Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

18 ਸਾਲਾਂ ਬਾਅਦ ਸੁਣੀ ਗਈ...

Posted on July 27th, 2013

<p>Members of Surrey Rate Payers Association</p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਰੀ ਵਿੱਚ ਵੱਡੀਆਂ ਲਾਟਾਂ 'ਤੇ ਵੱਡੇ ਘਰ ਬਣਾਉਣ ਲਈ ਸਥਾਨਕ ਪੰਜਾਬੀਆਂ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਉਦੋਂ ਪੂਰੀ ਹੋ ਗਈ ਜਦ ਸੋਮਵਾਰ ਰਾਤ ਸਿਟੀ ਕੌਂਸਲ ਨੇ ਨਵੇਂ ਕਾਨੂੰਨ ਨੂੰ ਜਨਤਕ ਇਕੱਠ ਵਿੱਚ ਝੰਡੀ ਦੇ ਦਿੱਤੀ। ਜ਼ਿਕਰਯੋਗ ਹੈ ਕਿ 18 ਸਾਲ ਪਹਿਲਾਂ ਸਿਟੀ ਕੌਂਸਲ ਨੇ ਵੱਡੀਆਂ ਲਾਟਾਂ 'ਤੇ ਸਿਰਫ 3550 ਸੁਕੇਅਰ ਫੁੱਟ ਤੱਕ ਹੀ ਘਰ ਬਣਾ ਸਕਣ ਦੀ ਪਾਬੰਦੀ ਆਇਦ ਕਰ ਦਿੱਤੀ ਸੀ। ਉਦੋਂ ਤੋਂ ਲੈ ਕੇ ਸਥਾਨਕ ਪੰਜਾਬੀਆਂ ਵਲੋਂ ਵੱਡੇ ਘਰ ਬਣਾਉਣ ਦੀ ਮੰਗ ਇਸ ਆਧਾਰ 'ਤੇ ਕੀਤੀ ਜਾ ਰਹੀ ਸੀ ਕਿਉਂਕਿ ਬਹੁਤੇ ਪੰਜਾਬੀ ਸੰਯੁਕਤ ਪਰਿਵਾਰਾਂ 'ਚ ਰਹਿੰਦੇ ਹੋਣ ਕਾਰਨ ਉਨ੍ਹਾਂ ਲਈ ਇਹ ਘਰ ਛੋਟੇ ਪੈ ਰਹੇ ਸਨ। ਆਪਣੀ ਲੋੜ ਪੂਰੀ ਕਰਨ ਲਈ ਬਹੁਤਿਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘਰ ਵਧਾ ਲਏ, ਜਿਸ ਕਾਰਣ ਪ੍ਰਸਾਸ਼ਨ ਉਨ੍ਹਾਂ 'ਚੋਂ ਕਈਆਂ ਨੂੰ ਅਦਾਲਤ 'ਚ ਲੈ ਗਿਆ, ਜਿਸ ਕਾਰਨ ਦੋਵੇਂ ਧਿਰਾਂ ਦੀ ਸਿਰਦਰਦੀ ਵਧਦੀ ਗਈ।


ਇਸ ਜਨਤਕ ਇਕੱਠ ਵਿੱਚ 200 ਦੇ ਕਰੀਬ ਸਰੀ ਨਿਵਾਸੀ ਪੁੱਜੇ, ਜਿਨ੍ਹਾਂ 'ਚੋਂ ਕਈਆਂ ਨੇ ਇਸ ਮਤੇ ਦੇ ਹੱਕ ਅਤੇ ਵਿਰੋਧ 'ਚ ਤਕਰੀਰਾਂ ਵੀ ਕੀਤੀਆਂ। ਪਰ ਇਨ੍ਹਾਂ 'ਚੋਂ 164 ਵਿਅਕਤੀਆਂ ਨੇ ਘਰਾਂ ਦਾ ਆਕਾਰ ਵਧਾਉਣ ਦੇ ਹੱਕ 'ਚ ਸਹੀ ਪਾਈ। ਇਸ ਫੈਸਲੇ ਨਾਲ ਸਰੀ ਦੇ ਘਰ ਮਾਲਕਾਂ, ਬਿਲਡਰਾਂ ਤੇ ਨਕਸ਼ੇ ਬਣਾਉਣ ਵਾਲੇ ਡਿਜ਼ਾਈਨਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਸਭ ਨੂੰ ਆਸ ਹੈ ਕਿ ਇਸ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਗੈਰ-ਕਾਨੂੰਨੀ ਉਸਾਰੀ ਬਹੁਤ ਹੱਦ ਤੱਕ ਰੁਕ ਜਾਵੇਗੀ। ਇਸ ਫੈਸਲੇ ਤੋਂ ਬਾਅਦ ਅਜਿਹੀਆਂ ਲਾਟਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਸਫਲਤਾ ਦਾ ਸਿਹਰਾ 'ਸਰੀ ਰੇਟ ਪੇਅਰਜ਼ ਐਸੋਸੀਏਸ਼ਨ' ਸਿਰ ਬੱਝਦਾ ਹੈ, ਜਿਸਨੇ ਸਾਲਾਂਬੱਧੀ ਇਸ ਮਸਲੇ 'ਤੇ ਲਾਮਬੰਦੀ ਕਰਕੇ ਸਿਟੀ ਸਟਾਫ ਅਤੇ ਕੌਂਸਲ ਨੂੰ ਮਨਾਇਆ। ਐਸੋਸੀਏਸ਼ਨ ਨਾਲ ਜੁੜੇ ਸ. ਜਸਵਿੰਦਰ ਸਿੰਘ ਬਦੇਸ਼ਾ, ਸ. ਕੁਲਵਿੰਦਰ ਸਿੰਘ ਬਾਸੀ, ਅਵਤਾਰ ਸਿੰਘ ਥਿੰਦ, ਸ. ਕੁਲਦੀਪ ਸਿੰਘ ਸੇਖੋਂ, ਸ. ਰਾਮਪਾਲ ਸਿੰਘ, ਸ. ਰਣਜੀਤ ਸਿੰਘ, ਸ. ਦਿਲਬਾਗ ਸਿੰਘ ਰੰਧਾਵਾ, ਮੰਡ ਭਰਾ, ਸ. ਜਤਿੰਦਰਪਾਲ ਸਿੰਘ ਗਿੱਲ ਅਤੇ ਸਾਥੀਆਂ ਵਲੋਂ ਨੇਪਰੇ ਚਾੜ੍ਹੇ ਗਏ ਇਸ ਕਾਰਜ ਲਈ ਭਾਈਚਾਰਾ ਇਨ੍ਹਾਂ ਵਾਲੰਟੀਅਰਾਂ ਦਾ ਸ਼ੁਕਰਗੁਜ਼ਾਰ ਰਹੇਗਾ।

ਨਵੇਂ ਕਾਨੂੰਨ ਅਨੁਸਾਰ ਕਿਹੋ ਜਿਹਾ ਬਣ ਸਕੇਗਾ ਨਵਾਂ ਘਰ?

ਵੱਡੀ ਲਾਟ ਤੋਂ ਭਾਵ ਉਸ ਲਾਟ ਤੋਂ ਹੈ, ਜੋ 6000 ਸੁਕੇਅਰ ਫੁੱਟ ਜਾਂ ਇਸ ਤੋਂ ਵੱਧ ਹੈ ਅਤੇ ਇਸ ਵੇਲੇ ਆਰ. ਐਫ਼. ਜ਼ੋਨਿੰਗ ਅਧੀਨ ਹੈ। ਲੈਂਡ ਯੂਜ਼ ਲਾਟਾਂ, ਜਿਨ੍ਹਾਂ ਨੂੰ ਐਲ਼. ਯੂ. ਸੀ. ਲਾਟ ਵੀ ਕਿਹਾ ਜਾਂਦਾ ਹੈ, 'ਤੇ ਪਹਿਲਾਂ ਹੀ ਵੱਡਾ ਘਰ ਬਣਾਉਣ ਦੀ ਖੁੱਲ੍ਹ ਹੈ। 


ਆਰ. ਐਫ਼. ਜ਼ੋਨਿੰਗ ਅਧੀਨ ਪੈਂਦੀਆਂ ਲਾਟਾਂ 'ਤੇ ਪਹਿਲਾਂ 0.48 ਫੀਸਦੀ ਹੀ ਛੱਤਿਆ ਜਾ ਸਕਦਾ ਸੀ ਪਰ ਨਵੇਂ ਕਾਨੂੰਨ ਮੁਤਾਬਿਕ ਪਹਿਲੇ 6000 ਸੁਕੇਅਰ ਫੁੱਟ 'ਤੇ 0.60 ਫੀਸਦੀ ਅਤੇ ਉਸ ਤੋਂ ਬਾਅਦ ਬਚਦੀ ਲਾਟ 'ਤੇ 0.35 ਫੀਸਦੀ ਛੱਤਿਆ ਜਾ ਸਕੇਗਾ। ਮਿਸਾਲ ਦੇ ਤੌਰ 'ਤੇ 6000 ਸੁਕੇਅਰ ਫੁੱਟ ਲਾਟ 'ਤੇ ਪਹਿਲਾਂ 2900 ਸੁਕੇਅਰ ਫੁੱਟ ਦੋ ਮੰਜ਼ਿਲਾ ਘਰ ਬਣਾਇਆ ਜਾ ਸਕਦਾ ਸੀ, ਪਰ ਨਵੇਂ ਕਾਨੂੰਨ ਮੁਤਾਬਿਕ 6000 ਸੁਕੇਅਰ ਫੁੱਟ ਲਾਟ 'ਤੇ 3600 ਸੁਕੇਅਰ ਫੁੱਟ ਘਰ ਬਣ ਸਕੇਗਾ। ਪਿਛਲੇ ਸਮੇਂ 'ਚ ਲਾਟ ਚਾਹੇ 7400 ਸੁਕੇਅਰ ਫੁੱਟ ਹੋਵੇ, 8000 ਹੋਵੇ ਜਾਂ 10,000 ਹੋਵੇ ਘਰ ਸਿਰਫ 3550 ਸੁਕੇਅਰ ਫੁੱਟ ਹੀ ਛੱਤਿਆ ਜਾ ਸਕਦਾ ਸੀ ਪਰ ਨਵੇਂ ਸੁਝਾਏ ਗਏ ਫਾਰਮੂਲੇ ਅਨੁਸਾਰ 8000 ਸੁਕੇਅਰ ਫੁੱਟ ਲਾਟ 'ਤੇ 4300 ਸੁਕੇਅਰ ਫੁੱਟ ਅਤੇ 9000 ਸੁਕੇਅਰ ਫੁੱਟ ਲਾਟ 'ਤੇ 4650 ਸੁਕੇਅਰ ਫੁੱਟ ਘਰ ਛੱਤਿਆ ਜਾ ਸਕੇਗਾ। ਇਸ ਜ਼ੋਨਿੰਗ ਅਧੀਨ ਵੱਧ ਤੋਂ ਵੱਧ 5000 ਸੁਕੇਅਰ ਫੁੱਟ ਘਰ ਹੀ ਬਣ ਸਕੇਗਾ। ਇਹ ਸੁਕੇਅਰ ਫੁੱਟ ਦੋ ਮੰਜ਼ਿਲਾ ਘਰ ਲਈ ਹਨ, ਜਿਨ੍ਹਾਂ ਥਾਵਾਂ 'ਤੇ ਤਿੰਨ ਸਟੋਰੀ ਘਰ ਬਣ ਸਕਦੇ ਹਨ, ਉੱਥੇ ਬੇਸਮੈਂਟ ਦੇ ਸੁਕੇਅਰ ਫੁੱਟ ਹੋਰ ਜੁੜ ਜਾਣਗੇ। ਇਸ ਫਾਰਮੂਲੇ ਨਾਲ ਕੁਝ ਹੋਰ ਸ਼ਰਤਾਂ ਵੀ ਲਾਗੂ ਹੋਣਗੀਆਂ।


ਇਸ ਦੇ ਨਾਲ ਹੀ ਬਾਹਰ ਛੱਤੇ ਜਾਣ ਵਾਲੇ ਡੈੱਕ ਛੋਟੇ ਕਰ ਦਿੱਤੇ ਗਏ ਹਨ। ਹੁਣ ਸਨਡੈੱਕ ਕੁੱਲ ਛਤੌਤ ਦਾ 10 ਫੀਸਦੀ ਤੱਕ ਹੀ ਬਣ ਸਕੇਗਾ, ਇਸਤੋਂ ਵੱਧ ਨਹੀਂ, ਕਿਉਂਕਿ ਬਹੁਤੇ ਲੋਕ ਛੱਤੇ ਹੋਏ ਡੈੱਕ ਨੂੰ ਬਾਅਦ ਵਿੱਚ ਕਮਰੇ ਬਣਾਉਣ ਲਈ ਵਰਤ ਰਹੇ ਸਨ। ਇਸ ਦੇ ਨਾਲ ਹੀ ਕਈ ਲੋਕ ਘਰ ਦੀ ਛੱਤ ਉੱਪਰ ਤੱਕ ਖੁੱਲ੍ਹੀ ਰੱਖ ਲੈਂਦੇ ਹਨ ਪਰ ਬਾਅਦ ਵਿੱਚ ਫੱਟੇ ਪਾ ਕੇ ਉੱਪਰ-ਥੱਲੇ ਦੋ ਕਮਰੇ ਬਣਾ ਲੈਂਦੇ ਹਨ, ਇਸ ਨੂੰ ਰੋਕਣ ਲਈ ਨਵੇਂ ਕਾਨੂੰਨ 'ਚ ਵਿਵਸਥਾ ਹੈ। ਉੱਪਰ ਤੱਕ ਖੁੱਲੀ ਛੱਡੀ ਗਈ ਛੱਤ ਦੇ ਸੁਕੇਅਰ ਫੁੱਟ ਦੁੱਗਣੇ ਗਿਣੇ ਜਾਣਗੇ, ਜਿਵੇਂ ਕਿ ਹੁਣ ਵੀ ਬਰਨਬੀ ਅਤੇ ਰਿਚਮੰਡ ਵਿੱਚ ਗਿਣੇ ਜਾਂਦੇ ਬਹਨ। ਪੂਰੇ ਘਰ 'ਚ ਕੇਵਲ 200 ਸੁਕੇਅਰ ਫੁੱਟ ਤੱਕ ਹੀ ਖੁੱਲ੍ਹੀ ਉੱਚੀ ਛੱਤ ਰੱਖੀ ਜਾ ਸਕੇਗੀ, ਜੋ ਕਿ ਅਕਸਰ ਘਰ ਦੀ ਐਂਟਰੀ ਜਾਂ ਪੌੜੀਆਂ ਵਾਸਤੇ ਰੱਖੀ ਜਾਂਦੀ ਹੈ।
ਘਰ ਦੇ ਗੈਰਾਜ ਦਾ ਆਕਾਰ ਵੀ 20 ਸੁਕੇਅਰ ਫੁੱਟ ਦੇ ਕਰੀਬ ਵਧਾ ਦਿੱਤਾ ਗਿਆ ਹੈ ਤਾਂ ਕਿ ਦੋ ਗੱਡੀਆਂ ਸੌਖੀਆਂ ਗੈਰਾਜ ਵਿੱਚ ਲੱਗ ਸਕਣ, ਜਿਸ ਨਾਲ ਸੜਕਾਂ 'ਤੇ ਕਾਰਾਂ ਖੜ੍ਹੀਆਂ ਹੋਣ ਕਾਰਨ ਆ ਰਹੀ ਟਰੈਫਿਕ ਦੀ ਸਮੱਸਿਆ ਦਾ ਹੱਲ ਨਿਕਲ ਸਕੇ। ਘਰ ਦੇ ਅੱਗੇ ਘੱਟੋ-ਘੱਟ 160 ਸੁਕੇਅਰ ਫੁੱਟ ਜਗ੍ਹਾ ਵਰਾਂਡੇ ਦੇ ਰੂਪ ਵਿੱਚ ਜ਼ਰੂਰ ਛੱਡਣੀ ਪਵੇਗੀ। 3 ਸਟੋਰੀ ਘਰਾਂ 'ਚ ਬੇਸਮੈਂਟਾਂ ਨੂੰ ਜਾਣ ਵਾਸਤੇ ਬਣਾਏ ਗਏ ਸਥਾਨ (ਵਿੰਡੋ ਵੈੱਲ) ਦਾ ਘੇਰਾ ਵੀ ਘਟਾ ਕੇ ਵੱਧ ਤੋਂ ਵੱਧ 140 ਸੁਕੇਅਰ ਫੁੱਟ ਕਰ ਦਿੱਤਾ ਗਿਆ ਹੈ। ਨਵੇਂ ਕਾਨੂੰਨ ਮੁਤਾਬਿਕ ਹਰੇਕ ਘਰ 'ਚ 968 ਸੁਕੇਅਰ ਫੁੱਟ ਤੱਕ ਦੀ ਕਾਨੂੰਨੀ ਬੇਸਮੈਂਟ ਵੀ ਬਣਾਈ ਜਾ ਸਕੇਗੀ।


ਗੈਰ-ਕਾਨੂੰਨੀ ਤਰੀਕੇ ਨਾਲ ਵਧਾਏ ਘਰਾਂ ਦੇ ਮਾਲਕਾਂ ਲਈ ਕੋਈ ਰਾਹਤ ਨਹੀਂ


ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਡੈੱਕ ਛੱਤ ਕੇ ਜਾਂ ਘਰਾਂ ਦੇ ਅੰਦਰ ਫੱਟੇ ਪਾ ਕੇ ਆਪਣੇ ਘਰ ਵੱਡੇ ਕੀਤੇ ਹਨ ਜਾਂ ਗੈਰ-ਕਾਨੂੰਨੀ ਬੇਸਮੈਂਟਾਂ ਬਣਾਈਆਂ ਹੋਈਆਂ ਹਨ ਅਤੇ ਇਸ ਵਕਤ ਉਨ੍ਹਾਂ ਦਾ ਸਿਟੀ ਆਫ ਸਰੀ ਨਾਲ ਵਿਵਾਦ ਚੱਲ ਰਿਹਾ ਹੈ, ਉਨ੍ਹਾਂ ਲਈ ਇਸ ਕਾਨੂੰਨ ਵਿੱਚ ਕੁਝ ਵੀ ਨਹੀਂ ਹੈ।

ਦੱਸਣਯੋਗ ਹੈ ਕਿ 1995 ਦੇ ਕਰੀਬ ਉਦੋਂ ਦੇ ਮੇਅਰ ਬੌਬ ਬੌਸ ਦੇ ਕਾਰਜਕਾਲ 'ਚ ਘਰ ਬਣਾਉਣ ਦੀ ਸੀਮਾ 3550 ਸੁਕੇਅਰ ਫੁੱਟ ਮਿੱਥੀ ਗਈ ਸੀ ਪਰ ਉਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਘਰ ਵਧਾ ਲਏ। ਪਹਿਲਾਂ ਤਾਂ ਇਸ ਸਬੰਧੀ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਸ਼ਿਕਾਇਤਾਂ 'ਚ ਵਾਧੇ ਉਪਰੰਤ 2006 ਤੋਂ ਬਾਅਦ ਇਨ੍ਹਾਂ ਘਰਾਂ 'ਤੇ ਸਖਤੀ ਵਧਾ ਦਿੱਤੀ ਗਈ। ਇਸ ਵਕਤ ਸ਼ਹਿਰ 'ਚ ਸੈਂਕੜੇ ਅਜਿਹੇ ਘਰ ਹਨ, ਜਿਨ੍ਹਾਂ ਦੇ ਮਾਲਕਾਂ ਦਾ ਸਿਟੀ ਆਫ ਸਰੀ ਨਾਲ ਇਸ ਸਬੰਧੀ ਵਿਵਾਦ ਚੱਲ ਰਿਹਾ ਹੈ।

ਆਮ ਕੇਸ ਵਿੱਚ ਇਹੀ ਹੁੰਦਾ ਹੈ ਕਿ ਕੋਈ ਵਿਅਕਤੀ ਕਿਸੇ ਅਜਿਹੇ ਘਰ ਦੇ ਮਾਲਕ ਦੀ ਸਿਟੀ ਕੋਲ ਸ਼ਿਕਾਇਤ ਕਰ ਦਿੰਦਾ ਹੈ ਕਿ ਇਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘਰ ਵਧਾਇਆ ਹੈ। ਕੁਝ ਚਿਰ ਚਿੱਠੀ ਪੱਤਰ ਅਤੇ ਇੰਸਪੈਕਸ਼ਨਾਂ ਤੋਂ ਬਾਅਦ ਸਿਟੀ ਆਫ ਸਰੀ ਵਲੋਂ ਅਜਿਹੇ ਘਰਾਂ 'ਤੇ 'ਸਟੌਪ ਆਰਡਰ' ਲਗਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਅਦਾਲਤ 'ਚ ਲਿਜਾਇਆ ਜਾਂਦਾ ਹੈ। ਕਿਉਂਕਿ ਇਹ ਉਸਾਰੀ ਕਾਨੂੰਨ ਦੇ ਉਲਟ ਹੋਈ ਹੁੰਦੀ ਹੈ, ਇਸ ਕਾਰਨ ਅਦਾਲਤ ਘਰ ਦੇ ਮਾਲਕ ਨੂੰ ਕੀਤੀ ਹੋਈ ਉਸਾਰੀ ਢਾਹੁਣ ਦੇ ਜਾਂ ਫਿਰ ਇਸ ਦੀ ਜ਼ੋਨਿੰਗ ਬਦਲਾ ਕੇ ਘਰ ਨੂੰ ਦੁਬਾਰਾ ਪਾਸ ਕਰਵਾਉਣ ਦੇ ਆਦੇਸ਼ ਦਿੰਦੀ ਹੈ। ਘਰ ਦੀ ਉਸਾਰੀ ਢਾਹੁਣੀ ਤਾਂ ਸੰਭਵ ਨਹੀਂ ਹੁੰਦੀ ਪਰ ਘਰ ਦਾ ਮਾਲਕ ਸਿਟੀ ਸਟਾਫ ਕੋਲ ਜਾ ਕੇ ਘਰ ਦੀ ਜ਼ੋਨਿੰਗ ਬਦਲਾਉਣ ਲਈ ਅਰਜ਼ੀ ਦੇਣਾ ਚਾਹੁੰਦਾ ਹੈ, ਜਿਸ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ। ਅਜਿਹੀ ਹਾਲਤ ਵਿੱਚ ਘਰ 'ਤੇ ਸੀ. ਪੀ. ਐਲ਼. (ਸਰਟੀਫੀਕੇਟ ਆਫ ਪੈਂਡਿੰਗ ਲਿਟੀਗੇਸ਼ਨ) ਪਾ ਦਿੱਤੀ ਜਾਂਦੀ ਹੈ ਜਾਣੀਕਿ ਕਾਗਜ਼ੀ ਤੌਰ 'ਤੇ ਘਰ ਦੇ ਟਾਈਟਲ 'ਤੇ ਲਿਖ ਦਿੱਤਾ ਜਾਂਦਾ ਹੈ ਕਿ ਇਸ ਘਰ ਦੇ ਮਾਲਕ ਦਾ ਸਿਟੀ ਆਫ ਸਰੀ ਨਾਲ ਵਿਵਾਦ ਚੱਲ ਰਿਹਾ ਹੈ। ਜਦ ਕੋਈ ਮਾਲਕ ਅਜਿਹਾ ਘਰ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਖਰੀਦਣ ਲਈ ਕੋਈ ਵੀ ਰਾਜ਼ੀ ਨਹੀਂ ਹੁੰਦਾ। ਸਰੀ ਵਿੱਚ ਅਜਿਹੇ ਸੈਂਕੜੇ ਘਰਾਂ ਦੇ ਮਾਲਕ ਮੌਜੂਦ ਹਨ, ਜੋ ਇਸ ਵਿਵਾਦ ਕਾਰਨ ਮਾਨਸਿਕ ਤਣਾਓ 'ਚ ਹਨ। ਕਈ ਤਾਂ ਅਜਿਹੇ ਵੀ ਹਨ, ਜਿਨ੍ਹਾਂ ਨੇ ਬਣਿਆ-ਬਣਾਇਆ ਘਰ ਖਰੀਦਿਆ ਪਰ ਹੁਣ ਕਿਸੇ ਦੀ ਕਰਨੀ ਉਨ੍ਹਾਂ ਨੂੰ ਭਰਨੀ ਪੈ ਰਹੀ ਹੈ।



Archive

RECENT STORIES