Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖਿਝੀ ਹੋਈ ਅਫ਼ਸਰਨੀ ‘ਜ਼ਫ਼ਰ’ ਨੂੰ ਤਾਂ ਕੀ, ਮੁੱਖ ਮੰਤਰੀ ਨੂੰ ਵੀ ‘ਜ਼ਲੀਲ’ ਕਰਨ ਤਕ ‘ਗਿਰੀ’

Posted on October 2nd, 2026

ਬਖ਼ਸ਼ਿੰਦਰ

ਸਰੀ/ਚੰਡੀਗੜ੍ਹ-ਪੰਜਾਬ ਦੇ, ਪੰਜਾਬੀ-ਦੋਖੀ ਅਧਿਕਾਰੀਆਂ ਦੀ ਮੋਹਰਨ ਸਦਾਉਂਦੀ ਇਕ ਅਫ਼ਸਰਨੀ, ਜੋ ਪਹਿਲਾਂ ਪੰਜਾਬ ਦੇ ਭਾਸ਼ਾ ਵਿਭਾਗ ਨੂੰ ‘ਵਾਧੂ’ ਕਰਾਰ ਦਿੰਦਿਆਂ ਇਸ ਦਾ ਬੋਰੀਆ-ਬਿਸਤਰਾ ਲਪੇਟਣ ਲਈ ਅੱਡੀਆਂ ਤਕ ਜ਼ੋਰ ਲਾ ਕੇ, ਪੰਜਾਬ ਦੇ ਲੇਖਕਾਂ ਦਾ ਰੋਹ ਸਹੇੜ ਚੁੱਕੀ ਹੈ, ਹੁਣ ਹੋਰ ਵੀ ਹੋਛੀਆਂ ਗੱਲਾਂ ਕਰਨ ਤਕ ‘ਗਿਰ’ ਗਈ ਹੈ। ਇਹ ਇੰਕਸ਼ਾਫ਼, ਇਨ੍ਹੀਂ ਦਿਨੀਂ, ਪੰਜਾਬ ਦੀ ਪ੍ਰਸ਼ਾਸਨਕ ਸਕੱਤਰ ਸੁਨਾਲੀ ਗਿਰੀ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ‘ਜ਼ਫ਼ਰ’ ਨੂੰ, ਉਨ੍ਹਾਂ ਵਿਰੁੱਧ ਕਈ ‘ਕੱਚੇ-ਪਿੱਲੇ’ ਦੋਸ਼ ਲਗਾ ਕੇ, ਉਨ੍ਹਾਂ ਬਾਰੇ ਜੁਆਬ-ਤਲਬੀ ਨੋਟਿਸ ਭੇਜ ਹਟਣ ’ਤੇ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਵੱਲੋਂ, 7 ਸਤੰਬਰ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਇਕ ਲੰਬੀ ਚਿੱਠੀ, ਜਿਸ ਦਾ ਇਕ ਉਤਾਰਾ ਇਸ ਪੱਤਰਕਾਰ ਕੋਲ ਵੀ ਮੌਜੂਦ ਹੈ, ਪੜ੍ਹਨ ਤੋਂ ਹੋਇਆ ਹੈ।

ਇਸ ਚਿੱਠੀ ਵਿਚ ‘ਜ਼ਫ਼ਰ’ ਨੇ ਇਹ ਦੋਸ਼ ਲਾਇਆ ਹੋਇਆ ਹੈ ਕਿ ਇਸ ‘ਗਿਰੀ’ (ਹੋਈ) ਅਫ਼ਸਰਨੀ ਨੇ ਉਨ੍ਹਾਂ ਨਾਲ਼ ਆਪਣੀ ਪਹਿਲੀ ਹੀ ਮੁਲਾਕਾਤ ਦੌਰਾਨ, ਆਪਣੀ ਸਾਰੀ ਮਿਠਾਸ ਕੱਢ ਕੇ ਇਕ ਪਾਸੇ ਰੱਖਦਿਆਂ, ਉਨ੍ਹਾਂ ਨੂੰ ਬੈਠਣ ਲਈ ਕਹਿਣ ਤੋਂ ਬਗ਼ੈਰ ਹੀ ਇਹ ਕਿਹਾ, “ਆਪ ਕੋ ਤੋ ਪਾਂਚ ਸਾਲ ਕੇ ਬੱਚੇ ਜਿਤਨੀ ਵੀ ਅਕਲ ਨਹੀਂ ਹੈ।” ਉਹ ਲਿਖਦੇ ਹਨ ਕਿ ਇਸ ਅਫ਼ਸਰਨੀ ਵੱਲੋਂ ਇਸ ਤਰ੍ਹਾਂ ‘ਖਾਣ ਨੂੰ ਪੈਣ’ ਵਰਗੀਆਂ ਕਈ ਗੱਲਾਂ ਸੁਣ ਕੇ ਵੀ ਉਨ੍ਹਾਂ ਨੇ. ਆਪਣੇ ਜਜ਼ਬਾਤ ਕਾਬੂ ਤੋਂ ਬਾਹਰ ਨਹੀਂ ਹੋਣ ਦਿੱਤੇ। ਇਸ ਅਫ਼ਸਰਨੀ ਨੇ ‘ਜ਼ਫ਼ਰ’ ਦੀ ਪਾਣ-ਪੱਤ ਰੋਲਣ ਦੇ ਕਈ ਹੀਲੇ ਕੀਤੇ।

ਮੁੱਖ ਮੰਤਰੀ ਨੂੰ ਲਿਖੀ ਹੋਈ ਇਸ ਚਿੱਠੀ ਵਿਚ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਨੇ, ਉਨ੍ਹਾਂ ਦੀ ਅਗਵਾਈ ਵਿਚ, ਇਸ ਵਿਭਾਗ ਵੱਲੋਂ, ਸਾਧਨਾਂ ਦੀ ਥੁੜ ਦੇ ਬਾਵਜੂਦ ਮਾਰੀਆਂ ਹੋਈਆਂ ਮੱਲਾਂ ਦਾ ਜ਼ਿਕਰ ਹੀ ਨਹੀਂ ਕੀਤਾ ਹੋਇਆ, ਸਗੋਂ ਪੰਜਾਬ ਦੇ ਕਈ ਪੰਜਾਬੀ-ਦੋਖੀ ਅਫ਼ਸਰਾਂ ਵੱਲੋਂ ਉਨ੍ਹਾਂ ਦੇ ਰਾਹ ਵਿਚ ਕਈ ਵੱਡੇ ਅੜਿੱਕੇ ਪਾਉਣ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਉਨ੍ਹਾਂ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਸੋਨਾਲੀ ਗਿਰੀ ਨੇ ਮੈਨੂੰ ਜਾਣ-ਪਛਾਣ ਦੀ ਪਹਿਲੀ ਮੀਟਿੰਗ ਲਈ ਬੁਲਾਇਆ ਸੀ। ਮੈਂ ਉਨ੍ਹਾਂ ਵੱਲੋਂ ਮਿੱਥੇ ਸਮੇਂ ’ਤੇ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਤਾਂ ਉਨ੍ਹਾਂ ਨੇ ਆਪਣਾ ਅਫ਼ਸਰੀ ਰੋਹਬ ਦਿਖਾਉਣ ਲਈ ਮੈਨੂੰ ਲਗਭਗ ਪੌਣਾ ਘੰਟਾ ਬਾਹਰ ਖੜ੍ਹਾ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮੇਰੇ ਨਾਲ਼ ਕਦੇ ਮੇਲ-ਮਿਲਾਪ ਜਾਂ ਵਾਹ ਨਹੀਂ ਰਿਹਾ। ਪਰ ਮੈਨੂੰ ਦੇਖਦੇ ਸਾਰ ਹੀ ਉਨ੍ਹਾਂ ਨੇ ਫ਼ਰਮਾਇਆ, “ਆਪ ਕੋ ਤੋ ਪਾਂਚ ਸਾਲ ਕੇ ਬੱਚੇ ਜਿਤਨੀ ਵੀ ਅਕਲ ਨਹੀਂ ਹੈ।”

“ਮੈਂ ਨਿਮਰਤਾ ਸਹਿਤ ਮੈਡਮ ਤੋਂ ਉਨ੍ਹਾਂ ਦੀ ਬੋਲੀ ਵਿਚ ਪੁੱਛਿਆ, ‘ਜੀ ਆਪ ਕਿਆ ਚਾਹਤੇ ਹੋ?’ ਮੈਡਮ ਨੇ ਬਹੁਤ ਸਪੱਸ਼ਟ ਫ਼ਰਮਾਇਆ, ‘ਯੂ ਸ਼ੁੱਡ ਰਿਜ਼ਾਈਨ, ਅਦਰਵਾਈਜ਼ (ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ) ਮੁਝੇ ਹੀ ਕੁਛ ਕਰਨਾ ਪੜੇਗਾ। ਆਪ ਕੇ ਹੋਤੇ ਤੋ ਵਿਭਾਗ ਕਾ ਕੋਈ ਕਾਮ ਨਹੀਂ ਹੋ ਸਕਤਾ।’ ਇਸ ਤਰ੍ਹਾਂ ਮੈਡਮ ਨੇ ‘ਪਹਿਲੀ ਮੁਲਾਕਾਤ’ ਵਿਚ ‘ਆਪਣੀ ਪੂਰੀ ਜਾਣ-ਪਛਾਣ’ ਕਰਾ ਦਿੱਤੀ।” ਇਸੇ ਹੀ ਚਿੱਠੀ ਵਿਚ ਇਹ ਵੀ ਲਿਖਿਆ ਹੋਇਆ ਹੈ, “ਇਕ ਮਹੀਨਾ ਮੈਡਮ ਦੇ ਵਤੀਰੇ ਵਿਚ ਨਰਮਾਈ ਦੀ ਉਡੀਕ ਕੀਤੀ ਪ੍ਰੰਤੂ ਉਨ੍ਹਾਂ ਨੇ ਵਿਭਾਗ ਦੇ ਕਿਸੇ ਵੀ ਕੰਮ ਦੀ ਪ੍ਰਵਾਨਗੀ ਨਹੀਂ ਦਿੱਤੀ, ਸਗੋਂ ਵਿਭਾਗ ਵਿਚ ਚੰਗਾ ਕੰਮ ਕਰਨ ਵਾਲ਼ੇ ਅਫ਼ਸਰਾਂ/ ਕਰਮਚਾਰੀਆਂ ਨੂੰ ਆਨੇ-ਬਹਾਨੇ ਬੁਲਾ ਕੇ ‘ਨੌਕਰੀ ਖਾ ਜਾਣ’, ‘ਰਿਟਾਇਰਮੈਂਟ ਨਾ ਲੈਣ ਦੇਣ’, ‘ਪੈਨਸ਼ਨ ਨਾ ਲੱਗਣ ਦੇਣ’ ਵਰਗੀਆਂ ਧਮਕੀਆਂ ਦਿੱਤੀਆਂ। ਹਾਰ ਕੇ ਮੈਂ 20 ਮਾਰਚ ਨੂੰ ਤੁਹਾਨੂੰ (ਮੁੱਖ ਮੰਤਰੀ ਨੂੰ) ਮਿਲ਼ ਕੇ, ਇਹ ਕਹਿ ਕੇ ਅਸਤੀਫ਼ਾ ਸੌਂਪਿਆ ਸੀ ਕਿ ਸਾਡੀ ਪ੍ਰਬੰਧਕੀ ਸਕੱਤਰ ਸਾਹਿਬਾ ਨੂੰ ਮੈਂ ਪਸੰਦ ਨਹੀਂ ਹਾਂ।”

ਉਨ੍ਹਾਂ ਨੇ ਇਹ ਵੀ ਲਿਖਿਆ ਹੋਇਆ ਹੈ, “…ਆਉਂਦੇ ਬੱਜਟ ਵਿਚ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਨਾਵਾਂ ਲਈ, ਕੰਪਿਊਟਰੀ ਵਿਕਾਸ ਲਈ ਅਤੇ ਉਰਦੂ ਅਕੈਡਮੀ ਮਲੇਰਕੋਟਲਾ ਲਈ ਕੋਈ ਰਾਸ਼ੀ ਤਜਵੀਜ਼ ਨਹੀਂ ਕੀਤੀ ਕੀਤੀ ਜਾ ਰਹੀ। ਤੁਸੀਂ ਇਸ ਸਭ ਕਾਸੇ ’ਤੇ ਬੁਰਾ ਮਹਿਸੂਸ ਕਰਦੇ ਹੋਏ ਮੁੱਖ ਸਕੱਤਰ ਸਾਹਿਬ ਨੂੰ ਫੋਨ ਕਰ ਕੇ ਕਿਹਾ ਸੀ ਕਿ ਭਾਸ਼ਾ ਵਿਭਾਗ ਦੇ ਉਪਰੋਕਤ ਤੇਹਾਂ ਕੰਮਾਂ ਲਈ ਬੱਜਟ ਰਾਸ਼ੀ ਯਕੀਨੀ ਬਣਾਈ ਜਾਵੇ ਅਤੇ ਸ੍ਰੀਮਤੀ ਸੋਨਾਲੀ ਗਿਰੀ ਨੂੰ ਆਪਣੇ ਵਤੀਰੇ ਵਿਚ ਸੁਧਾਰ ਲਿਆਉਣ ਲਈ ਤਾੜਨਾ ਕੀਤੀ ਜਾਵੇ। ਤੁਸੀਂ ਬਹੁਤ ਅਪਣੱਤ ਨਾਲ਼ ਮੈਨੂੰ ਅਸਤੀਫ਼ਾ ਨਾ ਦੇਣ ਅਤੇ ਵਿਭਾਗ ਦਾ ਕੰਮ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ।” ਸੁਨਾਲੀ ਗਿਰੀ ਵੱਲੋਂ, ਮੁੱਖ ਸਕੱਤਰ ਰਾਹੀਂ ਦਿੱਤੇ ਗਏ, ਮੁੱਖ ਮੰਤਰੀ ਦੇ ਇਹ ਹੁਕਮ ਛਿੱਕੇ ਟੰਗ ਦਿੱਤੇ ਗਏ ਸਨ। ਇਸ ਤੋਂ ਇਹੋ ਜ਼ਾਹਰ ਹੁੰਦਾ ਹੈ ਕਿ ਭਾਸ਼ਾ ਵਿਭਾਗ ਦਾ ਨਿਰਦੇਸ਼ਕ ਤਾਂ ਕੀ, ਪੰਜਾਬ ਸਕੱਤਰੇਤ ਵਿਚ ਬੈਠ ਕੇ ਹਿੰਦੀ ਵਿਚ ਹੁਕਮ ਦੇਣ ਵਾਲ਼ੀ ਇਸ ਅਫ਼ਸਰਨੀ ਨੂੰ ਸੂਬੇ ਦਾ ਮੁੱਖ ਮੰਤਰੀ ਵੀ ਪਸੰਦ ਨਹੀਂ ਹੈ।



Archive

RECENT STORIES