Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੱਖਰੇ ਰਾਜਾਂ ਦੀ ਮੰਗ ਜ਼ੋਰ ਫੜਨ ਲੱਗੀ

Posted on July 31st, 2013

ਉੱਤਰ ਪ੍ਰਦੇਸ਼ ਨੂੰ ਵੀ ਚਾਰ ਹਿੱਸਿਆਂ 'ਚ ਵੰਡਿਆ ਜਾਵੇ-ਮਾਇਆਵਤੀ

ਜੰਮੂ-ਕਸ਼ਮੀਰਨੂੰ ਤੋੜਿਆ ਜਾਵੇ-ਸ਼ਿਵ ਸੈਨਾ

ਨਵੀਂ ਦਿੱਲੀ- ਕਾਂਗਰਸ ਵੱਲੋਂ ਤੇਲੰਗਾਨਾ ਰਾਜ ਦੇ ਗਠਨ ਲਈ ਹਰੀ ਝੰਡੀ ਦੇਣ ਉਪਰੰਤ ਪੂਰਬੀ ਖਿੱਤੇ ਵਿਚ ਬੋਦੋਲੈਂਡ, ਕਾਮਤਪੁਰ ਤੇ ਗੋਰਖਾਲੈਂਡ ਵੱਖਰੇ ਰਾਜਾਂ ਦੀ ਕਾਇਮੀ ਲਈ ਵੱਖ ਵੱਖ ਜਥੇਬੰਦੀਆਂ ਨੇ ਅੰਦੋਲਨ ਚਲਾਉਣ ਦੀ ਯੋਜਨਾ ਬਣਾਈ ਹੈ ਜਦ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਰਾਜ ਨੂੰ 4 ਰਾਜਾਂ ਵਿਚ ਵੰਡ ਦੇਣ ਦੀ ਆਪਣੀ ਮੰਗ ਮੁੜ ਦੁਹਰਾਈ ਹੈ। ਮਾਇਆਵਤੀ ਵੱਲੋਂ ਉੱਤਰ ਪ੍ਰਦੇਸ਼ ਨੂੰ ਪੂਰਵਆਂਚਲ, ਬੁੰਦੇਲਖੰਡ, ਅਵਾਧ ਪ੍ਰਦੇਸ਼ ਤੇ ਪੱਛਚਿਮਆਂਚਲ ਵਿਚ ਵੰਡਣ ਦਾ ਪ੍ਰਸਤਾਵ ਹੈ।

ਉੱਤਰ ਪ੍ਰਦੇਸ਼ ਨੂੰ ਵੀ ਚਾਰ ਹਿੱਸਿਆਂ 'ਚ ਵੰਡਿਆ ਜਾਵੇ-ਮਾਇਆਵਤੀ
ਲਖਨਊ- ਵੱਖਰੇ ਤੇਲੰਗਾਨਾ ਰਾਜ ਦੇ ਗਠਨ ਦੀਆਂ ਤਿਆਰੀਆਂ 'ਚ ਬਸਪਾ ਮੁਖੀ ਮਾਇਆਵਤੀ ਨੇ ਵਿਦਰਭ ਤੇ ਗੋਰਖਾਲੈਂਡ ਦੇ ਗਠਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਨੂੰ ਵੀ ਚਾਰ ਹਿੱਸਿਆਂ 'ਚ ਵੰਡਣ ਦੀ ਮੰਗ ਦੋਹਰਾਈ ਹੈ। ਮਾਇਆਵਤੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇਲੰਗਾਨਾ ਰਾਜ ਸਥਾਪਿਤ ਕਰਨ ਦੀ ਮੰਗ ਦਾ ਸ਼ੁਰੂ ਤੋਂ ਹੀ ਸਮਰਥਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੇਲੰਗਾਨਾ ਰਾਜ ਬਣਨ ਜਾ ਰਿਹਾ ਹੈ। ਇਸ ਤਰ੍ਹਾਂ ਦੀ ਸਥਿਤੀ 'ਚ ਬਸਪਾ ਦੀ ਮੰਗ ਹੈ ਕਿ ਕੇਂਦਰ ਦੇਸ਼ ਦੇ ਹੋਰ ਵੱਡੇ ਰਾਜਾਂ ਦਾ ਪੁਨਰ ਗਠਨ ਕਰਨ ਦੇ ਨਾਲ-ਨਾਲ ਵਿਦਰਭ ਤੇ ਗੋਰਖਾਲੈਂਡ ਨੂੰ ਵੀ ਗਠਿਤ ਕੀਤਾ ਜਾਵੇ, ਨਾਲ ਹੀ ਉੱਤਰ ਪ੍ਰਦੇਸ਼ ਨੂੰ ਚਾਰ ਰਾਜਾਂ 'ਚ ਵੰਡਣ ਦੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਜੋ ਲੋਕ ਕੇਂਦਰ 'ਚ ਮੰਤਰੀ ਹਨ ਉਨ੍ਹਾਂ ਨੂੰ ਰਾਜ ਪੁਨਰ ਗਠਨ ਦੇ ਮਾਮਲੇ 'ਚ ਹਵਾਈ ਬਿਆਨਬਾਜ਼ੀ ਕਰਨ ਦੀ ਬਜਾਏ ਇਸ 'ਤੇ ਕੇਂਦਰ ਦੀ ਮੋਹਰ ਲਗਵਾਉਣ ਲਈ ਦਬਾਅ ਪਾਉਣਾ ਚਾਹੀਦਾ ਹੈ।


ਜੰਮੂ-ਕਸ਼ਮੀਰ ਨੂੰ ਤੋੜਿਆ ਜਾਵੇ- ਸ਼ਿਵ ਸੈਨਾ
ਜੰਮੂ- ਕੇਂਦਰ ਵੱਲੋਂ ਵੱਖਰੇ ਤੇਲੰਗਾਨਾ ਰਾਜ ਦੀ ਸਥਾਪਨਾ ਬਾਰੇ ਫ਼ੈਸਲੇ ਤੋਂ ਬਾਅਦ ਵੱਡੇ ਰਾਜਾਂ ਨੂੰ ਤੋੜ ਕੇ ਛੋਟੇ ਰਾਜ ਬਣਾਏ ਜਾਣ ਦੀ ਮੰਗ ਉਠਣ ਤੋਂ ਬਾਅਦ ਸ਼ਿਵ ਸੈਨਾ ਨੇ ਜੰਮੂ ਅਤੇ ਕਸ਼ਮੀਰ ਦੀ ਵੰਡ ਕੀਤੇ ਜਾਣ ਲਈ ਕਿਹਾ ਹੈ। ਸ਼ਿਵ ਸੈਨਾ ਦੇ ਕੁਝ ਕਾਰਕੁਨਾਂ ਨੇ ਜੰਮੂ 'ਚ ਪ੍ਰਦਰਸ਼ਨ ਕਰਦਿਆਂ ਜੰਮੂ ਅਤੇ ਕਸ਼ਮੀਰ ਦੀ ਵੰਡ ਕਰ ਕੇ ਵੱਖਰਾ ਰਾਜ ਬਣਾਏ ਜਾਣ ਦੀ ਮੰਗ ਕੀਤੀ। ਕਾਂਗਰਸ ਵਰਕਿੰਗ ਕਮੇਟੀ ਵੱਲੋਂ ਵੱਖਰਾ ਤੇਲੰਗਾਨਾ ਰਾਜ ਦੀ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਖੇਤਰੀ ਆਗੂਆਂ, ਜਿੰਨ੍ਹਾਂ 'ਚ ਰਾਸ਼ਟਰੀ ਲੋਕ ਦਲ ਦੇ ਮੁਖੀ ਅਤੇ ਕੇਂਦਰੀ ਮੰਤਰੀ ਅਜੀਤ ਸਿੰਘ ਨੇ ਛੋਟੇ ਰਾਜ ਸਥਾਪਿਤ ਕੀਤੇ ਜਾਣ ਦੀ ਮੰਗ ਕਰਦਿਆਂ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ ਨੂੰ ਵੱਖ ਕਰ ਕੇ ਹਰਿਤ ਪ੍ਰਦੇਸ਼ ਬਣਾਏ ਜਾਣ ਲਈ ਕਿਹਾ ਹੈ। ਬਸਪਾ ਸੁਪ੍ਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਨੂੰ ਚਾਰ ਹਿੱਸਿਆਂ, ਹਰਿਤ ਪ੍ਰਦੇਸ਼, ਪੂਰਵਾਂਚਲ, ਬੁੰਦੇਲਖੰਡ ਅਤੇ ਮੱਧ ਉੱਤਰ ਪ੍ਰਦੇਸ਼ 'ਚ ਵੰਡਣ ਦੀ ਮੰਗ ਕੀਤੀ ਹੈ।


ਬੋਡੋ ਆਗੂਆਂ ਵੱਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ- ਵੱਖਰੇ ਬੋਡੋਲੈਂਡ ਦੀ ਮੰਗ ਨੂੰ ਲੈ ਕੇ ਬੋਡੋ ਆਗੂਆਂ ਦੇ ਇਕ ਵਫ਼ਦ ਨੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ ਅਤੇ ਤੇਲੰਗਾਨਾ ਦੀ ਤਰਜ਼ 'ਤੇ ਆਸਾਮ ਦੀ ਵੰਡ ਕਰ ਕੇ ਵੱਖਰੇ ਰਾਜ ਦੀ ਸਥਾਪਨਾ ਲਈ ਉਚਿਤ ਕਦਮ ਉਠਾਏ ਜਾਣ ਲਈ ਕਿਹਾ। ਬੋਡੋਲੈਂਡ ਪੀਪਲਜ ਫਰੰਟ ਦੇ ਮੁਖੀ ਹਗਰਾਮਾ ਮੋਹੀਲੇਰੀ ਦੀ ਅਗਵਾਈ 'ਚ ਵਫਦ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਵੱਖਰੇ ਬੋਡੋਲੈਂਡ ਰਾਜ ਦੀ ਮੰਗ ਦੇਸ਼ 'ਚ ਸਭ ਤੋਂ ਪੁਰਾਣੀ ਹੈ। ਮੋਹੀਲੇਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਦੀ ਮੰਗ ਮੰਨੇ ਜਾਣ ਦਾ ਭਰੋਸਾ ਦਿਵਾਇਆ ਹੈ।



Archive

RECENT STORIES