Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਮਗਰੋਂ ਸਿੱਖ ਵੀ ਸੰਘ ਦੀਆਂ ਮੀਟਿੰਗਾਂ ਵਿੱਚ ਜਾਣ ਲੱਗੇ ਹਨ- ਅਡਵਾਨੀ

Posted on July 27th, 2013


ਨਵੀਂ ਦਿੱਲੀ (ਪੀ.ਟੀ.ਆਈ.)
ਭਾਜਪਾ ਆਗੂ ਐਲ.ਕੇ. ਅਡਵਾਨੀ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਾਤ ਦੇ ਨਾਂ ’ਤੇ ਸੰਘ ਜਾਤ-ਪਾਤ ਨਹੀਂ ਮੰਨਦਾ ਤੇ ਉਹ ਹਮੇਸ਼ਾ ਦਲਿਤਾਂ ਦਾ ਮਦਦਗਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਮਗਰੋਂ ਸਿੱਖ ਵੀ ਸੰਘ ਦੀਆਂ ਮੀਟਿੰਗਾਂ ਵਿੱਚ ਜਾਣ ਲੱਗੇ ਹਨ। ਉਨ੍ਹਾਂ ਕਿਹਾ ਅਕਾਲੀ-ਭਾਜਪਾ ਗੱਠਜੋੜ ਤੋਂ ਪਹਿਲਾਂ ਆਰ ਐਸ ਐਸ ਦੀਆਂ ਮੀਟਿੰਗਾਂ ਵਿੱਚ ਸਿੱਖ ਸ਼ਾਮਲ ਨਹੀਂ ਹੁੰਦੇ ਸਨ ਪ੍ਰੰਤੂ ਹੋਰ ਸਾਰੇ ਸ਼ਾਮਲ ਹੋਇਆ ਕਰਦੇ ਸਨ। ਹੁਣ ਮਾਹੌਲ ਬਦਲ ਗਿਆ ਹੈ ਤੇ ਕਿਸੇ ਕਿਸਮ ਦਾ ਤਣਾਅ ਨਹੀਂ ਰਿਹਾ।


ਵਰਨਣਯੋਗ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਵਿੱਚ ਤਰੱਕੀ ਮਿਲਣ ਮਗਰੋਂ ਸ੍ਰੀ ਅਡਵਾਨੀ ਤੇ ਸੰਘ ਦੇ ਸਬੰਧਾਂ ਵਿੱਚ ਖੱਟਾਸ ਆ ਗਈ ਸੀ। ਇਥੇ ਪਾਰਟੀ ਦੇ ਅਨੁਸੂਚਿਤ ਜਾਤੀ ਫਰੰਟ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਉਦਘਾਟਨੀ ਭਾਸ਼ਨ ਦੌਰਾਨ ਸ੍ਰੀ ਅਡਵਾਨੀ ਨੇ ਕਿਹਾ, ‘‘ਸੰਘ ਦਾ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਹੈ ਤੇ ਉਹ ਸਮਾਜ ਦੇ ਹਰ ਵਰਗ ਨੂੰ ਇਕ ਬਰਾਬਰ ਮੰਨਦਾ ਹੈ। ਮਹਾਤਮਾ ਗਾਂਧੀ ਜਦੋਂ ਸੰਘ ਦੀ ਸ਼ਾਖਾ (ਮੀਟਿੰਗ) ਵਿੱਚ ਵਰਧਾ ਗਏ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਏ ਕਿ ਵੱਖ-ਵੱਖ ਜਾਤਾਂ ਦੇ ਲੋਕ ਇਕੱਠੇ ਬੈਠੇ ਲੰਗਰ ਛਕ ਰਹੇ ਸਨ।’’

ਭਾਜਪਾ ਅਗਾਮੀ ਲੋਕ ਸਭਾ ਚੋਣਾਂ ਵਿੱਚ ਦਲਿਤਾਂ ਦੀਆਂ ਵੋਟਾਂ ਖਿੱਚਣ ਲਈ ਜ਼ੋਰ ਲਗਾ ਰਹੀ ਹੈ ਤੇ ਉਸ ਦਾ ਇਰਾਦਾ ਦਲਿਤਾਂ ਦੀਆਂ 10 ਫੀਸਦੀ ਵੋਟਾਂ ਨੂੰ ਹੂੰਝਣਾ ਹੈ। ਦਲਿਤਾਂ ਤੋਂ ਇਲਾਵਾ ਪਾਰਟੀ ਦੀ ਅੱਖ ਅਨੁਸੂਚਿਤ ਕਬੀਲਿਆਂ, ਘੱਟ-ਗਿਣਤੀਆਂ, ਮਹਿਲਾ ਤੇ ਨੌਜਵਾਨ ਲੋਕਾਂ ’ਤੇ ਹੈ।  ਸ੍ਰੀ ਅਡਵਾਨੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਛੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਲੋਕ ਸਭਾ ਚੋਣਾਂ ਲਈ ਕਮਰਕੱਸ ਲੈਣ। ਕਾਂਗਰਸ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ, ‘‘ਬੀਤੇ ਤਿੰਨ ਸਾਲਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਲੋਕ ਸਭਾ ਚੋਣਾਂ ਜਿਤਾਉਣ ਲਈ ਜਿੰਨੀ ਮਦਦ ਕੀਤੀ ਹੈ, ਉਨੀ ਹੋਰ ਕਿਸੇ ਨੇ ਨਹੀਂ ਕੀਤੀ। ਕਾਂਗਰਸ ਨੇ ਭ੍ਰਿਸ਼ਟਾਚਾਰ, ਮਹਿੰਗਾਈ ਤੇ ਮਾੜੀ ਸਰਕਾਰ ਦੇ ਕੇ ਭਾਜਪਾ ਲਈ ਲੋਕ ਸਭਾ ਚੋਣਾਂ ਜਿੱਤਣ ਦਾ ਰਾਹ ਪੱਧਰਾ ਕਰ ਦਿੱਤਾ ਹੈ।’’ ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਚੋਣਾਂ ਕਦੋਂ ਮਰਜ਼ੀ ਹੋਣ, ਪਰ ਉਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ। ਅਖ਼ਬਾਰਾਂ ਦੇ ਚੋਣ ਸਰਵੇਖਣਾਂ ਬਾਰੇ ਸ੍ਰੀ ਅਡਵਾਨੀ ਨੇ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਜਿੱਤੇਗੀ। ਭਾਜਪਾ ਐਸਸੀ ਮੋਰਚਾ ਦੇ ਮੁਖੀ ਸੰਜੈ ਪਾਸਵਾਨ ਨੇ ਕਿਹਾ ਕਿ ਚੋਣ ਸਰਵੇਖਣਾਂ ਮੁਤਾਬਕ 23 ਫੀਸਦ ਲੋਕ ਭਾਜਪਾ ਨੂੰ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ।



Archive

RECENT STORIES