Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ੍ਰੀ ਹਰਿਮੰਦਰ ਸਾਹਿਬ ‘ਚ ਸੋਨੇ ਤੇ ਨੱਕਾਸ਼ੀ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਹੋਵੇਗਾ- ਮੱਕੜ

Posted on August 1st, 2013


ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸੋਨੇ ਅਤੇ ਨੱਕਾਸ਼ੀ ਦਾ ਕੰਮ ਭਾਵੇਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਉਨ੍ਹਾਂ ਦੀਆਂ ਸਿੱਖ ਪੰਥ ਨੂੰ ਸਮਰਪਿਤ ਸੇਵਾਵਾਂ ਦੇ ਆਧਾਰ ‘ਤੇ ਦਿੱਤਾ ਹੈ, ਪਰ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਹੋਵੇਗਾ। ਮਾਹਿਰ ਕਾਰੀਗਰਾਂ ਤੋਂ ਇਲਾਵਾ ਹਰੇਕ ਕੰਮ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇਸ ‘ਤੇ ਨਜ਼ਰ ਰੱਖੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਇਸ ਕਾਰਸੇਵਾ ਨੂੰ ਲੈ ਕੇ ਇੱਕ ਸ਼ਰਧਾਲੂ ਦੇ ਤੌਰ ‘ਤੇ ਅਤਿ ਦਿਲਚਸਪੀ ਲੈ ਰਹੇ ਹਨ। ਇਹ ਸੇਵਾ 18 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਵਾਲੇ ਬਾਬੇ ਹੀ ਇਸ ਕਾਰਜ ਨੂੰ ਸਿਰੇ ਚੜ੍ਹਾ ਸਕਦੇ ਹਨ। ਕਰੋੜਾਂ ਰੁਪਿਆਂ ਦੀ ਲਾਗਤ ਨਾਲ ਹੋਣ ਵਾਲਾ ਇਹ ਕੰਮ ਕਾਰਸੇਵਾ ਰਾਹੀਂ ਹੀ ਸੰਭਵ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੇ ਸ਼ਸਤਰਾਂ ‘ਤੇ ਸੋਨਾ ਚੜ੍ਹਾਉਣ ਦੀ ਸੇਵਾ ਵੀ ਬੜੀ ਸਫਲਤਾ ਨਾਲ ਸਿਰੇ ਚੜ੍ਹ ਰਹੀ ਹੈ। ਇਹ ਸੇਵਾ ਬਾਬਾ ਨਰਿੰਦਰ ਸਿੰਘ ਡੇਰਾ ਬਾਬਾ ਨਿਧਾਨ ਸਿੰਘ ਨਾਂਦੇੜ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਸੋਨੇ ਅਤੇ ਨੱਕਾਸ਼ੀ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪਣ ‘ਤੇ ਸਖਤ ਇਤਰਾਜ਼ ਜ਼ਾਹਿਰ ਕੀਤੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਕੰਮ ਨੂੰ ਕਾਰਸੇਵਾ ਰਾਹੀਂ ਕਰਾਉਣ ਦੀ ਥਾਂ ਪੁਰਾਤਨ ਤੇ ਇਤਿਹਾਸਕ ਮਾਹਿਰਾਂ ਕੋਲੋਂ ਕਰਾਉਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੋਹਰਾਂਕਸ਼ੀ ਅਤੇ ਟੁਕੜੀ ‘ਤੇ ਕੱਚ ਦਾ ਹੋਇਆ ਕੰਮ ਪੁਰਾਤਨ ਤੇ ਸੁੰਦਰਤਾ ਦਾ ਇਸ ਕਰ ਕੇ ਅਹਿਮ ਹਿੱਸਾ ਹੈ ਕਿਉਂਕਿ ਇਸ ਕੰਮ ਨੂੰ ਮਾਹਿਰਾਂ ਰਾਹੀਂ ਨੇਪਰੇ ਚਾੜ੍ਹਿਆ ਗਿਆ ਸੀ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ 1995 ਤੋਂ 1999 ਤੱਕ ਕਾਰਵਾਈ ਗਈ ਉਸ ਕਾਰਸੇਵਾ ਤੋਂ ਵੀ ਸਬਕ ਲੈ ਲੈਣਾ ਚਾਹੀਦਾ ਸੀ, ਜਿਸ ਦੇ ਨਤੀਜੇ ਕੁਝ ਸਾਲਾਂ ਬਾਅਦ ਹੀ ਸਾਹਮਣੇ ਆਉਣ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਜੇ ਉਸ ਸਮੇਂ ਵੀ ਮਾਹਿਰਾਂ ਕੋਲੋਂ ਹੀ ਕੰਮ ਕਰਾਇਆ ਜਾਂਦਾ ਤਾਂ ਅੱਜ ਜੋ ਸੋਨੇ ਦਾ ਰੰਗ ਕਾਲਾ ਪੈ ਰਿਹਾ ਹੈ, ਨਹੀਂ ਸੀ ਪੈਣਾ।



Archive

RECENT STORIES