Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੈਸੇ ਕਾਰਨ ਸਰਬਜੀਤ ਦੇ ਪਰਿਵਾਰ ‘ਚ ਪੁਆੜਾ

Posted on July 26th, 2013


ਅੰਮ੍ਰਿਤਸਰ- ਲਾਹੌਰ ਦੀ ਕੋਟ ਲੱਖਪਤ ਜੇਲ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਇਕ ਨਵੇਂ ਵਿਵਾਦਾਂ ਦੇ ਘੇਰੇ ਵਿੱਚ ਆਇਆ ਹੋਇਆ ਹੈ। ਪਹਿਲਾਂ ਲੁਧਿਆਣਾ ਵਾਸੀ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਸਰਬਜੀਤ ਸਿੰਘ ਦਲਬੀਰ ਕੌਰ ਦਾ ਨਹੀਂ ਉਸ ਦਾ ਸਕਾ ਭਰਾ ਹੈ ਅਤੇ ਹੁਣ ਸਰਕਾਰ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਮਾਇਕ ਮਦਦ ਨੂੰ ਲੈ ਕੇ ਆਪਸੀ ਝਗੜਾ ਸ਼ੁਰੂ ਹੋ ਗਿਆ ਹੈ।


ਦਲਬੀਰ ਕੌਰ ਦੇ ਪਤੀ ਬਲਦੇਵ ਸਿੰਘ ਨੇ ਦੋਸ਼ ਲਾਇਆ ਕਿ ਉਸ ਨੇ ਸਰਬਜੀਤ ਦੀ ਰਿਹਾਈ ਲਈ ਕੀਤੇ ਖਰਚੇ ਅਤੇ ਚੁੱਕੇ ਕਰਜ਼ੇ ਦੀ ਅਦਾਇਗੀ ਲਈ ਜਦੋਂ ਰਕਮ ਮੰਗੀ ਤਾਂ ਉਸ ਖਿਲਾਫ ਪੁਲਸ ਕੋਲ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਗਈ ਹੈ। ਉਸ ਨੇ ਲੁਧਿਆਣਾ ਵਾਸੀ ਬਲਜਿੰਦਰ ਕੌਰ ਵੱਲੋਂ ਕੀਤੇ ਗਏ ਦਾਅਵੇ ਦਾ ਵੀ ਸਮਰਥਨ ਕੀਤਾ ਹੈ, ਜਦੋਂ ਕਿ ਦੂਜੇ ਪਾਸੇ ਬੀਬੀ ਦਲਬੀਰ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਦੋਸ਼ ਲਾਇਆ ਕਿ ਬਲਦੇਵ ਸਿੰਘ ਦੇ ਮਨ ਵਿੱਚ ਲਾਲਚ ਆ ਗਿਆ ਹੈ ਅਤੇ ਉਹ ਪੈਸਾ ਪ੍ਰਾਪਤ ਕਰਨ ਲਈ ਪਰਿਵਾਰ ਨੂੰ ਬਦਨਾਮ ਕਰ ਰਿਹਾ ਹੈ।


ਬਲਦੇਵ ਸਿੰਘ ਨੇ ਦਾਅਵਾ ਕੀਤਾ ਕਿ ਸਰਬਜੀਤ ਦੀ ਭੈਣ ਦਲਬੀਰ ਕੌਰ ਨਾਲ ਉਸ ਦਾ ਵਿਆਹ 1980 ‘ਚ ਹੋਇਆ ਸੀ। ਉਨ੍ਹਾਂ ਘਰ ਇਕ ਬੇਟੀ ਵੀ ਹੋਈ, ਪਰ ਉਸ ਦੀ ਮੌਤ ਹੋ ਗਈ। ਮਗਰੋਂ ਉਨ੍ਹਾਂ ਸਰਬਜੀਤ ਦੀ ਬੇਟੀ ਸਵਪਨਦੀਪ ਨੂੰ ਗੋਦ ਲੈ ਲਿਆ। ਸਰਬਜੀਤ ਦੇ ਪਾਕਿਸਤਾਨ ਵਿੱਚ ਫੜੇ ਜਾਣ ਮਗਰੋਂ ਉਸ ਦੇ ਪਰਿਵਾਰ ਦਾ ਵੀ ਸਾਰਾ ਬੋਝ ਉਸ ਉਪਰ ਪੈ ਗਿਆ। ਸਰਬਜੀਤ ਦੀ ਰਿਹਾਈ ਲਈ ਉਸ ਨੇ ਆਪਣੀ ਪਤਨੀ ਨਾਲ ਰਲ ਕੇ ਹਰ ਸੰਭਵ ਯਤਨ ਕੀਤਾ। ਇਸ ਵਾਸਤੇ ਉਸ ਨੇ ਆਪਣੀ 40 ਬਿੱਘੇ ਜ਼ਮੀਨ, ਇਕ ਪਲਾਟ, ਮਕਾਨ, ਜੇਵਰਾਤ ਆਦਿ ਵੇਚ ਦਿੱਤੇ। ਇਸ ਤੋਂ ਇਲਾਵਾ ਉਸ ਨੇ ਕਰਜ਼ਾ ਵੀ ਲਿਆ।


ਉਸ ਨੇ ਦਾਅਵਾ ਕੀਤਾ ਕਿ ਉਸ ਵੇਲੇ ਬੀਬੀ ਦਲਬੀਰ ਕੌਰ ਨੇ ਭਰੋਸਾ ਦਿੱਤਾ ਸੀ ਕਿ ਸਰਬਜੀਤ ਦੀ ਰਿਹਾਈ ਹੋਣ ਮਗਰੋਂ ਇਹ ਕਰਜ਼ਾ ਉਤਾਰ ਦੇਵਾਂਗੇ। ਭਾਵੇਂ ਸਰਬਜੀਤ ਦੀ ਰਿਹਾਈ ਨਹੀਂ ਹੋਈ ਤੇ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਸਰਕਾਰ ਨੇ ਪਰਿਵਾਰ ਦੀ ਮਾਇਕ ਮਦਦ ਵੀ ਕੀਤੀ ਹੈ। ਹੁਣ ਜਦੋਂ ਉਸ ਨੇ ਚੁੱਕੇ ਕਰਜ਼ੇ ਨੂੰ ਉਤਾਰਨ ਲਈ ਮਾਇਕ ਮਦਦ ਮੰਗੀ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਉਸ ਖਿਲਾਫ ਥਾਣਾ ਝਬਾਲ ਵਿਖੇ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ।


ਉਸ ਨੇ ਤਰਨ ਤਾਰਨ ਜ਼ਿਲੇ ਦੇ ਐਸ ਐਸ ਪੀ ਨੂੰ ਇਕ ਦਰਖਾਸਤ ਦੇ ਕੇ ਸ਼ੰਕਾ ਪ੍ਰਗਟਾਈ ਹੈ ਕਿ ਉਸ ਨੂੰ ਜਾਨੋਂ ਮਰਵਾਇਆ ਜਾ ਸਕਦਾ ਹੈ ਅਤੇ ਝੂਠੇ ਪੁਲਸ ਕੇਸ ਵਿੱਚ ਫਸਾਇਆ ਜਾ ਸਕਦਾ ਹੈ। ਥਾਣਾ ਝਬਾਲ ਦੇ ਐਸ ਐਚ ਓ ਸੁਖਦੇਵ ਸਿੰਘ ਲੁਹਾਰਕਾ ਨੇ ਇਸ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਬੀਬੀ ਦਲਬੀਰ ਕੌਰ ਨੇ ਆਪਣੇ ਪਤੀ ‘ਤੇ ਤੰਗ ਪ੍ਰੇਸ਼ਾਨ ਕਰਨ ਅਤੇ ਫੋਨ ਉਪਰ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ ਹਨ। ਇਸ ਸਬੰਧ ਵਿੱਚ ਪੁਲਸ ਨੇ ਬਲਦੇਵ ਸਿੰਘ ਕੋਲੋਂ ਪੁੱਛ ਪੜਤਾਲ ਵੀ ਕੀਤੀ ਹੈ, ਪਰ ਫਿਲਹਾਲ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।


ਇਸ ਸਬੰਧ ਵਿੱਚ ਗੱਲ ਕਰਦਿਆਂ ਬੀਬੀ ਦਲਬੀਰ ਕੌਰ ਨੇ ਪਤੀ ਬਲਦੇਵ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਖਿਆ ਕਿ ਉਸ ਦੇ ਮਨ ਵਿੱਚ ਪੈਸਾ ਦੇਖ ਕੇ ਲਾਲਚ ਆ ਗਿਆ ਹੈ ਅਤੇ ਉਹ ਪੈਸਾ ਪ੍ਰਾਪਤ ਕਰਨ ਲਈ ਪਰਿਵਾਰ ਨੂੰ ਬਦਨਾਮ ਕਰ ਰਿਹਾ ਹੈ। ਪਹਿਲਾਂ ਵੀ ਉਸ ਨੇ ਲੁਧਿਆਣਾ ਵਾਸੀ ਔਰਤ ਨੂੰ ਪਰਿਵਾਰ ਦੇ ਖਿਲਾਫ ਭੜਕਾਇਆ। ਆਪਣੇ ਮੰਤਵ ਵਿੱਚ ਸਫਲ ਨਾ ਹੋਣ ‘ਤੇ ਹੁਣ ਉਸ ਨੇ ਇਹ ਕਾਰਵਾਈ ਕੀਤੀ ਹੈ।
ਉਸ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਮਿਲੀ ਮਾਇਕ ਮਦਦ ਸਰਬਜੀਤ ਦੀਆਂ ਬੱਚੀਆਂ ਕੋਲ ਹੈ ਅਤੇ ਉਸ ਦਾ ਇਸ ਮਾਇਕ ਮਦਦ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਸ ਨੇ ਆਖਿਆ ਕਿ ਜਦੋਂ ਉਹ ਸਰਬਜੀਤ ਦੀ ਰਿਹਾਈ ਲਈ ਲੜਾਈ ਲੜ ਰਹੀ ਸੀ ਤਾਂ ਉਸ ਨੇ ਅਜਿਹੇ ਅੰਤ ਬਾਰੇ ਕਦੇ ਨਹੀਂ ਸੋਚਿਆ ਸੀ ਅਤੇ ਨਾ ਹੀ ਉਸ ਨੂੰ ਸਰਕਾਰ ਵੱਲੋਂ ਮਾਇਕ ਮਦਦ ਦੀ ਉਮੀਦ ਸੀ। ਉਸ ਨੂੰ ਆਪਣੇ ਭਰਾ ਦੀ ਮੌਤ ਦੇ ਬਦਲੇ ਮਿਲੇ ਇਸ ਪੈਸੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਹ ਅੱਜ ਵੀ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਹੁਣ ਵੀ ਦਿੱਲੀ ਵਿਖੇ ਛੋਟੀ ਬੇਟੀ ਨੂੰ ਚੰਗੀ ਨੌਕਰੀ ਮਿਲ ਸਕੇ, ਲਈ ਯਤਨ ਕਰ ਰਹੀ ਹੈ।



Archive

RECENT STORIES