Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਨੂੰ ਵੀਜ਼ੇ ਖ਼ਿਲਾਫ਼ ਲਿਖੇ ਪੱਤਰ ’ਤੇ ਐਮਪੀਜ਼ ਦੇ ਦਸਤਖ਼ਤ ਸਹੀ ਕਰਾਰ

Posted on July 28th, 2013


ਵਾਸ਼ਿੰਗਟਨ- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਵੀਜ਼ਾ ਨਾ ਦੇਣ ਦੇ ਮਾਮਲੇ ਉੱਤੇ ਭਾਰਤੀ ਸੰਸਦ ਮੈਂਬਰਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖੇ ਜਾਣ ਸਬੰਧੀ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ, ਜਦੋਂ ਕੈਲੀਫੋਰਨੀਆ ਆਧਾਰਤ ਫਾਰੈਂਸਿਕ ਜਾਂਚਕਰਤਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਚਿੱਠੀ ਉੱਤੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਦਸਤਖ਼ਤ ‘ਅਸਲ’ ਹਨ। ਦਾਅਵੇ ਮੁਤਾਬਕ ਇਹ ਕਾਪੀ-ਪੇਸਟ ਨਹੀਂ ਕੀਤੇ ਗਏ।

ਜਾਂਚਕਰਤਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਫਾਰੈਂਸਿਕ ਜਾਂਚ ਦੇ ਮਾਨਤਾ ਪ੍ਰਾਪਤ ਸਿਧਾਂਤਾਂ ਅਤੇ ਤਰੀਕਿਆਂ ਦੀ ਵਰਤੋਂ ਕਰਦਿਆਂ ਮੈਂ ਕਹਿ ਸਕਦਾ ਹਾਂ ਕਿ ਕਿਊ-1 ਤੋਂ ਕਿਊ-3 (ਰਾਜ ਸਭਾ ਮੈਂਬਰਾਂ ਦੀ ਚਿੱਠੀ ਦੇ ਤਿੰਨ ਸਫ਼ੇ) ਦਸਤਾਵੇਜ਼ ਇਕੋ ਵੇਲੇ ਤਿਆਰ ਕੀਤਾ ਗਿਆ ਸੀ ਅਤੇ ਇਸ ਉੱਤੇ ਕੀਤੇ ਗਏ ਦਸਤਖ਼ਤ ਸਹੀ/ਵਾਜਬ ਪਾਏ ਗਏ ਹਨ, ਜੋ ਸਿਆਹੀ ਨਾਲ ਕੀਤੇ ਗਏ ਹਨ।’’ ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰਾਂ ਦੀ ਚਿੱਠੀ ਬਾਰੇ ਵੀ ਇਹੋ ਸਿੱਟਾ ਕੱਢਿਆ ਗਿਆ ਸੀ।

ਸ੍ਰੀ ਓਬਾਮਾ ਨੂੰ ਬੀਤੇ ਸਾਲ 26 ਨਵੰਬਰ ਤੇ 5 ਦਸੰਬਰ ਨੂੰ ´ਮਵਾਰ ਰਾਜ ਸਭਾ ਅਤੇ ਲੋਕ ਸਭਾ ਮੈਂਬਰਾਂ ਵੱਲੋਂ ਇਨ੍ਹਾਂ ਪੱਤਰਾਂ ਨੂੰ ਬੀਤੀ 21 ਜੁਲਾਈ ਨੂੰ ਮੁੜ ਤੋਂ ਫੈਕਸ ਕੀਤਾ ਗਿਆ ਸੀ। ਇਸ ਦੀ ਫਾਰੈਂਸਿਕ ਜਾਂਚ ਕੈਲੀਫੋਰਨੀਆ ਦੇ ਮਨਜ਼ੂਰਸ਼ੁਦਾ ਫਾਰੈਂਸਿਕ ਮਾਹਰ ਨੈਨੇਟ ਐਮ ਬਾਰਟੋ ਨੇ ਕੀਤੀ ਹੈ। ਇਹ ਜਾਂਚ ਸ੍ਰੀ ਮੋਦੀ  ਖ਼ਿਲਾਫ਼ ਮੁਹਿੰਮ ਚਲਾਉਣ ਵਾਲੀ ਸੰਸਥਾ ਕੁਲੀਸ਼ਨ ਅਗੇਂਸਟ ਜੈਨੋਸਾਈਡ (ਸੀਏਜੀ) ਦੀ ਬੇਨਤੀ ਉੱਤੇ ਕਰਵਾਈ ਗਈ। 

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕੁਝ ਸੰਸਦ ਮੈਂਬਰਾਂ ਜਿਵੇਂ ਸੀਪੀਐਮ ਦੇ ਸੀਤਾ ਰਾਮ ਯੇਚੁਰੀ, ਸੀਪੀਆਈ ਦੇ ਐਮ.ਪੀ. ਅਛੂਤਨ ਅਤੇ ਡੀਐਮਕੇ ਦੇ ਕੇ.ਪੀ. ਰਾਮਾਲਿੰਗਮ ਨੇ ਅਜਿਹੀ ਚਿੱਠੀ ਉੱਤੇ ਦਸਤਖ਼ਤ ਕੀਤੇ ਹੋਣ ਦਾ ਖੰਡਨ ਕੀਤਾ ਸੀ। ਸੀਏਜੀ 40 ਦੇ ਕਰੀਬ ਭਾਰਤੀ-ਅਮਰੀਕੀ ਸੰਸਥਾਵਾਂ ਦਾ ਇਕ ਗੱਠਜੋੜ ਹੈ, ਜਿਹੜਾ ਸ੍ਰੀ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਦਿੱਤੇ ਜਾਣ ਦਾ ਵਿਰੋਧ ਕਰ ਰਿਹਾ ਹੈ। ਸੰਪਰਕ ਕੀਤੇ ਜਾਣ ਉੱਤੇ ਸ੍ਰੀ ਅਛੂਤਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਯਾਦ-ਪੱਤਰ ਉੱਤੇ ਦਸਤਖ਼ਤ ਕੀਤੇ ਹੋਣ ਬਾਰੇ ਯਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੰਨਾ ਹੀ ਯਾਦ ਹੈ ਕਿ ਉਨ੍ਹਾਂ ਮੁਸਲਿਮ ਨੌਜਵਾਨਾਂ ਨੂੰ ਖ਼ਾਸਕਰ ਉੱਤਰੀ ਭਾਰਤੀ ਰਾਜਾਂ ਵਿੱਚ ਅਤਿਵਾਦੀ ਗਰਦਾਨ ਕੇ ਜੇਲ੍ਹਾਂ ਵਿੱਚ ਡੱਕੇ ਜਾਣ ਦਾ ਵਿਰੋਧ ਕੀਤਾ ਸੀ। ਸ੍ਰੀ ਰਾਮਾਲਿੰਗਮ ਨੇ ਕਿਹਾ ਕਿ ਇਹ ਮਰਿਆਦਾ ਦਾ ਮਾਮਲਾ ਹੈ, ਜੋ ਰਾਜ ਸਭਾ ਦੇ ਚੇਅਰਮੈਨ ਹਾਮਿਦ ਅਨਸਾਰੀ ਨੂੰ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ, ‘‘ਮੈਂ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਮੈਂ ਸਹੀ ਨਹੀਂ ਪਾਈ।’’ ਸ੍ਰੀ ਯੇਚੁਰੀ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਸਤਖ਼ਤ ਨਹੀਂ ਕੀਤੇ ਅਤੇ ਉਨ੍ਹਾਂ ਦੇ ਦਸਤਖ਼ਤ ‘ਕਾਪੀ ਕਰਕੇ ਚੇਪੇ ਗਏ’ ਹਨ। ਇਸ ਵੇਲੇ ਸ੍ਰੀ ਯੇਚੁਰੀ ਇਕ ਸੰਸਦੀ ਵਫ਼ਦ ਵਿੱਚ ਉੱਤਰੀ ਕੋਰੀਆ ਗਏ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 



Archive

RECENT STORIES