Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵੇਂ ਸੂਬਿਆਂ ਦੀ ਮੰਗ ਮੰਨ ਲਈ ਜਾਵੇ ਤਾਂ ਭਾਰਤ ਵਿਚ 50 ਰਾਜ ਬਣ ਜਾਣਗੇ

Posted on August 4th, 2013


ਨਵੀਂ ਦਿੱਲੀ- ਤੇਲੰਗਾਨਾ ਸੂਬਾ ਬਣਾਉਣ ਦਾ ਐਲਾਨ ਕਰਨ ਪਿੱਛੋਂ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਨਵੇਂ ਸੂਬੇ ਬਣਾਉਣ ਦਾ ਮੰਗ ਉਠ ਖੜੀ ਹੈ ਅਤੇ ਜੇ ਸਰਕਾਰ ਸਾਰੀਆਂ ਮੰਗਾਂ ਮੰਨ ਲਵੇ ਤਾਂ ਦੇਸ਼ ਵਿਚ 50 ਸੂਬੇ ਹੋ ਜਾਣਗੇ। ਗ੍ਰਹਿ ਮੰਤਰਾਲੇ ਕੋਲ 20 ਤੋਂ ਜ਼ਿਆਦਾ ਨਵੇਂ ਸੂਬੇ ਬਣਾਉਣ ਵਾਲੇ ਪ੍ਰਸਤਾਵ ਪੁੱਜੇ ਹੋਏ ਹਨ। 


ਨਵੇਂ ਸੂਬੇ ਬਣਾਉਣ ਦੀ ਮੰਗ ਮਣੀਪੁਰ ਵਿਖੇ ਕੁਕੀਲੈਂਡ ਤੋਂ ਲੈ ਕੇ ਤਾਮਿਲਨਾਡੂ ਵਿਖੇ ਕੋਂਗੂਨਾਡੂ ਤਕ ਕੀਤੀ ਜਾ ਰਹੀ ਹੈ। ਉਤਰੀ ਬੰਗਾਲ ਵਿਚ ਕਾਮਤਪੁਰ ਅਤੇ ਕਰਨਾਟਕ ਵਿਚ ਤੁਲੂਨਾਡੂ ਸੂਬਾ ਬਣਾਏ ਜਾਣ ਸਬੰਧੀ ਪ੍ਰਸਤਾਵ ਗ੍ਰਹਿ ਮੰਤਰਾਲੇ ਕੋਲ ਪਿਆ ਹੈ। ਦੱਸਣਯੋਗ ਹੈ ਕਿ ਉਤਰ ਪ੍ਰਦੇਸ਼ ਵਿਚ ਮਾਇਆਵਤੀ ਸਰਕਾਰ ਵੇਲੇ ਸੂਬੇ ਨੂੰ ਚਾਰ ਹਿਸਿਆਂ ਵਿਚ ਵੰਡਣ ਦਾ ਮਤਾ ਪਾਸ ਕੀਤਾ ਗਿਆ ਸੀ। ਦੇਸ਼ ਦੇ ਕਿਸੇ ਸੂਬੇ ਵਲੋਂ ਵੰਡ ਦੀ ਸਿਫ਼ਾਰਸ਼ ਨਹੀਂ ਕੀਤੀ ਗਈ ਪਰ ਨਵੇਂ ਰਾਜ ਬਣਾਉਣ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਉਤਰ ਪ੍ਰਦੇਸ਼ ਨੂੰ ਵੰਡ ਕੇ ਅਵਧ ਪ੍ਰਦੇਸ਼, ਪੂਰਵਾਂਚਲ, ਬੁੰਦੇਲਖੰਡ ਅਤੇ ਹਰਿਤ ਪ੍ਰਦੇਸ਼ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬ੍ਰਜ ਪ੍ਰਦੇਸ਼ ਦੀ ਮੰਗ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀ ਰਹਿੰਦੀ ਹੈ। 

ਇਸ ਦੇ ਨਾਲ ਹੀ ਪੂਰਬੀ ਯੂ.ਪੀ., ਬਿਹਾਰ ਅਤੇ ਛੱਤੀਸਗੜ੍ਹ ਦੇ ਕੁੱਝ ਇਲਾਕਿਆਂ ਦੇ ਆਧਾਰ 'ਤੇ ਭੋਜਪੁਰ ਸੂਬਾ ਬਣਾਉਣ ਦੀ ਮੰਗ ਵੀ ਗ੍ਰਹਿ ਮੰਤਰਾਲੇ ਕੋਲ ਪੁੱਜ ਚੁਕੀ ਹੈ ਜਦਕਿ ਮਹਾਰਾਸ਼ਟਰ ਵਿਚ ਵਿਧਰਭ ਸੂਬਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਛਮੀ ਬੰਗਾਲ ਵਿਚ ਗੋਰਖਾਲੈਂਡ ਅਤੇ ਪਛਮੀ ਅਸਾਮ ਵਿਚ ਬੋਡੋਲੈਂਡ ਸਣੇ ਕਰਬੀ ਆਂਗਲਾਂਗ ਬਣਾਉਣ ਦੀ ਮੰਗ ਹੋ ਰਹੀ ਹੈ। ਇਸ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਵਿਚ ਮਿਥਲਾਂਚਲ ਅਤੇ ਗੁਜਰਾਤ ਵਿਚ ਸੌਰਾਸ਼ਟਰ ਸੂਬਾ ਅਤੇ ਨਾਗਾਲੈਂਡ ਤੇ ਅਸਾਮ ਦੇ ਕੁੱਝ ਇਲਾਕਿਆਂ ਦੇ ਆਧਾਰ 'ਤੇ ਦੀਮਾਲੈਂਡ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੱਦਾਖ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੀ ਮੰਗ ਵੀ ਸਰਕਾਰ ਕੋਲ ਵਿਚਾਰ ਅਧੀਨ ਹੈ।



Archive

RECENT STORIES