Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੁਸਹਿਰੇ ਮੌਕੇ ਮਹਾਨ ਰਾਜਾ ਰਾਵਣ ਦੇ ਬੁੱਤਾਂ ਨੂੰ ਕਿਸੇ ਵੀ ਸ਼ਹਿਰ ਵਿੱਚ ਸਾੜਨ ਨਹੀਂ ਦਿੱਤਾ ਜਾਵੇਗਾ : ਅੰਬੇਦਕਰ ਸੈਨਾ ਪੰਜਾਬ

Posted on July 27th, 2013



ਮਾਹਿਲਪੁਰ- ਅੰਬੇਦਕਰ ਸੈਨਾ ਪੰਜਾਬ ਦੀ ਮੀਟਿੰਗ ਇੱਥੋਂ ਨੇੜਲੇ ਪਿੰਡ ਮਜ਼ਾਰਾ ਡਿੰਗਰੀਆਂ ਵਿਖੇ ਸੂਬਾ ਕਮੇਟੀ ਮੈਂਬਰ ਕੁਲਵੰਤ ਭੂੰਨੋ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸੈਨਾ ਨਾਲ ਸਬੰਧਤ ਚੱਬੇਵਾਲ, ਮਾਹਿਲਪੁਰ ਅਤੇ ਸੈਲਾਖੁਰਦ ਇਲਾਕੇ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵੰਤ ਭੂੰਨੋ ਨੇ ਆਖਿਆ ਕਿ ਅੰਬੇਦਕਰ ਸੈਨਾ ਪੰਜਾਬ ਵੱਲੋਂ ਇਸ ਵਾਰ ਦੁਸਹਿਰੇ ਮੌਕੇ ਮਹਾਨ ਰਾਜਾ ਰਾਵਣ ਦੇ ਬੁੱਤਾਂ ਨੂੰ ਕਿਸੇ ਵੀ ਸ਼ਹਿਰ ਵਿੱਚ ਸਾੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਕੁਝ ਲੋਕ ਆਪਣੇ ਜ਼ਮਾਨੇ ਦੀ ਮਹਾਨ ਸ਼ਖ਼ਸੀਅਤ ਅਤੇ ਉਸਦੇ ਸਾਥੀਆਂ ਦੇ ਆਦਮ ਕੱਦ ਬੁੱਤ ਬਣਾਕੇ ਉਨ੍ਹਾਂ ਨੂੰ ਸਾੜਕੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਵੇਦਾਂ ਵਿੱਚ ਵੀ ਖ਼ੁਦ ਰਾਮ ਸਮੇਤ ਹੋਰਾਂ ਵੱਲੋਂ ਰਾਵਣ ਨੂੰ ਮਹਾਨ ਯੋਧਾ ਅਤੇ ਬੁੱਧੀਜੀਵੀ ਕਿਹਾ ਗਿਆ ਹੈ ਤਾਂ ਫਿਰ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅੰਬੇਦਕਰ ਸੈਨਾ ਪੰਜਾਬ ਵੱਲੋਂ ਦੁਸਹਿਰੇ ਤੋਂ ਪਹਿਲਾਂ ਪੰਜਾਬ ਪੱਧਰ ’ਤੇ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੈਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ. ਤੋਂ ਇਲਾਵਾ ਸਾਰੇ ਡਿਪਟੀ ਕਮਿਸ਼ਨਰਾਂ, ਐਸ.ਡੀ.ਐਮਜ਼. ਨੂੰ ਪੱਤਰ ਭੇਜੇ ਗਏ ਹਨ। ਪੱਤਰਾਂ ਵਿੱਚ ਅੰਬੇਦਕਰ ਸੈਨਾ ਵੱਲੋਂ ਕਿਹਾ ਗਿਆ ਹੈ ਕਿ ਦੁਸਹਿਰੇ ਮੌਕੇ ਮਹਾਨ ਬੁੱਧੀਜੀਵੀ ਰਾਜੇ ਰਾਵਣ ਦੇ ਬੁੱਤਾਂ ਨੂੰ ਸਾੜਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਹ ਰਾਵਣ ਨੂੰ ਬਣਦਾ ਸਨਮਾਨ ਦਿਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਨੂੰ ਰੋਕਿਆ ਨਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰਵੀ ਬੌਧ ਬਿਲਾਸਪੁਰ, ਮਨਜਿੰਦਰ ਹੱਲੂਵਾਲ, ਬਲਵਿੰਦਰ ਮਰਵਾਹਾ, ਸੰਨੀ ਕਰਾੜੀਆ, ਹਰਪ੍ਰੀਤ ਮਾਹਿਲਪੁਰ ਆਦਿ ਹਾਜ਼ਰ ਸਨ।



Archive

RECENT STORIES