Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਨਾਲ ਸਿੱਧੀ ਗੱਲ ਵੀ ਕਰ ਲਵਾਂਗੇ ਅਤੇ ਟੇਢੀ ਵੀ: ਬਾਦਲ

Posted on August 3rd, 2013

ਚੰਡੀਗੜ੍ਹ- ਗੁਜਰਾਤ ਦੇ ਕੱਛ ਵਿੱਚ ਸਾਲਾਂ ਤੋਂ ਰਹਿ ਰਹੇ ਸਿੱਖ ਕਿਸਾਨਾਂ ਨੂੰ ਬੇਘਰ ਕਰਨ ਦੇ ਨਰਿੰਦਰ ਮੋਦੀ ਸਰਕਾਰ ਦੇ ਫਰਮਾਨ ਨਾਲ ਰਾਸ਼ਟਰੀ ਜਮਹੂਰੀ ਗਠਜੋੜ ਦੇ ਅਹਿਮ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਤੇਵਰ ਤਿੱਖੇ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸੀ ਪੀ ਆਈ (ਐਮ) ਦੀ ਪੋਲਿਟ ਬਿਊਰੋ ਦੀ ਮੈਬਰ ਵਰਿੰਦਾ ਕਾਰਤ ਨੇ ਵੀ ਮੋਦੀ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਇਸ ਬਾਰੇ ਵਿੱਚ ਨਰਿੰਦਰ ਮੋਦੀ ਨਾਲ ਸਿੱਧੀ ਗੱਲ ਵੀ ਕਰ ਲੈਣਗੇ ਅਤੇ ਜ਼ਰੂਰਤ ਪਈ ਤਾਂ ਟੇਢੀ ਗੱਲ ਵੀ ਕਰ ਲਈ ਜਾਏਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਬਾਰੇ ਦਿੱਲੀ ਵਿੱਚ ਪੰਜਾਬ ਸਰਕਾਰ ਦੇ ਰੈਜ਼ੀਡੈਂਟ ਕਮਿਸ਼ਨਰ ਨੂੰ ਵੀ ਧਿਆਨ ਰੱਖਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਮੋਦੀ ਦੇ ਸਿਆਸਤ ਵਿੱਚ ਸਿਖਰਲੇ ਪੱਧਰ ਤੱਕ ਪਹੁੰਚਣ ਦੇ ਬਾਵਜੂਦ ਵੀ ਸਿੱਖਾਂ ਦੇ 1984 ਦੇ ਇਲਾਵਾ ਦੂਸਰੇ ਮਸਲਿਆਂ ਦਾ ਪੂਰਾ ਧਿਆਨ ਰੱਖਿਆ ਜਾਏਗਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਥੇ ਪੱਤਰਕਾਰਾਂ ਦੇ ਸੰਮੇਲਨ ਵਿੱਚ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸਿੱਖ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਬੇਦਖਲ ਨਹੀਂ ਹੋਣ ਦਿੱਤਾ ਜਾਏਗਾ। ਮੋਦੀ ਨੂੰ ਨਸੀਹਤ ਦਿੱਤੀ ਗਈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਕਿਸਾਨਾਂ ਪ੍ਰਤੀ ਆਪਣਾ ਫਰਜ਼ ਨਿਭਾਉਣ। ਪ੍ਰਭਾਵਤ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਹ ਗੁਜਰਾਤ ਲਈ ਬਾਹਰੀ ਹਨ ਤਾਂ ਫਿਰ ਮੋਦੀ ਵੀ ਦਿੱਲੀ ਲਈ ਬਾਹਰਲੇ ਹੋਏ। ਇਸ ਆਧਾਰ ‘ਤੇ ਦੇਸ਼ ਉਨ੍ਹਾਂ ਕਿਵੇਂ ਆਪਣਾ ਨੇਤਾ ਮੰਨੇਗਾ?

ਵਰਣਨਯੋਗ ਹੈ ਕਿ ਗੁਜਰਾਤ ਸਰਕਾਰ ਵੱਲੋਂ 1960 ਤੋਂ ਕੱਛ ਇਲਾਕੇ ਵਿੱਚ ਵਸੇ ਹੋਏ ਪੰਜਾਬ ਦੇ ਪੰਜ ਹਜ਼ਾਰ ਸਿੱਖ ਕਿਸਾਨਾਂ ਨੂੰ ਗੁਜਰਾਤ ਦਾ ਨਾਗਰਿਕ ਮੰਨਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਇਸ ਦੇ ਖਿਲਾਫ ਕਿਸਾਨ ਗੁਜਰਾਤ ਹਾਈ ਕੋਰਟ ਵਿੱਚ ਮੁਕੱਦਮਾ ਜਿੱਤ ਚੁੱਕੇ ਹਨ, ਪਰੰਤੂ ਗੁਜਰਾਤ ਸਰਕਾਰ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ ਹੈ।



Archive

RECENT STORIES