Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ੍ਰੀ ਆਨੰਦਪੁਰ ਸਾਹਿਬ ਦੀਆਂ ਰਮਣੀਕ ਪਹਾੜੀਆਂ ਦੀ ਹੋਂਦ ਖਤਰੇ 'ਚ

Posted on July 29th, 2013



ਚੰਡੀਗੜ੍ਹ- ਸਦੀਆਂ ਪਹਿਲਾਂ ਦੇ ਮਾਣਮੱਤੇ ਇਤਿਹਾਸ ਨੂੰ ਆਪਣੇ ਕਲਾਵੇ 'ਚ ਸਾਂਭੀ ਬੈਠੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀਆਂ ਰਮਣੀਕ ਪਹਾੜੀਆਂ ਦੀ ਹੋਂਦ ਖਤਰੇ 'ਚ ਹੈ, ਕਿਉਂਕਿ ਵੱਡੇ ਵੱਡੇ ਕਾਲੋਨਾਈਜ਼ਰਾਂ ਨੇ ਆਪਣਾ ਰੁਖ ਹੁਣ ਇਨ੍ਹਾਂ ਪਹਾੜੀਆਂ ਵੱਲ ਕਰ ਲਿਆ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਬਚਾਉਣ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ ਜਾ ਰਿਹਾ, ਸਗੋਂ ਅੱਖਾਂ ਬੰਦ ਕਰਕੇ ਕੁਦਰਤੀ ਖੂਬਸੂਰਤੀ ਦੀ ਬਰਬਾਦੀ ਦਾ ਤਮਾਸ਼ਾ ਦੇਖਿਆ ਜਾ ਰਿਹਾ ਹੈ। ਇਨ੍ਹਾਂ ਕਾਲੋਨਾਈਜ਼ਰਾਂ ਵੱਲੋਂ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ 'ਕੰਕਰੀਟ ਦਾ ਜੰਗਲ' ਉਸਾਰਨ ਲਈ ਚੁਣੇ ਜਾ ਰਹੇ ਹਨ। ਉਦਾਹਰਣ ਵਜੋਂ ਸ੍ਰੀ ਅਨੰਦਪੁਰ ਸਾਹਿਬ ਦੀ ਸ੍ਰੀ ਦਸ਼ਮੇਸ਼ ਅਕੈਡਮੀ ਤੋਂ ਚੰਗਰ ਦੇ ਇਲਾਕੇ ਨੂੰ ਜਾਣ ਵਾਲੀ ਨੀਮ ਪਹਾੜੀਆਂ 'ਚੋਂ ਗੁਜ਼ਰਦੀ ਸੜਕ 'ਤੇ ਪਿੰਡ ਧਨੇੜਾ ਲਾਗੇ ਇੱਕ ਕੰਪਨੀ ਵਲੋਂ ਕਈ ਏਕੜ ਜ਼ਮੀਨ ਖਰੀਦ ਕੇ ਇਸ ਨੂੰ ਰਿਹਾਇਸ਼ੀ ਪਲਾਟਾਂ/ਫਾਰਮ ਹਾਊਸ ਦੇ ਰੂਪ 'ਚ ਵੇਚਿਆ ਜਾ ਰਿਹਾ ਹੈ। ਮਾਲ ਮਹਿਕਮੇ ਦੇ ਰਿਕਾਰਡ ਵਿਚ ਇਸ ਜ਼ਮੀਨ ਦੀ ਕਿਸਮ ਬੰਜਰ ਦੱਸੀ ਗਈ ਹੈ ਜਿਸ ਦਾ ਮਤਲਬ ਕੰਪਨੀ ਵਲੋਂ ਪਲਾਟਾਂ/ਫਾਰਮ ਹਊਸਾਂ ਦੇ ਰੂਪ ਵਿੱਚ ਵੇਚਣ ਤੋਂ ਪਹਿਲਾਂ ਇਸ ਜ਼ਮੀਨ ਦੀ ਕਿਸਮ ਨੂੰ 'ਚੇਂਜ ਆਫ ਲੈਂਡ ਯੂਜ਼ (ਸੀ. ਐੱਲ. ਯੂ)' ਨਹੀਂ ਕਰਵਾਈ ਗਈ ਤੇ ਜ਼ਮੀਨ ਲਈ ਪੁੱਡਾ ਜਾਂ ਕਿਸੇ ਹੋਰ ਸੰਬੰਧਿਤ ਅਥਾਰਟੀ ਦੀ ਨਾ ਤਾਂ ਮਨਜ਼ੂਰੀ ਲਈ ਗਈ ਅਤੇ ਨਾ ਹੀ ਮਨਜ਼ੂਰੀ ਮਿਲਣੀ ਸੰਭਵ ਹੈ।

ਇਸ ਤੋਂ ਇਲਾਵਾ ਧਨੇੜਾਂ ਤੋਂ ਕੁੱਝ ਕਿਲੋਮੀਟਰ ਦੂਰ ਪਿੰਡ ਸਮਲ਼ਾਹ ਵਿਖੇ ਵੀ ਇੱਕ ਕੰਪਨੀ ਵਲੋਂ ਅਜਿਹੇ ਪਲਾਟ/ਫਾਰਮ ਹਾਊਸ ਵੇਚਣ ਲਈ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਫਲੈਕਸ ਬੋਰਡ ਲਾਇਆ ਹੋਇਆ ਹੈ, ਜਿੱਥੇ ਕਿ ਬਹੁਤੀ ਜ਼ਮੀਨ ਜੰਗਲਾਤ ਵਿਭਾਗ ਦੀ ਦਫ਼ਾ 4 ਜਾਂ 5 ਵਿੱਚ ਹੈ, ਜਿਸ ਦੇ ਕੁੱਝ ਹਿੱਸੇ ਵਿੱਚ ਖੈਰ ਦੇ ਦਰੱਖਤ ਵੀ ਖੜ੍ਹੇ ਹਨ। ਇਹ ਜ਼ਮੀਨ ਵੀ ਮਾਲ ਮਹਿਕਮੇ ਦੇ ਰਿਕਾਰਡ ਵਿਚ ਬੰਜਰ ਦੱਸੀ ਗਈ ਹੈ, ਉਪਰੋਕਤ ਸਮੂਹ ਜਾਣਕਾਰੀਆਂ ਦਿੰਦਿਆਂ ਆਰ. ਟੀ. ਆਈ. ਕਾਰਕੁੰਨ ਐਡਵੋਕੇਟ ਦਿਨੇਸ਼ ਚੱਢਾ (ਰੂਪਨਗਰ) ਨੇ ਕਿਹਾ ਕਿ ਇਹ ਇਲਾਕਾ ਦੇਖਣ 'ਚ ਬਹੁਤ ਦੀ ਹਰਿਆਲੀ ਭਰਪੂਰ ਹੈ, ਪਰ ਭਵਿੱਖ 'ਚ ਇਹ ਹਰਿਆਲੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਕੌਡੀਆਂ ਦੇ ਭਾਅ ਖਰੀਦੀ ਇਹ ਜ਼ਮੀਨ ਅੱਗੇ ਕਈ ਗੁਣਾ ਜ਼ਿਆਦਾ ਮੁਨਾਫ਼ੇ ਲਈ ਵੇਚੀ ਜਾ ਰਹੀ ਹੈ ਅਤੇ ਇਹ ਕੰਪਨੀਆਂ ਆਪਣਾ ਬਾਜ਼ਾਰੀਕਰਨ ਖੁੱਲ੍ਹੇਆਮ ਕਰ ਰਹੀਆਂ ਹਨ, ਇੱਥੋਂ ਤੱਕ ਕਿ ਇਨ੍ਹਾਂ ਦੀ ਮਾਰਕੀਟਿੰਗ ਘੁੰਮ ਰਹੇ ਸੇਲਜ਼ਮੈਨਾਂ ਅਤੇ ਵੈੱਬਸਾਈਟ ਰਾਹੀਂ ਵੀ ਹੋ ਰਹੀ ਹੈ। 

ਐਡਵੋਕੇਟ ਚੱਢਾ ਨੇ ਕਿਹਾ ਕਿ ਉੱਤਰਾਖੰਡ ਵਿੱਚ ਭਿਆਨਕ ਤੂਫ਼ਾਨ ਦੇ ਚੱਲਦਿਆਂ ਹੋਈ ਭਿਆਨਕ ਤਬਾਹੀ ਦਾ ਕਾਰਨ ਕੁਦਰਤ ਨਾਲ ਛੇੜ-ਛਾੜ ਮੰਨਿਆ ਜਾ ਰਿਹਾ ਹੈ, ਇਸ ਲਈ ਸ੍ਰੀ ਆਨੰਦਪੁਰ ਸਾਹਿਬ ਨੇੜੇ ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਕਿਉਂਕਿ ਸੀਮੈਂਟ ਦੀਆਂ ਉਸਾਰੀਆਂ ਦਾ ਜੰਗਲ ਬਹੁਤ ਵੱਡੇ ਵਣ ਜੀਵਨ ਨੂੰ ਖ਼ਤਮ ਕਰ ਦੇਵੇਗਾ, ਜੋ ਕਿ ਇਕ ਵੱਡਾ ਦੁਖਾਂਤ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਤਹਾਸਿਕ ਪੱਖੋਂ ਮਹੱਤਵਪੂਰਨ ਅਤੇ ਕੁਦਰਤੀ ਸੁਹੱਪਣ ਨਾਲ ਮਾਲਾ-ਮਾਲ ਇਸ ਹਰਿਆਲੀ ਭਰਪੂਰ ਖੇਤਰ ਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣ। 
ਇਸ ਬਾਰੇ ਜਦੋਂ ਇਕ ਕੰਪਨੀ ਦੀ ਵੈੱਬਸਾਈਟ ਦੇਖੀ ਗਈ ਤਾਂ ਉਸ ਵਿਚ ਕਿਧਰੇ ਵੀ ਪੰਜਾਬ ਸਰਕਾਰ ਜਾਂ ਪੁੱਡਾ ਦੀ ਪ੍ਰਵਾਨਗੀ ਬਾਰੇ ਕੁੱਝ ਵੀ ਦਰਜ ਨਹੀਂ ਸੀ। ਕੰਪਨੀ ਦੇ 'ਟੋਲ ਫ੍ਰੀ ਨੰਬਰ' 'ਤੇ ਸੰਪਰਕ ਕੀਤੇ ਜਾਣ 'ਤੇ ਇਕ ਮੁਲਾਜ਼ਮ ਨੇ ਦੱਸਿਆ ਕਿ ਕੰਪਨੀ ਸ੍ਰੀ ਆਨੰਦਪੁਰ ਸਾਹਿਬ ਨੇੜੇ ਰਿਹਾਇਸ਼ੀ ਪਲਾਟਾਂ ਅਤੇ ਫਾਰਮ ਹਾਊਸ ਦੇ ਪ੍ਰਾਜੈਕਟਾਂ ਦੇ ਸੌਦੇ ਕਰ ਰਹੀ ਹੈ, ਪ੍ਰੰਤੂ ਜਦੋਂ ਮੁਲਾਜ਼ਮ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਮੁਲਾਜ਼ਮ ਨੇ ਕਿਹਾ ਕਿ ਉਹ ਜਾਣਕਾਰੀ ਦੇਣ ਲਈ ਆਪ ਫੋਨ ਕਰਨਗੇ। ਬੇਸ਼ੱਕ ਨਾ ਹੀ ਬਾਅਦ ਵਿਚ ਫੋਨ ਆਇਆ ਅਤੇ ਨਾ ਹੀ ਦੁਬਾਰਾ ਸੰਪਰਕ ਕੀਤੇ ਜਾਣ 'ਤੇ ਮੁਲਾਜ਼ਮ ਨੇ ਫੋਨ ਚੁੱਕਿਆ।



Archive

RECENT STORIES