Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ ਦਾ ਨਾਮਵਰ ਪੰਜਾਬੀ ਬਿਲਡਰ ਆਪਣੇ ਘਰ ਤੋਂ ਵੀ ਵਿਰਵਾ ਹੋਇਆ

Posted on July 30th, 2013

<p>ਤਰਸੇਮ ਸਿੰਘ ਉਰਫ ਭਜੀ ਗਿੱਲ Old (left) and recent picture (right)<br></p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀ. ਸੀ. ਦੇ ਪਹਿਲੇ ਨਾਮਵਰ ਬਿਲਡਰਾਂ ਅਤੇ ਕਬੱਡੀ ਪ੍ਰਮੋਟਰਾਂ 'ਚ ਸ਼ੁਮਾਰ ਵੈਨਕੂਵਰ ਨਿਵਾਸੀ ਤਰਸੇਮ ਸਿੰਘ ਉਰਫ ਭਜੀ ਗਿੱਲ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਆਪਣਾ ਘਰ ਛੱਡਣਾ ਪਿਆ | ਗਿੱਲ 'ਤੇ 77 ਘਰ ਮਾਲਕਾਂ ਅਤੇ 30 ਕਰਜ਼ਦਾਰਾਂ ਨਾਲ 31 ਮਿਲੀਅਨ ਡਾਲਰ (ਲਗਭਗ 170 ਕਰੋੜ ਰੁਪਏ) ਦੀ ਜਾਅਲਸਾਜ਼ੀ ਕਰਨ ਦਾ ਦੋਸ਼ ਸੀ, ਜਿਸ ਨੂੰ ਉਸ ਨੇ ਲੰਮੇ ਚੱਲੇ ਮੁਕੱਦਮੇ ਉਪਰੰਤ ਆਪ ਹੀ ਬੀਤੇ ਮਈ ਮਹੀਨੇ ਕਬੂਲ ਲਿਆ ਸੀ | 

ਮਾਣਯੋਗ ਜੱਜ ਨੇ ਗਿੱਲ ਨੂੰ ਆਪਣੀ ਰਿਹਾਇਸ਼ ਵਾਲਾ ਘਰ ਵੀ ਖਾਲੀ ਕਰਕੇ ਲੈਣਦਾਰਾਂ ਦੀ ਭਰਪਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਉਹ ਆਪਣੇ ਆਪ ਇਹ ਘਰ ਛੱਡ ਕੇ ਨਹੀਂ ਗਿਆ ਅਤੇ ਬੀਤੇ ਦਿਨ ਅਦਾਲਤੀ ਅਧਕਾਰੀਆਂ ਨੇ ਖੁਦ ਆ ਕੇ ਉਸ ਤੋਂ ਉਸ ਦੀ ਰਿਹਾਇਸ਼ ਖਾਲੀ ਕਰਵਾਈ | 

ਗਿੱਲ ਦੀ ਇਸ ਜਾਅਲਸਾਜ਼ੀ ਵਿਚ ਫਸਣ ਵਾਲੇ ਬਹੁਤੇ ਲੋਕ ਪੰਜਾਬੀ ਹੀ ਸਨ, ਜਿਨ੍ਹਾਂ ਨੇ ਆਪਣੀ ਉਮਰ ਭਰ ਦੀ ਕਮਾਈ ਹੋਈ ਪੂੰਜੀ ਗਿੱਲ ਮਗਰ ਲੱਗ ਕੁ ਗੁਆ ਲਈ | ਇਹ ਲੋਕ ਹਾਲੇ ਵੀ ਗਿੱਲ ਨੂੰ ਬਦਦੁਆਵਾਂ ਦੇ ਰਹੇ ਹਨ | ਇਸ ਜਾਅਲਸਾਜ਼ੀ ਦੇ ਇਕ ਪੀੜ੍ਹਤ ਗੁਰਮੀਤ ਸੀਹਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇ ਤਿੰਨ ਸਾਲ ਪਹਿਲਾਂ ਉਹ ਗਿੱਲ ਦੇ ਚੁੰਗਲ 'ਚ ਨਾ ਫਸਦਾ ਤਾਂ ਉਸ ਨੇ ਹੁਣ ਨੂੰ ਸੇਵਾ-ਮੁਕਤ ਹੋਇਆ ਹੋਣਾ ਸੀ ਪਰ ਹੁਣ ਰੋਜ਼ੀ-ਰੋਟੀ ਲਈ ਉਸ ਨੂੰ ਹੋਰ ਕਈ ਸਾਲ ਹੱਡ ਭਨਾਉਣੇ ਪੈਣਗੇ | ਸੀਹਰਾ ਨੇ ਦੱਸਿਆ ਕਿ ਉਹ ਲੈਂਗਲੀ ਦੇ ਇਕ ਅਜਿਹੇ ਪਰਿਵਾਰ ਨੂੰ ਵੀ ਜਾਣਦਾ ਹੈ, ਜੋ ਕਿ ਆਪਣੇ ਦੋ ਏਕੜ 'ਚ ਬਣੇ ਸ਼ਾਨਦਾਰ ਘਰ 'ਚ ਰਹਿੰਦਾ ਸੀ ਪਰ ਗਿੱਲ ਕਾਰਨ ਉਨ੍ਹਾਂ ਦੀ ਇਹ ਹਾਲਤ ਹੋ ਗਈ ਸੀ ਕਿ ਉਨ੍ਹਾਂ ਕੋਲ ਆਪਣੇ ਬੱਚਿਆਂ ਲਈ ਜੁੱਤੀਆਂ ਖਰੀਦਣ ਲਈ ਵੀ ਪੈਸੇ ਨਹੀਂ ਹਨ | 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲੰਗੜੋਆ ਨਾਲ ਸਬੰਧਿਤ ਗਿੱਲ ਵੱਲੋਂ ਠੱਗੇ ਗਏ ਲੋਕਾਂ ਦੀ ਸੂਚੀ ਬਹੁਤ ਲੰਮੀ ਉਨ੍ਹਾਂ ਦਾ ਕਹਿਣਾ ਹੈ ਕਿ ਗਿੱਲ ਕਾਰਨ ਜੋ ਦੁੱਖ ਉਨ੍ਹਾਂ ਸਹੇ ਹਨ, ਉਸ ਦੇ ਮੁਕਾਬਲੇ ਗਿੱਲ ਨੂੰ ਬਣਦੀ ਸਜ਼ਾ ਨਹੀਂ ਮਿਲੀ ਹੈ | ਕਿਸੇ ਵੇਲੇ ਵੈਨਕੂਵਰ ਦੇ ਬੀ. ਸੀ. ਪਲੇਸ ਵਰਗੇ ਅਤਿ ਮਹਿੰਗੇ ਸਟੇਡੀਅਮ 'ਚ ਵੱਡੇ-ਵੱਡੇ ਕਬੱਡੀ ਕੱਪਾਂ 'ਚ ਉਸਤਾਦ ਨੁਸਰਤ ਫਤਹਿ ਅਲੀ ਖਾਨ ਵਰਗੇ ਫਨਕਾਰਾਂ ਨੂੰ ਗਵਾਉਣ ਵਾਲੇ ਅਤੇ ਹਰ ਸਾਲ ਵੈਨਕੂਵਰ 'ਚ ਦਰਜਨਾਂ ਘਰਾਂ ਦਾ ਨਿਰਮਾਣ ਕਰਨ ਵਾਲੇ ਭਜੀ ਗਿੱਲ ਦੀ ਇਕ ਦਿਨ ਅਜਿਹੀ ਹਾਲਤ ਵੀ ਹੋਵੇਗੀ, ਇਸ ਬਾਰੇ ਕਦੇ ਕਿਸੀ ਨੇ ਸੋਚਿਆ ਵੀ ਨਹੀਂ ਸੀ.



Archive

RECENT STORIES