਿਵਾਰਕ ਮੁਲਾਕਾਤ ਦੱਸ ਰਹੇ ਹਨ।

ਪੰਜਾਬ ਵਿੱਚ ਇਸ ਵੇਲੇ ਬਾਦਲ ਵਿਰੋਧੀ ਪੰਥਕ ਫਰੰਟ ਬਣਾਏ ਜਾਣ ਦੀ ਕਾਰਵਾਈ ਚੱਲ ਰਹੀ ਹੈ। ਕਾਂਗਰਸ ਮੁਤਾਬਕ ਪੰਥਕ ਵੋਟ ਦੇ ਵੰਡੇ ਜਾਣ ਨਾਲ ਕਾਂਗਰਸ ਨੂੰ ਇਸ ਦਾ ਸਿਆਸੀ ਲਾਹਾ ਮਿਲੇਗਾ। ਪ੍ਰਤਾਪ ਸਿੰਘ ਬਾਜਵਾ ਸਿਆਸੀ ਰੈਲੀ ਕਰਨ ਆਏ ਸਨ ਅਤੇ ਬਾਅਦ ’ਚ ਰਾਤ ਨੂੰ ਬਾਬਾ ਦਾਦੂਵਾਲ ਕੋਲ ਪੁੱਜ ਗਏ। ਮਾਲਵੇ ਵਿੱਚ ਬਾਬਾ ਦਾਦੂਵਾਲ ਕਾਫੀ ਪ੍ਰਭਾਵ ਰੱਖਦੇ ਹਨ ਅਤੇ ਹਰਿਆਣਾ ਵਿੱਚ ਵੀ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਪੰਜਾਬ ਕਾਂਗਰਸ ਇਸ ਦਾ ਲਾਹਾ ਲੈਣਾ ਚਾਹੁੰਦੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਸ਼ਖ਼ਸੀਅਤਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਡੇਰਾ ਬਿਆਸ ਦੇ ਮੁਖੀ ਵੀ ਬਾਬਾ ਦਾਦੂਵਾਲ ਨਾਲ ਮੁਲਾਕਾਤ ਕਰਨ ਆਏ ਸਨ।

ਬਾਬਾ ਦਾਦੂਵਾਲ ਨੇ ਕਿਹਾ ਕਿ ਇਹ  ਪਰਿਵਾਰਕ ਮੁਲਾਕਾਤ ਸੀ ਅਤੇ ਕੁਝ ਵੀ ਸਿਆਸੀ ਨਹੀਂ ਸੀ। ਸਿਆਸੀ ਹਲਕਿਆਂ ਨੇ ਸ੍ਰੀ ਬਾਜਵਾ ਦੀ ਬਾਬਾ ਦਾਦੂਵਾਲ ਨਾਲ ਮੁਲਾਕਾਤ ਦਾ ਨੋਟਿਸ ਲਿਆ ਹੈ ਅਤੇ ਇਸ ਦੇ ਕਈ ਮਾਹਣੇ ਕੱਢੇ ਜਾ ਰਹੇ ਹਨ। ਭਾਵੇਂ ਸਿਆਸੀ ਆਗੂਆਂ ਦੀ ਬਾਬਾ ਦਾਦੂਵਾਲ ਨਾਲ ਮੁਲਾਕਾਤ ਨੂੰ ਪਹਿਲਾਂ ਸਿਆਸਤ ਪੱਖੋਂ ਘਟਾ ਕੇ ਦੇਖਿਆ ਜਾਂਦਾ ਸੀ ਪਰ ਬਾਜਵਾ ਦੇ ਬਾਬਾ ਦਾਦੂਵਾਲ ਨਾਲ ਪਰਿਵਾਰਕ ਸਬੰਧਾਂ ਦੇ ਚਲਦਿਆਂ ਕਿਆਸ ਲਾਏ ਜਾ ਰਹੇ ਹਨ ਕਿ ਬਾਬਾ ਦਾਦੂਵਾਲ ਲੋਕ ਸਭਾ ਚੋਣਾਂ ਵਿੱਚ ਬਾਜਵਾ ਨੂੰ ਲਾਹਾ ਦੇਣ ਦਾ ਯਤਨ ਕਰਨਗੇ।



Archive

RECENT STORIES