Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫ਼ਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਦੀਆਂ ਧੀਆਂ ਨੂੰ ਮਿਲਣਗੇ 20,000 ਕਰੋੜ

Posted on July 28th, 2013


ਚੰਡੀਗੜ੍ਹ- ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਦੀਆਂ ਦੋ ਧੀਆਂ ਨੂੰ 23 ਸਾਲਾ ਕਾਨੂੰਨੀ ਲੜਾਈ ਪਿੱਛੋਂ 20,000 ਕਰੋੜ ਰੁਪਏ ਦੀ ਜਾਇਦਾਦ ਮਿਲਣ ਦਾ ਰਾਹ ਪਧਰਾ ਹੋ ਗਿਆ ਹੈ। ਇਹ ਸੰਪਤੀਆਂ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿਖੇ ਸਥਿਤ ਹਨ। 
ਮਹਾਰਾਜਾ ਹਰਿੰਦਰ ਸਿੰਘ ਦੀ ਵੱਡੀ ਬੇਟੀ ਅੰਮ੍ਰਿਤ ਕੌਰ ਨੇ ਉਸ ਵਸੀਅਤ ਨੂੰ ਚੁਨੌਤੀ ਦਿਤੀ ਸੀ ਜਿਸ ਮੁਤਾਬਕ ਸਾਰੀ ਜਾਇਦਾਦ 'ਮਿਹਰਵਾਲ ਖੀਵਾਜੀ ਟਰੱਸਟ' ਦੇ ਅਧੀਨ ਕਰ ਦਿਤੀ ਗਈ ਸੀ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਰਜਨੀਸ਼ ਕੁਮਾਰ ਸ਼ਰਮਾ ਨੇ ਵਸੀਅਤ ਨੂੰ ਝੂਠੀ ਕਰਾਰ ਦਿੰਦਿਆਂ ਅੰਮ੍ਰਿਤ ਕੌਰ ਅਤੇ ਉਸ ਦੀ ਭੈਣ ਦੀਪਇੰਦਰ ਕੌਰ ਨੂੰ 20,000 ਕਰੋੜ ਦੀ ਜਾਇਦਾਦ ਦਾ ਹੱਕਦਾਰ ਕਰਾਰ ਦਿਤਾ। ਦੋਹਾਂ ਭੈਣਾਂ ਨੂੰ ਮਿਲਣ ਵਾਲੀ ਸੰਪਤੀ ਵਿਚ 1000 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਵੀ ਸ਼ਾਮਲ ਹਨ।
ਮਹਾਰਾਜਾ ਹਰਿੰਦਰ ਸਿੰਘ ਦੇ ਪਰਵਾਰ ਦੇ ਵਕੀਲ ਵਿਕਾਸ ਜੈਨ ਨੇ ਦਸਿਆ ਕਿ 1 ਜੁਲਾਈ 1982 ਨੂੰ ਤਿਆਰ ਕੀਤੀ ਗਈ ਵਸੀਅਤ ਨੂੰ ਅਦਾਲਤ ਨੇ ਗ਼ੈਰ ਕਾਨੂੰਨੀ ਐਲਾਨ ਦਿਤਾ ਹੈ। ਦੱਸਣਯੋਗ ਹੈ ਕਿ ਮਹਾਰਾਜਾ ਹਰਿੰਦਰ ਸਿੰਘ ਦੀਆਂ ਤਿੰਨ ਧੀਆਂ ਸਨ ਜਿਨ੍ਹਾਂ ਵਿਚੋਂ ਮਹੀਪਇੰਦਰ ਕੌਰ ਦੀ ਕੁੱਝ ਸਾਲ ਪਹਿਲਾਂ ਸ਼ਿਮਲਾ ਵਿਖੇ ਮੌਤ ਹੋ ਗਈ ਸੀ ਜਦਕਿ ਅੰਮ੍ਰਿਤ ਕੌਰ ਚੰਡੀਗੜ੍ਹ ਦੇ ਸੈਕਟਰ-10 ਵਿਚ ਰਹਿੰਦੀ ਹੈ ਅਤੇ ਦੀਪਇੰਦਰ ਕੌਰ ਕੋਲਕਾਤਾ ਵਿਖੇ ਵਸੀ ਹੋਈ ਹੈ। ਝੂਠੀ ਵਸੀਅਤ ਤਿਆਰ ਕੀਤੇ ਜਾਣ ਸਮੇਂ ਮਹਾਰਾਜਾ ਹਰਿੰਦਰ ਸਿੰਘ ਮਾਨਸਕ ਤੌਰ 'ਤੇ ਠੀਕ ਨਹੀਂ ਸਨ ਕਿਉੁਂਕਿ ਉਨ੍ਹਾਂ ਦੇ ਇਕੋ-ਇਕ ਪੁੱਤਰ ਟਿੱਕਾ ਹਰਮਹਿੰਦਰ ਸਿੰਘ ਬਰਾੜ ਦੀ ਮੌਤ ਹੋ ਗਈ ਸੀ। ਮਹਾਰਾਜੇ ਦੇ ਅਹਿਲਕਾਰਾਂ ਨੇ ਕੁੱਝ ਵਕੀਲਾਂ ਨਾਲ ਰਲ ਕੇ ਇਕ ਝੂਠੀ ਵਸੀਅਤ ਤਿਆਰ ਕਰ ਲਈ ਅਤੇ ਪਰਵਾਰ ਨੂੰ ਹਨੇਰੇ ਵਿਚ ਰਖਿਆ ਗਿਆ। ਵਸੀਅਤ ਮੁਤਾਬਕ ਮਹਾਰਾਜੇ ਦੇ ਸਾਰੇ ਅਹਿਲਕਾਰਾਂ ਨੂੰ ਟਰੱਸਟ ਦਾ ਮੈਂਬਰ ਬਣਾਇਆ ਗਿਆ ਸੀ। ਅੰਮ੍ਰਿਤ ਕੌਰ ਦਾ ਅਪਣੇ ਪਿਤਾ ਦੀ ਜਾਇਦਾਦ ਉਪਰ ਕਾਨੂੰਨੀ ਹੱਕ ਇਹ ਕਹਿ ਕੇ ਖ਼ਾਰਜ ਕਰ ਦਿਤਾ ਗਿਆ ਕਿ ਉਸ ਨੇ ਉਨ੍ਹਾਂ ਦੀ ਇੱਛਾ ਵਿਰੁਧ ਵਿਆਹ ਕਰਵਾਇਆ ਸੀ। 
ਦੀਪਇੰਦਰ ਕੌਰ ਨੂੰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਸਿਰਫ਼ 1200 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲਾਈ ਗਈ ਜਦਕਿ ਮਹੀਪਇੰਦਰ ਕੌਰ ਨੂੰ 1000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ। 1989 ਵਿਚ ਮਹਾਰਾਜਾ ਹਰਿੰਦਰ ਸਿੰਘ ਦੀ ਮੌਤ ਪਿੱਛੋਂ ਵਸੀਅਤ ਸਾਹਮਣੇ ਆਈ ਤਾਂ ਅੰਮ੍ਰਿਤ ਕੌਰ ਨੇ 1992 ਵਿਚ ਇਸ ਵਿਰੁਧ ਮੁਕੱਦਮਾ ਦਾਇਰ ਕਰ ਦਿਤਾ।



Archive

RECENT STORIES