Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐਵੇਂ ਈ ਨਹੀਂ ਚੱਲਦੇ ਦਸਤਾਰ ਸਜਾ ਕੇ ਮੋਟਰ ਸਾਇਕਲ...............................ਬੀ. ਸੀ. ਵਿੱਚ ਦਸਤਾਰ ਮਸਲੇ 'ਤੇ ਜਿੱਤ ਦੀ ਕਹਾਣੀ ਸ. ਅਵਤਾਰ ਸਿੰਘ ਢਿੱਲੋਂ ਦੀ ਜ਼ਬਾਨੀ

Posted on July 27th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀ. ਸੀ. ਵਿੱਚ ਦਸਤਾਰ ਸਜਾ ਕੇ ਮਹਿੰਗੇ ਮੋਟਰ ਸਾਇਕਲਾਂ 'ਤੇ ਸਵਾਰ ਹੋ ਕੇ ਘੁੰਮਦੇ ਗੱਭਰੂ ਮੱਲੋ-ਮੱਲੀ ਸਭ ਦਾ ਧਿਆਨ ਖਿੱਚਦੇ ਹਨ ਪਰ 1999 ਤੋਂ ਬਾਅਦ ਬੀ. ਸੀ. ਵਿੱਚ ਵਸਣ ਵਾਲੇ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਦਸਤਾਰ ਸਜਾ ਕੇ ਮੋਟਰ ਸਾਇਕਲ ਚਲਾਉਣ ਦਾ ਹੱਕ ਲੈਣ ਲਈ ਇੱਕ ਸਿੱਖ ਸ. ਅਵਤਾਰ ਸਿੰਘ ਢਿੱਲੋਂ ਨੇ ਭਾਈਚਾਰੇ ਦੇ ਸਹਿਯੋਗ ਨਾਲ ਪੱਲਿਓਂ ਕੇਸ ਲੜ ਕੇ ਕਿੰਝ ਇਹ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਸ਼ਾਨਦਾਰ ਇਤਿਹਾਸਕ ਪ੍ਰਾਪਤੀ ਨੂੰ ਸ. ਅਵਤਾਰ ਸਿੰਘ ਢਿੱਲੋਂ ਦੀ ਜ਼ਬਾਨੀ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ:

ਮੇਰੇ ਪਿਤਾ ਦਾ ਨਾਮ ਸਰਦਾਰ ਨਿਰੰਜਨ ਸਿੰਘ ਹੈ। ਪਿੰਡ ਡੀਂਗਰੀਆਂ ਮਜ਼ਾਰਾ ਜ਼ਿਲਾ ਹੁਸ਼ਿਆਰਪੁਰ (ਪੰਜਾਬ) ਵਿਖੇ ਮੁੱਢਲੀ ਪੜਾਈ ਮਿਡਲ ਤੱਕ ਆਪਣੇ ਪਿੰਡ ਵਿਖੇ ਹੀ ਕੀਤੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਬਾਲਾਘਾਟ ਵਿਖੇ ਬੀ. ਏ. ਤੱਕ ਦੀ ਵਿੱਦਿਆ ਹਾਸਲ ਕੀਤੀ। ਗੁਰਸਿੱਖੀ ਦੀ ਦਾਤ ਆਪਣੇ ਬਜ਼ੁਰਗਾਂ ਪਾਸੋਂ ਵਿਰਾਸਤ ਵਿੱਚ ਮਿਲੀ। ਦਸਤਾਰ ਵਾਲੇ ਵਿਅਕਤੀ ਦਾ ਪੰਜਾਬ ਤੋਂ ਬਾਹਰ ਬਹੁਤ ਮਾਣ ਸਤਿਕਾਰ ਸੀ। ਇਸ ਦਾ ਅਸਰ ਦਾਸ ਦੇ ਦਿਲ 'ਤੇ ਬਹੁਤ ਭਾਰੀ ਹੋਇਆ। ਇਸ ਨੂੰ ਸਦਾ ਬਣਾਈ ਰੱਖਣ ਦਾ ਮਨ ਵਿੱਚ ਉਤਸ਼ਾਹ ਰਹਿਦਾ ਸੀ।
21 ਨਵੰਬਰ, 1970 ਵਿੱਚ ਮੈਂ ਵੈਨਕੂਵਰ ਕੈਨੇਡਾ ਆਇਆ। 1971 ਦੀ ਵੈਸਾਖੀ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਜਿਸ ਧਰਤੀ ਨੂੰ ਕੇਸਾਂ ਦੀ ਕਤਲਗਾਹ ਕਹਿੰਦੇ ਸਨ, ਅਕਾਲ ਪੁਰਖ ਦੀ ਮਿਹਰ ਅਤੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਇਹ ਦਾਤ ਉਥੋਂ ਹੀ ਪ੍ਰਾਪਤ ਹੋਈ।
13 ਅਗਸਤ, 1971 ਵਿੱਚ ਕੰਮ ਦੀ ਭਾਲ ਵਿੱਚ ਫੋਰਟ ਸੇਂਟ ਜੇਮਜ਼ ਵਿਖੇ ਗਏ, ਜਿੱਥੇ ਪਲਾਈਵੁੱਡ ਮਿੱਲ ਵਿੱਚ ਉਨਾਂ ਦੀ ਕੰਪਨੀ ਪਾਲਿਸੀ ਅਧੀਨ ਹਰ ਇੱਕ ਕਾਮੇ ਨੂੰ ਹਾਰਡ ਹੈਟ ਲੈਣਾ ਜ਼ਰੂਰੀ ਸੀ। ਸਿੱਖ ਰਹਿਤ ਮਰਿਯਾਦਾ ਅਨੁਸਾਰ ਸਿੱਖ ਲਈ ਦਸਤਾਰ ਤੋਂ ਬਿਨਾਂ ਟੋਪੀ ਆਦਿ ਲੈਣਾ ਮਨਾਂ ਹੈ, ਸੋ ਮੈਂ ਉਹ ਕੰਮ ਕਰਨਾ ਠੀਕ ਨਹੀ ਸਮਝਿਆ, ਉੱਥੋਂ ਵਾਪਸ ਆ ਗਿਆ। ਇੱਥੋਂ ਮੇਰੇ ਮਨ ਵਿੱਚ ਆਇਆ ਕਿ ਲੋਕ ਮਜਬੂਰੀ ਵੱਸ ਕੇਸ ਕਟਾਉਂਦੇ ਹਨ ਅਤੇ ਹਾਰਡ ਹੈਟ ਦੇ ਅੰਦਰ ਦੀ ਸੇਫਟੀ ਵਾਲਾ ਨੈੱਟ ਕੱਢਕੇ ਲੈਂਦੇ ਹਨ। ਇਸ ਨੂੰ ਹੱਲ ਕਰਨ ਲਈ ਮਨ ਵਿੱਚ ਵਿਚਾਰ ਆਇਆ। ਫਿਰ ਵਾਪਸ ਵੈਨਕੂਵਰ ਆ ਕੇ ਟਰੱਕ ਡਰਾਈਵਰ ਦਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਕੰਪਨੀ ਮਾਲਕ ਮੈਨੂੰ ਉਸ ਜਗਾਨਹੀਂ ਸੀ ਭੇਜਦੇ, ਜਿੱਥੇ ਹਾਰਡ ਹੈਟ ਪਹਿਨਣਾ ਜ਼ਰੂਰੀ ਹੋਵੇ। ਇਸ ਤਰਾਂ ਕੁਝ ਸਮਾਂ ਕੰਮ ਕਰਨ ਨਾਲ ਜੋ ਮੇਰਾ ਉਦੇਸ਼ ਸੀ, ਉਹ ਹੱਲ ਨਹੀਂ ਸੀ ਹੋ ਰਿਹਾ।ਫਿਰ ਮੈਂ 15 ਜੁਲਾਈ, 1974 ਵਿੱਚ ਲਫਾਰਜ਼ ਸੀਮੈਂਟ ਕੰਪਨੀ (1050 ਮੇਨ ਸਟਰੀਟ) ਵਿਖੇ ਮਿਕਸਰ ਟਰੱਕ ਡਰਾਈਵਰ ਦਾ ਕੰਮ ਸ਼ੁਰੂ ਕੀਤਾ। ਉੱਥੇ ਵੀ ਹਾਰਡ ਹੈਟ ਲੈਣਾ ਜ਼ਰੂਰੀ ਸੀ। ਕੁਝ ਸਮਾਂ ਮੈਨੂੰ ਬਿਨਾ ਹਾਰਡ ਹੈਟ ਤੋਂ ਕੰਮ ਕਰਨ ਤੋਂ ਬਾਅਦ ਉਨ੍ਹਾਂਦੇ ਵਾਰ-ਵਾਰ ਵਾਰਨਿੰਗ ਲੈਟਰ ਦੇਣ ਤੋਂ ਪਿੱਛੋਂ 25 ਜੁਲਾਈ, 1975 ਨੂੰ ਇਹ ਲਿਖਤੀ ਭਰੋਸਾ ਦੇ ਕੇ ਕਿ ਜੇਕਰ ਡਬਲਿਊ. ਸੀ. ਬੀ. ਦਸਤਾਰ ਨਾਲ ਤੁਹਾਨੂੰ ਕੰਮ ਕਰਨ ਦੀ ਆਗਿਆ ਦਿੰਦੀ ਹੈ ਤਾਂ ਕੰਪਨੀ ਤੁਹਾਨੂੰ ਫਿਰ ਕੰਮ 'ਤੇ ਵਾਪਸ ਰੱਖ ਲਵੇਗੀ, ਮੈਨੂੰ ਹਟਾ ਦਿੱਤਾ ਗਿਆ। ਜੋ ਮੈਨੂੰ ਇਹ ਮੁਸ਼ਕਲ ਆਈ ਸੀ ਅਤੇ ਜੋ ਹੋਰਨਾਂ ਨੂੰ ਹੈ ਅਤੇ ਅੱਗੇ ਲਈ ਸਾਡੇ ਬੱਚਿਆ ਨੂੰ ਨਾ ਆਵੇ, ਉਸ ਮਸਲੇ ਨੂੰ ਹੱਲ ਕਰਨ ਦੇ ਲਈ ਇੱਕ ਤਰੀਕਾ ਮੈਂ ਚੁਣਿਆ। ਮੈਨੂੰ 6 ਹਫਤੇ ਬੇਰੋਜ਼ਗਾਰੀ ਭੱਤਾ ਮਿਲਣਾ ਸੀ, ਇਹ ਵੀ ਮੇਰੇ ਇਸ ਪ੍ਰੋਗਰਾਮ ਦਾ ਹਿੱਸਾ ਸੀ। ਜਿਸ ਸਮੇਂ ਮੈਨੂੰ ਕੰਮ ਤੋਂ ਹਟਾ ਦਿੱਤਾ, ਮੈਂ ਬੇਰੋਜ਼ਗਾਰੀ ਭੱਤੇ ਦੇ ਦਫਤਰ ਨੂੰ ਲਿਖਿਆ। ਉਸ ਦਫਤਰ ਤੋਂਨਾਂਹ ਦਾ ਜਵਾਬ ਆ ਗਿਆ। ਫਿਰ ਮੈਂ ਲੋਅਰ ਮੇਨਲੈਂਡ ਦੇ ਸਾਰਿਆਂ ਗੁਰਦੁਆਰਿਆਂ ਤੋਂ ਇਸ ਕੰਮ ਦੇ ਹੱਕ ਵਿੱਚ ਚਿੱਠੀਆਂ ਲੈ ਕੇ ਮੱਖ ਮੰਤਰੀ ਅਤੇ ਲੇਬਰ ਮਨਿਸਟਰ ਨੂੰ ਡਰਾਫਟ ਬਣਾ ਕੇ ਲਿਖਣਾ ਸ਼ੁਰੂ ਕੀਤਾ। ਉਸ ਸਮੇਂ ਸਾਰੇ ਗੁਰਦੁਆਰਿਆਂ ਵਲੋਂ ਸਿੱਖ ਸਮਾਚਾਰ ਰਸਾਲਾ ਨਿੱਕਲਦਾ ਸੀ, ਜਿਸ ਦੀ ਮੀਟਿੰਗ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਸੀ। ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਇਸ ਕੇਸ ਦੀ ਸਿੱਖ ਸਮਾਚਾਰ ਬੋਰਡ ਦੇਖ ਭਾਲ ਕਰੇਗਾ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਸ ਮਸਲੇ ਨੂੰ ਸਿੱਖ ਕੌਮ ਨੇ ਆਪਣੇ ਹੱਥ ਲੈ ਲਿਆ ਹੈ। ਸਿੱਖ ਸਮਾਚਾਰ ਬੋਰਡ ਨੇ ਡਰਾਫਟ ਬਣਾਕੇ ਲੇਬਰ ਮਨਿਸਟਰ ਐਲਨ ਵਿਲੀਅਮਜ਼ ਨਾਲ 1 ਅਪਰੈਲ, 1976 ਨੂੰ ਮੀਟਿੰਗ ਕੀਤੀ। ਮੀਟਿੰਗ ਵਿੱਚ ਸਿੱਖ ਲੀਡਰਾਂ ਨੇ ਲੇਬਰ ਮਨਿਸਟਰ ਨਾਲ ਗੱਲਬਾਤ ਕੀਤੀ ਅਤੇ ਇਹ ਫੈਸਲਾ ਹੋਇਆ ਕਿ ਤੁਸੀਂ ਦਸਤਾਰ ਦੇ ਜਾਓ, ਜੋ ਫੈਸਲਾ ਹੋਵੇਗਾ, ਦੱਸ ਦਿੱਤਾ ਜਾਵੇਗਾ ਕਿਉਂਕਿ ਇਹ ਵਿਚਾਰ ਹੋਈ ਸੀ ਕਿ ਸਾਡੀ ਦਸਤਾਰ ਹੈਟ ਦੇ ਮੁਕਾਬਲਤਨ ਸੁਰੱਖਿਅਤ ਹੈ। ਫਿਰ 29 ਜੂਨ, 1977 ਨੂੰ ਮਨਿਸਟਰ ਨੂੰ ਫਿਰ ਖਤ ਲਿਖਿਆ, ਜਿਸ ਦੇ ਉੱਤਰ ਵਿੱਚ 20 ਜੁਲਾਈ, 1977 ਨੂੰ ਮਨਿਸਟਰ ਨੇ ਇਹ ਲਿਖਕੇ ਭੇਜ ਦਿੱਤਾ ਕਿ ਦਸਤਾਰ ਸੁਰੱਖਿਅਤ ਨਹੀਂ ਹੈ। ਇਸ ਲਈ ਕਨੂੰਨ ਵਿੱਚ ਦਸਤਾਰ ਨੂੰ ਮਾਨਤਾ ਨਹੀਂ ਮਿਲ ਸਕਦੀ। ਇਸ ਦੇ ਬਾਅਦ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਹਾਰ ਤੋਂ ਪਿੱਛੋਂ ਮੇਰਾ ਮਨ ਬਹੁਤ ਦੁਖੀ ਹੋਇਆ ਪਰ ਹਿੰਮਤ ਨਹੀ ਹਾਰੀ। ਡਬਲਿਊ. ਸੀ. ਬੀ. ਦੇ ਐਕਟ ਦੀ ਕੋਰਟ ਵਿੱਚ ਕੋਈ ਸੁਣਵਾਈ ਨਹੀ ਹੋ ਸਕਦੀ।ਉਸ ਸਮੇਂ ਮੋਟਰ ਸਾਇਕਲ ਚਲਾਉਣ ਲਈ ਲੋਹ ਟੋਪ ਲੈਣਾ ਜ਼ਰੂਰੀ ਸੀ, ਜਿਸ ਵਿੱਚ ਬਦਲਾਓ ਦੀ ਕੁਝ ਉਮੀਦ ਸੀ। 1 ਅਗਸਤ, 1977 ਵਿੱਚ ਮੋਟਰਸਾਇਕਲ ਦਾ ਲਰਨਿਗ ਲਾਇਸੰਸ ਲੈ ਕੇ ਰੋਡ ਟੈਸਟ ਦੇਣ ਦੀ ਕੋਸ਼ਿਸ ਕੀਤੀ ਤਾਂ ਮੋਟਰ ਵਹੀਕਲ ਦਫਤਰ ਨੇ ਮੇਰਾ ਰੋਡ ਟੈਸਟ ਲੈਣ ਤੋਂ ਨਾਂਹ ਕਰ ਦਿੱਤੀ। ਮੈਂ ਮੋਟਰ ਵਹੀਕਲ ਮੁੱਖ ਦਫਤਰ ਵਿਕਟੋਰੀਆ ਨੂੰ ਲਿਖਿਆ, ਫਿਰ ਟਰਾਂਸਪੋਰਟ ਮਨਿਸਟਰ ਅਤੇ ਹਿਊਮਨ ਰਾਇਟਸ ਦਫਤਰ ਵਿਕਟੋਰੀਆ ਨੂੰ ਆਪਣੀ ਸ਼ਿਕਾਇਤ ਲਿਖੀ ਪਰ ਸਫਲਤਾ ਨਹੀਂ ਮਿਲੀ। ਮੈਂ ਸੋਚਿਆ ਕਿ ਮੈਂ ਵੀ ਕਨੂੰਨ ਦਾ ਸਹਾਰਾ ਲਵਾਂ, ਇਸ ਲਈ 23ਅਕਤੂਬਰ, 1980 ਨੂੰ ਕਿਸੇ ਦਾ ਮੰਗਵਾ ਮੋਟਰਸਾਇਕਲ ਲਿਆ ਅਤੇ ਆਪ ਹੀ ਰਿਚਮੰਡ ਆਰ. ਸੀ. ਐਮ. ਪੀ. ਨੂੰ ਫੋਨ ਕੀਤਾ ਕਿ ਨੰਬਰ 3 ਰੋਡ 'ਤੇ ਕੋਈ ਆਦਮੀ ਬਿਨਾਂ ਲੋਹ ਟੋਪ ਦੇ ਮੋਟਰ ਸਾਇਕਲ ਚਲਾ ਰਿਹਾ ਹੈ ਅਤੇ ਆਪ ਹੀ ਉਸ ਰੋਡ 'ਤੇ ਮੋਟਰ ਸਾਇਕਲ ਚਲਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇ ਬਾਅਦ ਹੀ ਆਰ. ਸੀ. ਐਮ. ਪੀ. ਨੇ ਮੈਨੂੰ ਰੋਕ ਲਿਆ ਅਤੇ ਮੇਰਾ ਬਿਨਾਂ ਲੋਹ ਟੋਪ ਮੋਟਰ ਸਾਇਕਲ ਚਲਾਉਣ ਦਾ ਚਲਾਣ ਕਰ ਦਿੱਤਾ, ਜਿਸ ਨੂੰ ਮੈਂ ਕੋਰਟ ਦੇ ਵਿੱਚ ਚੈਲਿੰਜ ਕਰ ਦਿੱਤਾ। ਕੋਰਟ ਦੀ ਮਿਤੀ 10 ਨਵੰਬਰ, 1981 ਰਿਚਮੰਡ ਕੋਰਟ ਵਿੱਚ ਮਿਲੀ, ਜਿਸ 'ਤੇ ਮੇਰਾ ਵਕੀਲ ਉੱਜਲ ਦੁਸਾਂਝ ਸੀ। ਅਸੀਂ ਕੋਰਟ ਵਿਚ ਜੱਜ ਨੂੰ ਆਪਣੇ ਪੱਖ ਦੀ ਜਾਣਕਾਰੀ ਦਿੱਤੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਅਤੇ 1976 ਵਿੱਚ ਇੰਗਲੈਂਡ ਵਿੱਚ ਸਿੱਖਾਂ ਨੂੰ ਪੱਗ ਸਮੇਤ ਮੋਟਰ ਸਾਇਕਲ ਚਲਾਉਣ ਦੀ ਕਾਨੂੰਨ ਵਲੋਂ ਆਗਿਆ ਦੀ ਕਾਪੀ ਆਦਿ ਸਬੂਤ ਪੇਸ਼ ਕੀਤੇ, ਜਿਸ ਨੂੰ ਸੁਣਨ ਤੋਂ ਬਾਅਦ ਜੱਜ ਨੇ ਇਹ ਫੈਸਲਾ ਦਿੱਤਾ ਕਿ ਅਵਤਾਰ ਸਿੰਘ ਢਿਲੋ ਨੂੰ ਜੋ35 ਡਾਲਰ ਜੁਰਮਾਨਾ ਕੀਤਾ ਗਿਆ ਸੀ, ਉਹ ਮਾਫ ਕੀਤਾ ਜਾਂਦਾ ਹੈ। ਲੇਕਿਨ ਇਸਨੂੰ ਅੱਗੇ ਵਾਸਤੇ ਬਿਨਾਂ ਲੋਹ ਟੋਪ ਤੋਂ ਬਿਨਾਂ ਮੋਟਰ ਸਾਇਕਲ ਚਲਾਉਣ ਦੀ ਕਨੂੰਨ ਆਗਿਆ ਨਹੀਂ ਹੈ, ਇਸ ਫੈਸਲੇ ਦੇ ਵਿਰੁੱਧ ਇਹ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਦਾ ਹੈ।ਮੇਰੇ ਕਹਿਣ 'ਤੇ ਮੇਰੇ ਵਕੀਲ ਉਜਲ ਦੁਸਾਂਝ ਨੇ 24 ਦਸੰਬਰ, 1981 ਨੂੰ ਅਪੀਲ ਕਰ ਦਿੱਤੀ। ਜਿਸ ਸਮੇਂ ਅਪੀਲ ਦੀ ਤਰੀਕ ਮਿਲੀ ਜੋ ਕਿ 21 ਸਤੰਬਰ 1984 ਦੀ ਸੀ, ਵਕੀਲ ਉਜਲ ਦੁਸਾਂਝ ਨੇ ਕਿਹਾ ਕਿ ਅਸੀਂ ਅਪੀਲ 'ਤੇ ਨਹੀ ਜਾਣਾ, ਜਦੋਂ ਬਰਾਬਰਤਾ ਦੇ ਹੱਕਾਂ ਦਾ ਕਨੂੰਨ ਬਣੇਗਾ ਤਾਂ ਅਸੀਂ ਇਸ ਮਸਲੇ ਨੂੰ ਹੱਲ ਕਰਵਾਵਾਂਗੇ। ਮੈਂ ਉਜਲ ਦੁਸਾਂਝ ਨੂੰ ਪੂਰੀ ਫੀਸ ਅਤੇ ਹੋਰ ਸਾਰੇ ਖਰਚੇ ਦਿੱਤੇ ਸੀ। ਇਸ ਤੋਂ ਬਾਅਦ ਇਸ ਮਸਲੇ ਵਿੱਚ ਉਸ ਨੇ ਕੋਈ ਮੱਦਦ ਨਹੀਂ ਕੀਤੀ ਜਦ ਕਿ ਉਹ ਮੱਦਦ ਕਰ ਸਕਦਾ ਸੀ ।
8 ਅਕਤੂਬਰ, 1986 ਨੂੰ ਬੀ. ਸੀ. ਸੁਪਰੀਮ ਕੋਰਟ ਨੇ ਮੋਟਰ ਸਾਇਕਲ ਚਾਲਕ ਲਹਰੀਸਟਨੋ ਦੇ ਹੱਕ ਵਿੱਚ ਫੈਸਲਾ ਕਰਕੇ ਮੋਟਰ ਵਹੀਕਲ ਦੇ ਐਕਟ 218 ਨੂੰ ਗਲਤ ਕਰਾਰ ਦੇ ਦਿੱਤਾ। ਇਸ ਤਰਾਂ ਦੋ ਵਾਰ ਮੋਟਰ ਸਾਇਕਲ ਚਾਲਕਾਂ ਦੇ ਹੱਕ ਵਿੱਚ ਫੈਸਲੇ ਹੋਏ। ਉਸ ਵਕਤ ਮੋਟਰ ਸਾਇਕਲ ਚਾਲਕ ਬਿਨਾਂ ਹੈਲਮਟ ਪਹਿਨ ਕੇ ਚਲਾਉਂਦੇ ਸਨ। ਇਸ ਸਮੇ ਮੈਂ ਵੀ ਫਿਰ ਮੋਟਰ ਵਹੀਕਲ ਦੇ ਦਫਤਰ ਦੋ ਵਾਰ ਰੋਡ ਟੈਸਟ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰ ਵਹੀਕਲ ਦਫਤਰ ਦਾ ਕਹਿਣਾ ਸੀ ਕਿ ਸਾਡੇ ਦਫਤਰ ਦੀ ਹੱਦ ਅੰਦਰ ਤੁਹਾਨੂੰ ਲੋਹ ਟੋਪ ਲੈਣਾ ਜ਼ਰੂਰੀ ਹੈ, ਉਸ ਤੋਂ ਬਿਨਾਂ ਅਸੀ ਰੋਡ ਟੈਸਟ ਨਹੀਂ ਲੈ ਸਕਦੇ।ਅਸੀਂ ਇਹ ਕੇਸ ਇਸ ਸਮੇਂ ਇਸ ਅਧਾਰ ਤੇ ਕੀਤਾ ਕਿ ਪਗੜੀ ਸਿੱਖਾਂ ਦਾ ਧਾਰਮਿਕ ਚਿੰਨਹੈ।
21 ਜੁਲਾਈ, 1994 ਨੂੰ ਮੈਂ ਫਿਰ ਕਲਾਸ 6 ਦਾ ਲਰਨਰ ਲਿਆ ਅਤੇ 15 ਅਗਸਤ, 1994 ਨੂੰ ਰੋਡ ਟੈਸਟ ਦੇਣ ਲਈ ਸਰੀ ਦਫਤਰ ਗਿਆ ਤਾਂ ਉਹਨਾਂ ਇਹ ਕਹਿਕੇ ਟੈਸਟ ਨਹੀ ਲਿਆ ਕਿ ਪਗੜੀ ਬੰਨਕੇ ਟੈਸਟ ਨਹੀਂ ਹੋ ਸਕਦਾ। ਇਹ ਤਾਂ ਮੋਟਰ ਵਹੀਕਲ ਐਕਟ ਦੇ ਖਿਲਾਫ ਹੈ। ਇਸਦੇ ਖਿਲਾਫ ਮੈਂ 4 ਅਕਤੂਬਰ, 1994 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਮਇਕ ਹਾਰਟ ਕੋਰਟ ਨੂੰ ਖਤ ਲਿਖਿਆ, ਜਿਸ ਦੇ ਨਾਲ ਪੂਰੇ ਬੀ. ਸੀ. ਦੇ ਗੁਰਦੁਆਰਿਆਂ, ਧਾਰਮਿਕ ਸੁਸਾਇਟੀਆਂ ਵਲੋਂ ਦਸਤਾਰ ਨੂੰ ਮਾਨਤਾ ਦੇਣ ਦੇ ਹੱਕ ਵਿੱਚ ਪੱਤਰ ਲਗਾਏ ਸਨ, ਜਿਸ ਦਾ ਜਵਾਬ ਮੁੱਖ ਮੰਤਰੀ ਦਾ ਦਸੰਬਰ 1994 ਨੂੰ ਲਿਖਿਆ ਆਇਆ ਕਿ ਮੈਂ ਇਸ ਲਈ ਕਾਨੂੰਨ ਵਿਚ ਸੋਧ ਨਹੀਂ ਕਰ ਸਕਦਾ। ਮੈਂ 17 ਫਰਵਰੀ, 1995 ਨੂੰ ਬੀ. ਸੀ.ਦੇ ਮਨੁੱਖੀ ਅਧਿਕਾਰ ਦਫਤਰਵਿੱਚ ਇਸ ਦੀ ਸ਼ਿਕਾਇਤ ਕੀਤੀ, ਜੋ ਦਫਤਰ ਨੇ ਮੰਨ ਲਈ। ਇਸ ਤੋ ਸਾਰਾ ਕੰਮ ਫਿਰ ਸ਼ੁਰੂ ਹੋ ਗਿਆ। ਇਸ ਦਫਤਰ ਨਾਲ ਮੇਰਾ ਪੂਰਾ ਤਾਲਮੇਲ ਬਣ ਗਿਆ। ਇਸ ਸਮੇਂ ਮੇਰੀ ਮੱਦਦ ਲਈ ਮੈਨੂੰ ਜਿਨ੍ਹਾਂ ਸੱਜਣਾਂ ਦਾ ਸਹਿਯੋਗ ਮਿਲਿਆ, ਉਹ ਸੱਜਣ ਇਹ ਸਨ : ਮੋਤਾ ਸਿੰਘ ਝੀਤਾ, ਰਘਬੀਰ ਸਿੰਘ ਬੈਂਸ, ਪ੍ਰੀਤਮ ਸਿੰਘ ਔਲਖ। ਇਸ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ, ਜਿਸ ਨਾਲ ਸਾਨੂੰ ਇਸ ਮਸਲੇ ਵਿੱਚ ਸਫਲਤਾ ਮਿਲੀ। ਇਸ ਦੇ ਨਾਲ ਗਿਆਨੀ ਅਮਰ ਸਿਘ ਖਾਲਸਾ ਸਕੂਲ ਦੇ ਪ੍ਰਿੰਸੀਪਲ ਅਤੇ ਗਿਆਨ ਸਿੰਘ ਕੋਟਲੀ ਸਨ। ਇਸ ਦੇ ਨਾਲ ਹੀ ਸਾਰੇ ਗੁਰਦੁਆਰਾ ਸਾਹਿਬ ਅਤੇ ਪੂਰੀ ਸਿੱਖ ਕੌਮ ਨੇ ਪੂਰੀ ਮੱਦਦ ਕੀਤੀ ਸੀ। ਇਸ ਕੇਸ ਨੂੰ ਹੋਰ ਮਜ਼ਬੂਤ ਕਰਨ ਲਈ ਜਿਸ ਤਰਾਂ ਦਾ ਵੀ ਕੋਈ ਸਬੂਤ ਮਿਲਦਾ ਤਾਂ ਮੈਂ ਦਫਤਰ ਵਿਕਟੋਰੀਆ ਨੂੰ ਭੇਜਦਾ ਰਿਹਾ। ਇਸ ਲਈ ਮੈਂ ਕੈਨੇਡਾ ਤੋਂ ਬਾਹਰ ਦੇ ਦੇਸ਼ਾਂ ਵਿੱਚ ਇਸ ਬਾਰੇ ਕੀ ਕਨੂੰਨ ਹੈ, ਪਤਾ ਕਰਨਾ ਸੁਰੂ ਕਰ ਦਿੱਤਾ।ਇਸ ਲਈ ਮੈਂ ਜਿੰਨੇ ਵੀ ਦੂਜੇ ਦੇਸ਼ਾਂ ਦੇ ਦੂਤਘਰ ਸਾਡੇ ਦੇਸ਼ ਵਿੱਚ ਹਨ, ਉਹਨਾਂ ਨੂੰ ਮੈਂ ਇਹ ਖਤ ਲਿਖਿਆ ਕਿ ਮੈਂ ਇੱਕ ਪਗੜੀਧਾਰੀ ਸਿੰਘ ਹਾਂ। ਮੈਂ ਮੋਟਰ ਸਾਇਕਲ 'ਤੇ ਸੰਸਾਰ ਦਾ ਸਫਰ ਕਰਨਾ ਹੈ। ਮੈਨੂੰ ਲਿਖਕੇ ਭੇਜਣਾ ਕਿ ਇਸ ਬਾਰੇ ਆਪ ਦੇ ਦੇਸ਼ ਵਿੱਚ ਕੀ ਕਾਨੂੰਨ ਹੈ। ਇੰਗਲੈਂਡ ਵਿੱਚ ਦਸਤਾਰਧਾਰੀ ਸਿੱਖ ਮੋਟਰਸਾਇਕਲ ਚਲਾ ਸਕਦੇ ਹਨ, ਇਹ ਇੰਗਲੈਂਡ ਵਿੱਚ ਕਾਨੂੰਨ ਹੈ। ਉਸ ਦੀ ਕਾਪੀ ਨਾਲ ਭੇਜ ਦਿੱਤੀ। ਇਸ ਤਰਾਂਮੈਨੂੰ ਬਹੁਤ ਸਾਰੇ ਦੇਸ਼ਾਂ ਦੇ ਖਤ ਆਏ ਕਿ ਸਾਡੇ ਦੇਸ਼ ਵਿੱਚ ਇਹ-ਇਹ ਕਾਨੂੰਨ ਹਨ। ਉਹਨਾਂ ਸਾਰੇ ਦੇਸ਼ਾਂ ਦੇ ਖਤ ਮੈ ਮਨੁੱਖੀ ਅਧਿਕਾਰ ਦੇ ਦਫਤਰ ਵਿਕਟੋਰੀਆ ਨੂੰ ਭੇਜ ਦਿੱਤੇ ਕਿ ਦੂਜੇ ਦੇਸ਼ਾਂ ਵਿੱਚ ਸਾਡੇ ਹੱਕ ਦੇ ਕਾਨੂੰਨ ਬਣੇ ਹੋਏ ਹਨ ਅਤੇ ਬੀ. ਸੀ. ਦੇ ਗੁਰਦੁਆਰਿਆਂ ਅਤੇ ਧਾਰਮਿਕ ਸਸੰਥਾਵਾਂ ਦੇ ਇਸ ਹੱਕ ਵਿੱਚ ਖਤ ਸਨ, ਇਸ ਨਾਲ ਕੇਸ ਮਜ਼ਬੂਤ ਹੋ ਗਿਆ। ਇਸ ਤਰਾਂ 8 ਮਾਰਚ, 1995 ਤੋਂ ਮਨੁੱਖੀ ਅਧਿਕਾਰ ਵਿਕਟੋਰੀਆ ਦਫਤਰ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
22 ਮਾਰਚ, 1996 ਨੂੰ ਰਿਪੋਟ ਤਿਆਰ ਕਰਕੇ ਡਿਪਟੀ ਚੀਫ ਕਮਿਸ਼ਨਰ ਨੂੰ ਭੇਜ ਦਿੱਤੀ। ਡਿਪਟੀ ਚੀਫ ਕਮਿਸ਼ਨਰ ਉਸ ਸਮੇਂ ਹਰਿੰਦਰ ਮਾਹਲ ਸੀ। ਉਸ ਨੇ 10 ਮਾਰਚ, 1997 ਨੂੰ ਕੇਸ ਦੀ ਸੁਣਵਾਈ ਲਈ 18, 19, 20 ਮਾਰਚ, 1997 ਦੀ ਤਰੀਖ ਰੱਖ ਦਿੱਤੀ। ਇਸ ਸਮੇਂ ਸਾਡਾ ਵਕੀਲ ਸਰੀ ਤੋਂ ਐਲਕਸ ਡੈਂਟਜ਼ਰ ਸੀ। ਸਾਡਾ ਕੇਸ ਸੀ, ਮੋਟਰ ਵਹੀਕਲ ਦਫਤਰ ਨੇ ਮੇਰਾ ਰੋਡ ਟੈਸਟ ਹੈਲਮਟ ਨਾ ਲੈਣ ਕਰਕੇ ਨਹੀਂ ਲਿਆ ਅਤੇ ਦੂਸਰਾ ਕੇਸ ਮਨੁੱਖੀ ਅਧਿਕਾਰ ਵਿਭਾਗ ਵਲੋਂ ਸੀ ਕਿ ਮੋਟਰ ਵਹੀਕਲ ਦਫਤਰ ਨੇ ਰੋਡ ਟੈਸਟ ਨਾ ਲੈਕੇ ਪਬਲਿਕ ਨੂੰ ਸਰਵਿਸ ਨਹੀਂ ਦਿੱਤੀ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ ਮਨੁੱਖੀ ਅਧਿਕਾਰ ਦੀ ਵਕੀਲ ਲੇਡੀ ਡੇਰਿਡ ਰਾਈਸ ਸੀ। ਉਸਨੇ ਇਸ ਕੇਸ ਵਿੱਚ ਬਹੁਤ ਅੱਛਾ ਕੰਮ ਕੀਤਾ।ਇਸ ਕੇਸ ਦੀ ਸੁਣਵਾਈ 18, 19, 20 ਮਾਰਚ, 1997 ਨੂੰ ਵੈਨਕੂਵਰ ਦੀ ਆਰਟ ਗੈਲਰੀ ਵਿੱਚ ਹੋਈ। ਇਸ ਸਮੇਂ ਸਿੱਖ ਕੌਮ ਵਿੱਚ ਐਨਾ ਉਤਸ਼ਾਹ ਸੀ ਕਿ ਤਿੰਨੇ ਦਿਨ ਪੂਰੇ ਲੋਅਰ ਮੇਨਲਂਡ ਤੋਂ ਖਾਲਸਾ ਸਕੂਲ ਦੀਆਂ ਬੱਸਾਂ ਭਰਕੇ ਆਉਦੀਂਆਂ ਸਨ ਅਤੇ ਤਿੰਨੇ ਦਿਨ ਦੁਪਹਿਰ ਨੂੰ ਕਚਹਿਰੀਆਂ ਵਿੱਚ ਮੇਲਾ ਲਗਦਾ ਸੀ। ਚਾਹ ਅਤੇ ਸਮੋਸਿਆਂ ਦਾ ਲੰਗਰ ਲਗਦਾ ਸੀ। ਕਰੀਬ 100 ਤੋਂ 200ਬੰਦਾ ਰੋਜ਼ ਕੋਰਟ ਵਿੱਚ ਕੇਸ ਸੁਣਨ ਅਤੇ ਹੌਂਸਲਾ ਦੇਣ ਆਉਂਦਾ ਸੀ। ਇਹ ਤਿੰਨ ਦਿਨ ਦੀ ਸੁਣਵਾਈ ਫਰਾਂਸਿਸ ਗੋਰਡਨ ਨੇ ਕੀਤੀ ਸੀ, ਜਿਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ, ਜੋ 11 ਮਾਰਚ, 1999 ਨੂੰ ਦਿੱਤਾ ਕਿ ਜੋ ਮੋਟਰ ਸਾਇਕਲ ਦਾ ਹੈਲਮਟ ਲੈਣ ਦਾ ਕਨੂੰਨ ਹੈ, ਉਹ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਇਆ ਗਿਆ, ਇਸ ਲਈ ਮੋਟਰ ਵਹੀਕਲ ਵਿਭਾਗ ਇਸ ਵਿੱਚ ਸੋਧ ਕਰੇ।ਇਹ ਫੈਸਲਾ ਸਾਡੇ ਹੱਕ ਵਿੱਚ ਹੋਇਆ ਅਤੇ ਮੋਟਰ ਵਹੀਕਲ ਵਿਭਾਗ ਹਾਰ ਗਿਆ। ਉਸ ਸਮੇਂ ਟਰਾਂਸਪੋਰਟ ਮਨਿਸਟਰ ਹੈਰੀ ਲਾਲੀ ਸੀ ਲੇਕਿਨ ਟਰਾਂਸਪੋਰਟ ਮਨਿਸਟਰ ਨੇ ਅਪੀਲ ਨਹੀਂ ਕੀਤੀ। ਵਿਕਟੋਰੀਆ ਸਦਨ ਦੇ ਵਿੱਚ ਵਿਰੋਧੀ ਪਾਰਟੀ ਲਿਬਰਲ ਪਾਰਟੀ ਅਤੇ ਐਨ. ਡੀ. ਪੀ. ਦੋਹਾਂ ਦੀ ਸਹਿਮਤੀ ਨਾਲ ਮੋਟਰ ਵਹੀਕਲ ਐਕਟ ਧਾਰਾ 218 ਵਿੱਚ ਸੋਧ ਕਰਕੇ 19 ਜੁਲਾਈ, 1999ਨੂੰ ਸਰਕਾਰ ਨੇ ਇਸ ਵਿੱਚ ਸੋਧ ਕਰਕੇ ਇਹ ਬਿੱਲ ਪਾਸ ਕਰ ਦਿੱਤਾ, ਜਿਸ ਦੀ ਸਾਰੀ ਵਾਰਤਾ ਕਰੀਬ-ਕਰੀਬ ਇਸ ਤਰਾਂ ਹੈ।ਹਰ ਇੱਕ ਪ੍ਰਾਣੀ ਜੋ ਸਿੱਖ ਧਰਮ ਨੂੰ ਮੰਨਦਾ ਹੋਵੇ ਅਤੇ ਰੋਮਾਂ ਦੀ ਬੇਅਦਬੀ ਨਾ ਕਰਦਾ ਹੋਵੇ, ਪੂਰੀ ਦਸਤਾਰ ਸਜਾਉਂਦਾ ਹੋਵੇ, ਉਸ ਪ੍ਰਾਣੀ ਨੂੰ ਮੋਟਰ ਸਾਇਕਲ ਚਲਾਉਣ ਜਾਂ ਸਵਾਰੀ ਕਰਨ ਦੇ ਸਮੇਂ ਲੋਹ ਟੋਪ ਤੋਂ ਛੋਟ ਹੈ। ਇਹ ਲਾਇਨਾਂ ਮੋਟਰ ਸਾਇਕਲ ਕਲਾਸ 6 ਦੀ ਕਿਤਾਬ ਵਿੱਚ ਹੈਲਮਟ ਦੇ ਕਾਲਮ ਵਿੱਚ ਲਿਖੀਆਂ ਹਨ, ਜਿਸ ਨਾਲ ਇਹ ਕਨੂੰਨ ਸਾਰਿਆਂ ਉਤੇ ਲਾਗੂ ਹੁੰਦਾ ਹੈ।ਇਸ ਸਾਰੇ ਕੇਸ ਵਿੱਚ ਜੋ 25 ਜੁਲਾਈ, 1975 ਤੋਂ 19 ਜੁਲਾਈ, 1999 ਤੱਕ ਜੋ ਸਾਰਾ ਖਰਚ ਹੋਇਆ, ਉਹ ਮੈਂ ਆਪਣੇ ਦਸਵੰਧ ਵਿੱਚੋਂ ਹੀ ਖਰਚ ਕੀਤਾ ਸੀ। ਇਸ ਖਰਚ ਲਈ ਬਹੁਤ ਸੱਜਣਾ ਅਤੇ ਸੁਸਾਇਟੀ ਵਲੋਂ ਮੱਦਦ ਲਈ ਕਿਹਾ ਗਿਆ ਪਰ ਮੇਰਾ ਇਹ ਹੀ ਕਹਿਣਾ ਸੀ ਕਿ ਇਸ ਵਿਚ ਹਰ ਤਰਾਂ ਦੀ ਮੱਦਦ ਦੀ ਜ਼ਰੂਰਤ ਹੈ ਲੇਕਿਨ ਪੈਸੇ ਦੀ ਨਹੀਂ। ਸਮੁੱਚੀ ਸਿੱਖ ਕੌਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਸ ਤਰਾਂ ਆਪ ਸਿੱਖ ਧਰਮ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾ ਮੰਨਣ 'ਤੇ ਪਹਿਰਾ ਦਿੰਦੇ ਹੋ, ਇਸੇ ਤਰਾਂ ਜੋ ਸਾਨੂੰ ਹੱਕ ਮਿਲਿਆ ਹੈ, ਇਸਨੂੰ ਮੰਨਣ ਅਤੇ ਬਣਾਈ ਰੱਖਣ ਵਾਸਤੇ ਜੋ ਕਨੂੰਨ ਦੀ ਛੋਟ ਦਿੱਤੀ ਗਈ, ਉਸ 'ਤੇ ਜਰੂਰੀ ਚੱਲਣਾ ਚਾਹੀਦਾ ਹੈ। ਜਿਸ ਸਮੇਂ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ 28 ਅਕਤੂਬਰ ਸ੍ਰੀ ਹਰਿਮੰਦਰ ਸਾਹਿਬ ਗਿਆ ਤਾਂ ਉਸ ਸਮੇਂ ਦਰਬਾਰ ਸਾਹਿਬ ਦੇ ਦਫਤਰ ਵਿੱਚ ਮੈਨੇਜਰ ਅਤੇ ਬਾਕੀ ਸਟਾਫ ਹਾਜ਼ਰ ਸੀ। ਉਹਨਾਂ ਨੇ ਮੈਨੂੰ ਮੁੱਖ ਮਹਿਮਾਨ ਵਜੋਂ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਕਿਤਾਬਾਂ ਅਤੇ ਸਿਰੋਪਾ ਸਨਮਾਨ ਵਜੋਂ ਦਿੱਤਾ।ਇਸ ਤੋਂ ਕੁਝ ਸਮਾਂ ਬਾਅਦ 30 ਅਕਤੂਬਰ, 1999 ਨੂੰ ਫਿਰ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੀ੍ਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ 'ਤੇ ਸ੍ਰੀ ਮੰਜੀ ਸਾਹਿਬ ਦੀ ਸਟੇਜ ਤੋਂ ਸ੍ਰੀ ਸਾਹਿਬ, ਸਿਰੋਪਾ, ਦੁਸ਼ਾਲਾ ਅਤੇ ਤ੍ਰੈ ਸ਼ਤਾਬਦੀ ਦੀ ਯਾਦ ਵਿੱਚ ਬਣਿਆ ਸੋਨੇ ਦਾ ਸਿੱਕਾ ਵੀ ਸਨਮਾਨ ਵਜੋਂ ਦਿੱਤਾ, ਜੋ ਇਹ ਮੇਰਾ ਹੀ ਨਹੀਂ ਬਲਕਿ ਕੈਨੇਡਾ ਵਿੱਚ ਰਹਿੰਦੀ ਸਿੱਖ ਕੌਮ ਦਾ ਸਨਮਾਨ ਹੈ।
15 ਫਰਵਰੀ, 2002 ਦੇ ਵਿੱਚ ਸਿੱਖ ਮੋਟਰ ਸਾਇਕਲ ਕੱਲਬ ਦੀ ਸਰੀ (ਬੀ. ਸੀ.) ਵਿੱਚ ਸਥਾਪਨਾ ਹੋਈ। ਭਾਰਤ ਅਤੇ ਹੋਰ ਕਿਸੇ ਵੀ ਦੇਸ਼ ਵਿੱਚ ਇਸ ਤੋ ਪਹਿਲਾਂ ਇਸ ਤਰਾਂ ਦਾ ਉਪਰਾਲਾ ਨਹੀ ਕੀਤਾ ਗਿਆ। ਜਿਨਾਂਦੇ ਉਪਰਾਲੇ ਨਾਲ ਇਹ ਕਲੱਬ ਹੋਂਦ ਵਿੱਚ ਆਇਆ ਉਹ ਇਹ ਸੱਜਣ ਸਨ: ਹਰਜਿੰਦਰ ਸਿੰਘ ਥਿੰਦ ਰੇਡੀਓ ਹੋਸਟ, ਮਲਕੀਤ ਸਿੰਘ ਰਾਏ, ਕੁਲਵਿੰਦਰ ਸਿੰਘ ਖੰਗੂੜਾ ਐਬਟਸਫੋਰਡ। ਜੋ ਮੇਰਾ ਉਦੇਸ਼ ਸੀ ਕਿ ਜੋ ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਵਿੱਚ ਸਾਡੇ ਲਈ ਕੀਤਾ ਤੇ ਅਸੀਂ ਉਸ ਦਾ ਆਨੰਦ ਮਾਣ ਰਹੇ ਹਾਂ ਅਤੇ ਮੈਂ ਵੀ ਆਪਣਾ ਫਰਜ਼ ਸਮਝਦਿਆਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ, ਜਿਸ ਨਾਲ ਸਾਡੀ ਕੌਮ ਦਾ ਹਰ ਪ੍ਰਾਣੀ ਬਰਾਬਰਤਾ ਦਾ ਆਨੰਦ ਮਾਣ ਸਕੇ।



Archive

RECENT STORIES