Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਦਾ ਸੁਖਪਾਲ ਸਿੰਘ ਪਨੇਸਰ ਕੈਨੇਡਾ ਦੀ ਸੀਨੀਅਰ ਹਾਕੀ ਟੀਮ ਲਈ ਚੁਣਿਆ

Posted on July 30th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ 'ਚ ਫੀਲਡ ਹਾਕੀ ਦੇ ਉਲੰਪੀਅਨ ਪੈਦਾ ਕਰਨ ਵਾਲੀ ਸਰੀ ਦੀ ਧਰਤੀ ਨੇ ਇੱਕ ਹੋਰ ਸਿਤਾਰਾ ਪੈਦਾ ਕੀਤਾ ਹੈ, ਜਿਸਦਾ ਨਾਂਅ ਹੈ ਸੁਖਪਾਲ ਸਿੰਘ ਪਨੇਸਰ | 'ਯੂਨਾਇਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਨਾਲ 9 ਸਾਲ ਪਹਿਲਾਂ ਖੇਡਣ ਲੱਗਾ ਇਹ ਨੌਜਵਾਨ ਆਪਣੀ ਬਿਹਤਰੀਨ ਖੇਡ ਦੀ ਬਦੌਲਤ ਕੈਨੇਡਾ ਦੀ ਸੀਨੀਅਰ ਹਾਕੀ ਟੀਮ ਲਈ ਚੁਣਿਆ ਗਿਆ ਹੈ | 11 ਤੋਂ 17 ਅਗਸਤ ਤੱਕ ਉਂਟਾਰੀਓ ਦੇ ਸ਼ਹਿਰ ਬਰੈਂਪਟਨ ਵਿਖੇ ਹੋਣ ਵਾਲੇ ਪੈਨ ਐਮ ਕੱਪ 'ਚ ਸੁਖਪਾਲ ਟੀਮ ਕੈਨੇਡਾ ਲਈ ਖੇਡੇਗਾ | ਇਸ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਅਗਲੇ ਸਾਲ ਹੇਗ (ਨੀਦਰਲੈਂਡ) ਵਿਖੇ 31 ਮਈ ਤੋਂ 15 ਜੂਨ ਤੱਕ ਹੋ ਰਹੇ 13ਵੇਂ ਵਿਸ਼ਵ ਹਾਕੀ ਕੱਪ 'ਚ ਖੇਡਣ ਦਾ ਸੁਭਾਗ ਪ੍ਰਾਪਤ ਹੋਵੇਗਾ | ਜੂਨੀਅਰ ਟੀਮ 'ਚ ਖੇਡਦਿਆਂ ਸੁਖਪਾਲ ਨੇ ਪਹਿਲਾਂ ਹੀ ਆਪਣੀ ਖੇਡ ਦਾ ਲੋਹਾ ਮੰਨਵਾਇਆ ਹੋਇਆ ਹੈ | 

ਪੰਜਾਬ ਦੀ ਤਹਿਸੀਲ ਜਗਰਾਓਾ ਦੇ ਪਿੰਡ ਚਚਰਾੜੀ ਤੋਂ ਪ੍ਰਵਾਸ ਕਰਕੇ ਕੈਨੇਡਾ ਪਹੁੰਚੇ ਸ. ਬਲਬੀਰ ਸਿੰਘ ਪਨੇਸਰ, ਜੋ ਕਿ ਖੁਦ ਹਾਕੀ ਦੇ ਵਧੀਆ ਖਿਡਾਰੀ ਰਹੇ ਹਨ, ਨੇ ਆਪਣੇ ਫਰਜ਼ੰਦ ਦੀਆਂ ਪ੍ਰਾਪਤੀਆਂ ਨੂੰ ਸੁਖਪਾਲ ਤੇ ਉਸ ਦੇ ਕੋਚ ਸਾਹਿਬਾਨਾਂ ਦੀ ਮਿਹਨਤ ਦਾ ਫਲ ਦੱਸਿਆ | ਸੁਖਪਾਲ ਬਾਰੇ ਟਿੱਪਣੀ ਕਰਦਿਆਂ 'ਯੂਨਾਇਟਿਡ ਬ੍ਰਦਰਜ਼ ਫੀਲਡ ਹਾਕੀ ਕਲੱਬ' ਦੇ ਪ੍ਰਧਾਨ ਨਿਰਮਲ ਸਿੰਘ ਸੋਹਲ ਨੇ ਆਖਿਆ ਕਿ ਸਾਡੇ ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਇੱਥੇ ਬਹੁਤ ਉੱਜਵਲ ਹੈ | ਅਜਿਹੇ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਹੁਤ ਜਲਦ ਹਾਕੀ ਦੇ ਅੰਤਰਰਾਸ਼ਟਰੀ ਮੰਚ 'ਤੇ ਕੈਨੇਡਾ ਦੇ ਜੰਮਪਲ ਪੰਜਾਬੀ ਨੌਜਵਾਨਾਂ ਦੀ ਪੂਰੀ ਤੂਤੀ ਬੋਲੇਗੀ | 



Archive

RECENT STORIES