Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਾ: ਆਹਲੂਵਾਲੀਆ ਉੱਪਰ ਹਮਲਾ ਕਰਨ ਵਾਲੇ ਜ਼ੋਰਾ ਸਿੰਘ ਖਨੌਰੀ ਨੂੰ 12 ਸਾਲ ਦੀ ਕੈਦ ਅਤੇ ਢਾਈ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ

Posted on August 5th, 2013

<p>ਜ਼ੋਰਾ ਸਿੰਘ ਖਨੌਰੀ<br></p>


ਫ਼ਤਹਿਗੜ੍ਹ ਸਾਹਿਬ- ਜ਼ਿਲ੍ਹਾ ਸ਼ੈਸਨ ਜੱਜ ਸ: ਕੁਲਦੀਪ ਸਿੰਘ ਦੀ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਜਸਬੀਰ ਸਿੰਘ ਆਹਲੂਵਾਲੀਆ ਉੱਪਰ ਯੂਨੀਵਰਸਿਟੀ ਕੈਂਪਸ ਵਿਚ ਹਮਲਾ ਕਰਨ ਵਾਲੇ ਦੋਸ਼ੀ ਸ੍ਰੀ ਜ਼ੋਰਾ ਸਿੰਘ ਵਾਸੀ ਖਨੌਰੀ ਨੂੰ 12 ਸਾਲ ਦੀ ਕੈਦ ਅਤੇ ਢਾਈ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਡਾ: ਆਹਲੂਵਾਲੀਆ ਜੋ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਸਨ, ਨੂੰ 1 ਅਗਸਤ 2011 ਨੂੰ ਦਿਨ ਦਿਹਾੜੇ ਯੂਨੀਵਰਸਿਟੀ ਦਫ਼ਤਰ ਦੇ ਬਿਲਕੁਲ ਸਾਹਮਣੇ ਪੁਰਪੜੀ ਵਿਚ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਜਿਸ ਕਾਰਨ ਉਹ 4-5 ਮਹੀਨੇ ਪੀ.ਜੀ.ਆਈ. ਚੰਡੀਗੜ੍ਹ ਦੇ ਆਈ.ਸੀ.ਯੂ. ਵਿਚ ਇਲਾਜ ਲਈ ਦਾਖਲ ਰਹੇ ਸਨ । ਪੁਲੀਸ ਨੇ ਇਸ ਸਬੰਧ ਵਿਚ 1 ਅਗਸਤ ਨੂੰ ਮਾਮਲਾ ਦਰਜ ਕਰਕੇ ਜ਼ੋਰਾ ਸਿੰਘ ਵਾਸੀ ਖਨੌਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਡਾ. ਆਹਲੂਵਾਲੀਆ ਦੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਸ੍ਰ ਨਰਿੰਦਰਪਾਲ ਸਿੰਘ ਵੜੈਚ ਅਤੇ ਸ੍ਰ ਸਰਬਜੀਤ ਸਿੰਘ ਵੜੈਚ ਨੇ ਦੱਸਿਆ ਕਿ ਜੋਰਾ ਸਿੰਘ ਯੂਨੀਵਰਸਿਟੀ ਵਿਚ ਸ੍ਰੀ ਵਿਸ਼ਵਜੀਤ ਸਿੰਘ ਨਾਮੀ ਆਪਣੇ ਨਜਦੀਕੀ ਰਿਸ਼ਤੇਦਾਰ ਨੂੰ ਦਾਖਲ ਕਰਵਾਉਣ ਲਈ ਆਇਆ ਸੀ ਪ੍ਰੰਤੂ ਉਸ ਦੇ ਨੰਬਰ ਘੱਟ ਹੋਣ ਕਾਰਨ ਉਪ ਕੁਲਪਤੀ ਡਾ. ਆਹਲੂਵਾਲੀਆ ਨੇ ਉਸ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੀ ਰੰਜਸ਼ ਕਾਰਨ ਜੋਰਾ ਸਿੰਘ ਵਲੋਂ ਬਾਅਦ ਵਿਚ 1 ਅਗਸਤ ਨੂੰ ਡਾ. ਆਹਲੂਵਾਲੀਆ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਸ੍ਰ ਵੜੈਚ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਬਹੁਤ ਹੀ ਸੰਗੀਨ ਜੁਰਮ ਕੀਤਾ ਸੀ ਜਿਸ ਨੂੰ ਅਦਾਲਤ ਨੇ ਕਬੂਲ ਕਰਦੇ ਹੋਏ ਧਾਰਾ 307 ਤਹਿਤ 12 ਸਾਲ ਦੀ ਕੈਦ ਅਤੇ ਢਾਈ ਲੱਖ ਰੁਪਏ ਜੁਰਮਾਨਾ ਅਤੇ 25, 54, 59 ਆਰਮਜ਼ ਐਕਟ ਅਧੀਨ 3 ਸਾਲ ਦੀ ਸਜਾ ਸੁਣਾਈ ਹੈ।



Archive

RECENT STORIES