Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. ਦੀਆਂ ਟਰੱਕ ਕੰਪਨੀਆਂ ਦੇ ਮਾਲਕ ਟਰੱਕ ਡੀਲਰਸ਼ਿਪ ਦੇ ਰਵੱਈਏ ਤੋਂ ਪ੍ਰੇਸ਼ਾਨ

Posted on July 26th, 2013

<p>ਬੀ. ਸੀ. ਦੀਆਂ ਵੱਡੀਆਂ ਤੇ ਨਾਮਵਰ ਟਰੱਕ ਕੰਪਨੀਆਂ ਦੇ ਮਾਲਕ<br></p>

ਸਾਂਝੀ ਜਥੇਬੰਦੀ ਬਣਾ ਕੇ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਤਿਆਰੀ

ਸਰੀ (ਗੁਰਪ੍ਰੀਤ ਸਿੰਘ ਸਹੋਤਾ)-ਬੀ. ਸੀ. ਦੀਆਂ ਵੱਡੀਆਂ ਤੇ ਨਾਮਵਰ ਟਰੱਕ ਕੰਪਨੀਆਂ ਦੇ ਮਾਲਕਾਂ ਵਲੋਂ ਬੁੱਧਵਾਰ ਦੁਪਹਿਰ ਸਰੀ ਵਿਖੇ ਸਥਾਨਕ ਪੰਜਾਬੀ ਮੀਡੀਏ ਨਾਲ ਇੱਕ ਪ੍ਰੈੱਸ ਕਾਨਫਰੰਸ ਉਲੀਕੀ ਗਈ, ਜਿਸ ਦੌਰਾਨ ਉਨ੍ਹਾਂ ਆਪਣੇ ਦੁੱਖੜੇ ਰੋਂਦਿਆਂ ਦੱਸਿਆ ਕਿ ਇੱਕ ਸਥਾਨਕ ਟਰੱਕ ਡੀਲਰਸ਼ਿਪ ਦੇ ਰਵੱਈਏ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਵਪਾਰ ਚੌਪਟ ਹੋ ਰਿਹਾ ਹੈ | ਕੋਈ ਵੀ ਵਾਹ ਨਾ ਚੱਲਦੀ ਹੋਣ ਕਾਰਨ ਹੁਣ ਇਹ ਟਰਾਂਸਪੋਰਟਰ ਸਾਂਝੀ ਜਥੇਬੰਦੀ ਬਣਾ ਕੇ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਤਿਆਰੀ ਕਰੀ ਬੈਠੇ ਹਨ |


ਦੋ ਦਰਜਨ ਦੇ ਕਰੀਬ ਵੱਡੀਆਂ ਤੇ ਨਾਮਵਰ ਟਰੱਕ ਕੰਪਨੀਆਂ ਦੇ ਮਾਲਕਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਥਾਨਕ 'ਹਾਰਬਰ ਇੰਟਰਨੈਸ਼ਨਲ ਟਰੱਕ ਡੀਲਰਸ਼ਿਪ' ਦੇ ਸੇਲਜ਼ਮੈਨਾਂ ਵਲੋਂ ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਇਹ ਕਹਿੰਦਿਆਂ ਟਰੱਕ ਵੇਚੇ ਗਏ ਸਨ ਕਿ ਅਗਲੇ 5 ਸਾਲ ਤੱਕ ਟਰੱਕ 'ਚ ਪਏ ਕਿਸੇ ਵੀ ਨੁਕਸ ਨੂੰ ਡੀਲਰਸ਼ਿਪ ਵਾਰੰਟੀ ਰਾਹੀਂ ਮੁਫਤ 'ਚ ਠੀਕ ਕਰਕੇ ਦੇਵੇਗੀ | ਅਜਿਹੀ ਪੇਸ਼ਕਸ਼ ਦੌਰਾਨ ਇਨ੍ਹਾਂ ਟਰਾਂਸਪੋਰਟਰਾਂ, ਜਿਨ੍ਹਾਂ 'ਚੋਂ ਬਹੁਤੇ ਪੰਜਾਬੀ ਹਨ, ਨੇ ਧੜਾ-ਧੜ 200 ਤੋਂ ਵਧੇਰੇ ਟਰੱਕ ਖਰੀਦ ਲਏ, ਜਿਨ੍ਹਾਂ ਦੀ ਕੀਮਤ ਡੇਢ ਲੱਖ ਡਾਲਰ ਪ੍ਰਤੀ ਟਰੱਕ ਦੇ ਕਰੀਬ ਸੀ | ਕੁਝ ਸਮਾਂ ਬਾਅਦ ਹੀ ਟਰੱਕਾਂ 'ਚ ਖਰਾਬੀ ਆਉਣ ਲੱਗ ਪਈ | ਜਦ ਇਸ ਸਬੰਧੀ ਵਾਰੰਟੀ ਨੂੰ ਵਰਤਦਿਆਂ ਡੀਲਰਸ਼ਿਪ ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਕਦੇ ਪੁਰਜ਼ਿਆਂ ਦੀ ਕਮੀ ਤੇ ਕਦੇ ਮਕੈਨਕਾਂ ਦੀ ਕਮੀ ਦਾ ਬਹਾਨਾ ਲਾ ਕੇ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਆਰੰਭ ਦਿੱਤਾ | ਜਿਹੜੇ ਨੁਕਸ ਨੂੰ ਦੂਜੀਆਂ ਡੀਲਰਸ਼ਿਪਾਂ ਕੇਵਲ 2-3 ਦਿਨ 'ਚ ਠੀਕ ਕਰ ਦਿੰਦੀਆਂ ਹਨ, ਉਸ ਲਈ ਮਹੀਨਾ-ਮਹੀਨਾ ਲਾਇਆ ਜਾ ਰਿਹਾ ਹੈ | ਮਹੀਨੇ ਦਾ 25-26 ਹਜ਼ਾਰ ਡਾਲਰ ਕਮਾਉਣ ਵਾਲੇ ਇੱਕ ਖੜ੍ਹੇ ਟਰੱਕ ਦਾ ਉਲਟਾ 10 ਹਜ਼ਾਰ ਡਾਲਰ ਦਾ ਪੱਲਿਓਾ ਖਰਚਾ ਇਨ੍ਹਾਂ ਸਿਰ ਪੈ ਰਿਹਾ ਹੈ | ਨਾਲ ਹੀ ਕੋਈ ਡਰਾਇਵਰ ਇਸ ਮਾਅਰਕੇ ਦੇ ਟਰੱਕ ਨੂੰ ਚਲਾਉਣ ਲਈ ਰਾਜ਼ੀ ਨਹੀਂ ਹੋ ਰਿਹਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੰਮ ਟੁੱਟਣ ਦਾ ਖਤਰਾ ਰਹਿੰਦਾ ਹੈ | ਡੀਲਰਸ਼ਿਪ ਨਾਲ ਕਈ ਵਾਰ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਇਸਦਾ ਕੋਈ ਕਾਰਗਰ ਪ੍ਰਭਾਵ ਨਹੀਂ ਪੈ ਸਕਿਆ | ਡੀਲਰਸ਼ਿਪ ਕੋਲ ਟਰੱਕ ਵਾਪਸ ਖਰੀਦ ਲੈਣ ਲਈ ਵੀ ਪਹੁੰਚ ਕੀਤੀ ਗਈ ਪਰ ਹੁਣ ਉਹ ਡੇਢ ਲੱਖ ਕੀਮਤ ਵਾਲੇ ਇੱਕ ਟਰੱਕ ਦਾ ਮੁੱਲ ਮਹਿਜ਼ 20 ਹਜ਼ਾਰ ਡਾਲਰ ਪਾ ਰਹੇ ਹਨ | 


ਅਜਿਹੀ ਪ੍ਰੇਸ਼ਾਨੀ ਭਰੇ ਦੌਰ 'ਚ ਇਨ੍ਹਾਂ ਟਰਾਂਸਪੋਰਟਰਾਂ ਨੇ ਮੀਡੀਏ ਰਾਹੀਂ ਇਹ ਮੁੱਦਾ ਚੁੱਕਣ ਦੀ ਠਾਣੀ ਹੈ ਤਾਂ ਕਿ ਸਾਰੇ ਟਰੱਕ ਮਾਲਕਾਂ ਵਲੋਂ ਇੱਕ ਸਾਂਝੀ ਜਥੇਬੰਦੀ ਬਣਾ ਕੇ ਡੀਲਰਸ਼ਿਪ ਤੇ ਟਰੱਕ ਕੰਪਨੀ ਨੂੰ ਅਦਾਲਤ ਅੱਗੇ ਜਵਾਬਦੇਹ ਬਣਾਇਆ ਜਾ ਸਕੇ | ਡੀਲਰਸ਼ਿਪ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਪਰ ਖਬਰ ਲਿਖੇ ਜਾਣ ਤੱਕ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ |



Archive

RECENT STORIES