Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਨਹੀਂ ਮੰਨਦਾ: ਨੰਦਗੜ੍ਹ

Posted on July 28th, 2013


ਅੰਮ੍ਰਿਤਸਰ- ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਕੱਲ੍ਹ ਹੋਈ ਪੰਜ ਜਥੇਦਾਰਾਂ ਦੀ ਮੀਟਿੰਗ ਵਿੱਚ ਸ੍ਰ. ਸਰਨਾ ਦੀਆਂ ਦਲੀਲਾਂ ਅੱਗੇ ਲਾਜਵਾਬ ਹੋਏ ਜਥੇਦਾਰ ਆਪਸ ਵਿੱਚ ਹੀ ਉਲਝ ਪਏ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਾਥੀ ਜਥੇਦਾਰਾਂ ਨੂੰ ਤੱਤੀਆਂ-ਤੱਤੀਆਂ ਸੁਣਾ ਕੇ ਠੰਢੇ ਠਾਰ ਕਰ ਦਿੱਤਾ।


ਮੀਟਿੰਗ ਦੌਰਾਨ ਸ੍ਰ. ਸਰਨਾ ਜਦ ਜਥੇਦਾਰਾਂ ਦੇ ਇਤਰਾਜ਼ਾਂ ਦਾ ਜਵਾਬ ਦੇ ਰਹੇ ਸਨ ਤਾਂ ਉਨ੍ਹਾਂ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਵੀ ਜਥੇਦਾਰਾਂ ਦੇ ਧਿਆਨ ਵਿੱਚ ਲਿਆਂਦਾ। ਸ੍ਰ. ਸਰਨਾ ਦੇ ਮੂੰਹੋਂ ਕੈਲਡਰ ਦੀ ਗੱਲ ਸੁਣਦੇ ਸਾਰ ਹੀ ਜਥੇਦਾਰਾਂ ਨੇ ਸ੍ਰ. ਸਰਨਾ ਤੇ ਸ਼ਬਦੀ ਬਾਣ ਛੱਡਦਿਆਂ ਕਿਹਾ ਕਿ ਤੁਸੀਂ ਨਾਨਕਸ਼ਾਹੀ ਕੈਲੰਡਰ ਮਾਮਲੇ ‘ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਤਾਂ ਸਰਨਾ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਪੰਜ ਜਥੇਦਾਰ ਇਸ ਮਾਮਲੇ ‘ਤੇ ਇਕੱਠੇ ਹੋ ਕੇ ਫੈਸਲਾ ਕਰ ਲਉ, ਮੈਂ ਉਸ ਨੂੰ ਵੀ ਮੰਨ ਲਵਾਂਗਾ।


ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤੁਰੰਤ ਕਿਹਾ ਕਿ ਉਸ ਹੁਕਮਨਾਮੇ ‘ਤੇ ਪੰਜਾਂ ਜਥੇਦਾਰਾਂ ਦੇ ਦਸਤਖਤ ਹਨ ਤਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਉਹ ਕੱਲ੍ਹ ਵੀ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਹਨ ਤੇ ਮੂਲ ਕੈਲੰਡਰ ਨੂੰ ਹੀ ਮੰਨਦੇ ਹਨ। ਸੂਤਰ ਦੱਸਦੇ ਹਨ ਕਿ ਗਿਆਨੀ ਨੰਦਗੜ੍ਹ ਦੀ ਇਸ ਗੱਲ ‘ਤੇ ਸਾਰੇ ਹੀ ਜਥੇਦਾਰਾਂ ਦੀ ਬੋਲਤੀ ਇਕ ਵਾਰ ਤਾਂ ਬੰਦ ਹੋ ਗਈ ਤੇ ਬਾਅਦ ਵਿੱਚ ਛਿੱਥੇ ਪਏ ਜਥੇਦਾਰ ਸ੍ਰ. ਸਰਨਾ ਕੋਲੋਂ ਸਪੱਸ਼ਟੀਕਰਨ ਲੈਂਦੇ ਰਹੇ।


ਸੂਤਰ ਇਹ ਵੀ ਦੱਸਦੇ ਹਨ ਕਿ ਸ੍ਰ. ਸਰਨਾ ਨੇ ਜਥੇਦਾਰਾਂ ਕੋਲ ਸਵਾਲ ਕੀਤਾ ਕਿ ਉਹ ਦੱਸਣ ਕਿ 12 ਜੂਨ 2013 ਨੂੰ ਦਿੱਲੀ ਵਿਖੇ ਉਨ੍ਹਾਂ ਕਿਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਹੈ? ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਅਦਾਲਤ ਵਿੱਚ ਲਿਖਤੀ ਹਲਫੀਆ ਬਿਆਨ ਦਿੱਤਾ ਹੈ ਕਿ ਇਹ ਯਾਦਗਾਰ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਮਾਰੇ ਗਏ ਬੇਗੁਨਾਹਾਂ ਦੀ ਹੈ। ਸੂਤਰਾਂ ਮੁਤਾਬਕ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਥੇਦਾਰਾਂ ਦੀ ਪਿਛਲੀ ਮੀਟਿੰਗ ਵਿੱਚ ਤੁਸੀਂ ਗਿਆਨੀ ਇਕਬਾਲ ਸਿੰਘ ਨੂੰ ਸ਼ਾਮਲ ਹੋਣ ਤੋਂ ਰੋਕਿਆ ਸੀ, ਕਿਉਂਕਿ ਤਖਤ ਪਟਨਾ ਸਾਹਿਬ ‘ਤੇ ਸਰਨਾ ਭਰਾ ਕਾਬਜ਼ ਹਨ ਤਾਂ ਸ੍ਰ. ਸਰਨਾ ਨੇ ਕਿਹਾ ਕਿ ਤੁਸੀਂ ਗਿਆਨੀ ਇਕਬਾਲ ਸਿੰਘ ਨੂੰ ਹੀ ਪੁੱਛ ਲਉ ਕਿ ਅਸੀਂ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਸੀ ਜਾਂ ਨਹੀਂ।


ਸ੍ਰ. ਸਰਨਾ ਦੇ ਕਹਿਣ ‘ਤੇ ਗਿਆਨੀ ਇਕਬਾਲ ਸਿੰਘ ਨੇ ਇਨਕਾਰ ਕਰਦਿਆਂ ਕਿਹਾ ਕਿ ਮੈਨੂੰ ਕਿਸੇ ਨੇ ਨਹੀਂ ਰੋਕਿਆ। ਸ੍ਰ. ਸਰਨਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਤੁਸੀਂ ਮੰਨਦੇ ਹੋ ਕਿ ਕਮੇਟੀਆਂ ਦਾ ਜਥੇਦਾਰਾਂ ਤੇ ਦਬਾਅ ਹੈ ਜੇ ਹੈ ਤਾਂ ਫਿਰ ਤੁਸੀਂ ਵੀ ਕਮੇਟੀ ਦੇ ਦਬਾਅ ਹੇਠ ਹੋ। ਸ੍ਰ. ਸਰਨਾ ਨੇ ਜਥੇਦਾਰ ਨੂੰ ਕਿਹਾ ਕਿ ਪੰਥ ਦੇ ਕਈ ਹੋਰ ਮਸਲੇ ਵੀ ਹਨ, ਉਨ੍ਹਾਂ ਬਾਰੇ ਤੁਸੀਂ ਕਦੇ ਨਹੀਂ ਬੋਲੇ ਤਾਂ ਜਥੇਦਾਰ ਨੇ ਕਿਹਾ ਕਿ ਤੁਸੀਂ ਕਦੇ ਫਿਰ ਆ ਜਾਉ, ਅਸੀਂ ਖੁੱਲ੍ਹ ਕੇ ਵਿਚਾਰ ਕਰ ਲਵਾਂਗੇ ਤਾਂ ਸ੍ਰ. ਸਰਨਾ ਨੇ ਕਿਹਾ ਕਿ ਹੁਣ ਜਦ ਦਿੱਲੀ ਆਉਗੇ ਤਾਂ ਖੁੱਲ੍ਹ ਕੇ ਵਿਚਾਰ ਕਰਾਂਗੇ।



Archive

RECENT STORIES