Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੇਪਾਲ ’ਚ ਗੁਰੂ ਨਾਨਕ ਦੇ ਨਾਮ ਵਾਲੀ ਜ਼ਮੀਨ ਅਦਾਲਤੀ ਅਮਲਾਂ ਤੋਂ ਮੁਕਤ ਹੋਣ ਦੀ ਆਸ ਬੱਝੀ

Posted on August 5th, 2013

<p>ਐਸ.ਪੀ.ਸਿੰਘ ਓਬਰਾਏ ਨਾਨਕ ਮੱਠ ਕਾਠਮੰਡੂ ’ਚ ਉਹ ਟੱਲ ਦਿਖਾਉਂਦੇ ਹੋਏ ਜਿਸ ’ਤੇ ਪੰਜਾਬੀ ਉਕਰੀ ਹੋਈ ਹੈ<br></p>


ਪਟਿਆਲਾ- ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਉਥੋਂ ਦੇ ਇੱਕ ਰਾਜੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਕਰਾਈ ਗਈ ਜ਼ਮੀਨ ਦਾ ਕਬਜ਼ਾ ਤੇ ਮਾਲਕੀ ਗੁਰਦੁਆਰਾ ਨਾਨਕ ਮੱਠ ਦੇ ਨਾਮ ਰਹਿਣ ਦੀ ਆਸ ਬੱਝ ਗਈ ਹੈ। ਫਿਲਹਾਲ ਇਸ ਜ਼ਮੀਨ ਦੇ ਵਿਵਾਦ ’ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਸਟੇਅ ਦੇ ਹੁਕਮ  ਕੀਤੇ ਹੋਏ ਹਨ। ਕਦੇ ਇਹ ਜ਼ਮੀਨ ਦੋ ਸੌ ਏਕੜ ਸੀ ਪ੍ਰੰਤੂ ਹੁਣ ਇਹ ਪੰਜ ਏਕੜ ਹੀ ਬਚੀ ਹੈ। ਬਾਬੇ ਨਾਨਕ ਨਾਲ ਸਬੰਧਿਤ ਭੁੱਲੀ ਵਿਸਰੀ ਇਸ ਵਿਰਾਸਤੀ ਥਾਂ ’ਚ ਸਥਿਤ ਇੱਕ ਪੁਰਾਤਨ ਖੂਹ ਦੇ ਅੰਦਰ ਗੁਰਮੁਖੀ ਲਿਪੀ ’ਚ ਗੁਰਬਾਣੀ ਦੇ ਸ਼ਬਦ ਵੀ ਉਕਰੇ ਹੋਏ ਹਨ, ਜਿਸ ਤੋਂ ਜ਼ਾਹਿਰ ਹੈ ਕਿ ਕਦੇ ਪੰਜਾਬੀ ਨੇਪਾਲ ’ਚ ਵੀ ਪ੍ਰਚਲਿਤ ਸੀ ਤੇ ਇਸ ਦਾ ਪਿਛੋਕੜ ਬੜਾ ਅਮੀਰ ਹੈ।


ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਦੌਰਾਨ ਜਦੋਂ ਤਿੱਬਤ ਤੋਂ ਵਾਪਿਸ ਪਰਤ ਰਹੇ ਸਨ ਤਾਂ ਨੇਪਾਲ ਠਹਿਰਾਓ ਦੌਰਾਨ ਉਦੋਂ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਉਨ੍ਹਾਂ ਦੇ ਨਾਂ ਦੋ ਸੌ ਏਕੜ ਜ਼ਮੀਨ ਪੁੰਨ ਦਾਨ ਵਜੋਂ ਕਰਾਈ ਸੀ। ਦਰਿਆ ਬਿਸ਼ਨੂੰਮਤੀ ਦੇ ਕੰਢੇ ਪੈਂਦੀ ਇਸ ਜ਼ਮੀਨ ’ਚ ਪੁਰਾਤਨ ਗੁਰਦੁਆਰਾ ਨਾਨਕ ਮੱਠ ਵੀ ਮੌਜੂਦ ਹੈ, ਜਿਸ ਦੀ ਸੰਭਾਲ ਮਹੰਤ ਸੰਪਰਦਾ ਦੇ ਇਕੱਤੀਵੇਂ ਮਹੰਤ ਨਿਮਮੁਨੀ ਉਦਾਸੀ ਦੇ ਹਵਾਲੇ ਹੈ। ਇਥੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਹਨ ਜਿਸ ’ਚੋਂ ਇੱਕ ਬੀੜ ਹੱਥ ਲਿਖਤ ਵੀ ਹੈ,  ਪ੍ਰੰਤੂ ਇਨ੍ਹਾਂ ਦਾ ਪ੍ਰਕਾਸ਼ ਨਹੀ ਹੁੰਦਾ। 

ਇਸ ਇਤਿਹਾਸਕ ਅਸਥਾਨ ਪ੍ਰਤੀ ਸ਼ਰਧਾ ਵਜੋਂ ਮੋਹ ਰੱਖ ਰਹੇ ਉੱਘੇ ਵਪਾਰੀ ਤੇ ਪਰਵਾਸੀ ਭਾਰਤੀ ਐਸ.ਪੀ.ਸਿੰਘ ਓਬਰਾਏ ਮੁਤਾਬਿਕ ਮਹੰਤਾਂ ਨੂੰ ਪੰਜਾਬੀ ਦਾ ਗਿਆਨ ਨਾ ਹੋਣ ਕਾਰਨ ਪਵਿੱਤਰ ਸਰੂਪ ਪ੍ਰਕਾਸ਼ ਤੋਂ ਵਿਹੂਣੇ ਹਨ। ਇਸ ਤੋਂ ਇਲਾਵਾ ਨੇਪਾਲ ਦੀ ਧਾਰਮਿਕ ਅਸਥਾਨਾਂ ਦੀ ਪੈਰਵੀ ਹਿੱਤ ਗਠਿਤ ਸੰਸਥਾ ‘ ਕਾਠਮੰਡੂ ਗੁੱਠੀ ’ ਨੇ ਸਾਲ 2009 ਤੋਂ ਇਸ ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਨੂੰ 36 ਸਾਲ ਲਈ ਵਪਾਰਕ ਪੱਖ਼ ਲਈ ਵਪਾਰਕ ਪੱਖ਼ ਲਈ ਲੀਜ਼ ‘ਤੇ ਨਿਲਾਮ ਕਰਨ ਦਾ ਫੈਸਲਾ ਕਰ ਲਿਆ ਸੀ ਪ੍ਰੰਤੂ ਪਰਵਾਸੀ ਭਾਰਤੀ ਐਸ.ਪੀ.ਸਿੰਘ ਓਬਰਾਏ ਤੇ ਨੇਪਾਲ ਦੇ ਵਸਨੀਕ ਉੱਘੇ ਸਿੱਖ ਆਗੂ ਪ੍ਰੀਤਮ ਸਿੰਘ ਦੀ ਦਖ਼ਲਅੰਦਾਜ਼ੀ ਸਦਕਾ ਲੀਜ਼ ਦੇ ਮਾਮਲੇ ‘ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਸਟੇਅ ਦੇ ਦਿੱਤੀ ਗਈ ਸੀ। ਸ੍ਰੀ ਓਬਰਾਏ ਨੇ ਦੱਸਿਆ ਕਿ ਜਦੋਂ ਉਹ ਸੁਪਰੀਮ ਕੋਰਟ ਦੇ ਕੇਸ ਦੀ ਤਿਆਰੀ ਲਈ ਜ਼ਮੀਨ ਦੇ ਦਸਤਾਵੇਜ਼ਾਂ ਦੀ ਛਾਣਬੀਣ ਕਰਨ ਲੱਗੇ ਤਾਂ ਇਸ ਗੱਲ ਦਾ ਭੇਤ ਖੁੱਲ੍ਹਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ਤਾਂ ਪੰਜ ਏਕੜ ਦੀ ਬਜਾਏ ਕਰੀਬ ਦੋ ਸੌ ਏਕੜ ਜ਼ਮੀਨ ਬੋਲ ਰਹੀ ਹੈ। ਇਸ ਵੇਲੇ ਦੋ ਸੌ ਏਕੜ ’ਚੋਂ 195 ਏਕੜ ਜ਼ਮੀਨ ‘ਚ ਰਿਹਾਇਸ਼ੀ ਤੇ ਵਪਾਰਕ ਅਦਾਰੇ ਸਥਾਪਤ ਹੋਣ ਨਾਲ ਇਹ ਭੋਂਇ ਰਾਜਧਾਨੀ ਦਾ ਹਿੱਸਾ ਬਣ ਚੁੱਕੀ ਹੈ। ਰਾਜੇ ਵੱਲੋਂ ਇਹ ਜ਼ਮੀਨ ਸਤਿਸੰਗ ਤੇ ਹਰਿਆਵਲ ਦੇ ਮਕਸਦ ਵਜੋਂ ਦਾਨ ਕੀਤੀ ਦੱਸੀ ਜਾਂਦੀ ਹੈ। ਪੰਜ ਸੌ ਸਾਲ ਪਹਿਲਾਂ ਪਹਿਲੀ ਪਾਤਸ਼ਾਹੀ ਨੂੰ ਦਾਨ ਹੋਈ ਇਸ ਜ਼ਮੀਨ ਦੇ ਭਾਲੇ ਗਏ ਦਸਤਾਵੇਜ਼ਾਂ ’ਤੇ ਰਾਜੇ ਦੇ ਪੁੱਤਰ ਦੇ ਬਕਾਇਦਾ ਗਵਾਹੀ ਵਜੋਂ ਦਸਤਖ਼ਤ ਵੀ ਦਰਜ ਹਨ। 

ਸ. ਓਬਰਾਏ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਨੇਪਾਲ ‘ਚ ਸਥਿਤ ਭਾਰਤੀ ਰਾਜਦੂਤ ਵੱਲੋਂ ਨੇਪਾਲ ਦਾ ‘ਰਜਿਸਟਰਡ ਕਾਰਡ’ ਜਾਰੀ ਕਰ ਦਿੱਤਾ ਗਿਆ ਹੈ, ਨੇ ਦੱਸਿਆ ਕਿ  ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਸੰਭਾਲਣ ਦੀ ਚਾਰਾਜੋਈ ਵਾਸਤੇ ਨੇਪਾਲ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਭੱਟਾ ਰਾਏ ਨਾਲ ਰਾਬਤਾ ਬਣਾਇਆ ਗਿਆ ਸੀ, ਉਨ੍ਹਾਂ ਜਿੱਥੇ  ਭਰੋਸਾ ਦਿੱਤਾ ਸੀ ਕਿ ਗੁਰਦੁਆਰੇ ਦੀ ਜ਼ਮੀਨ ’ਚੋਂ ਇੱਕ ਇੰਚ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ, ਉਥੇ ਗੁੱਠੀ ਸੰਸਥਾ ਨੂੰ ਜ਼ਮੀਨ ਅਤੇ ਸਥਾਪਿਤ ਗੁਰਦੁਆਰੇ ਦੇ ਇਤਿਹਾਸ ਤੇ ਧਾਰਮਿਕ ਪੱਖ ਤੋਂ ਰਿਪੋਰਟ ਵੀ ਮੰਗ ਲਈ ਸੀ। ਇਸ ’ਤੇ ਗੁੱਠੀ ਵੱਲੋਂ ਇਸ ਸਰਵੇ ਲਈ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ’ਚ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਭੱਟਾ ਰਾਏ ਦੀ ਪਤਨੀ ਤੇ ਨਾਨਕ ਮੱਠ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹੀਸਿਲਾ ਯਾਮਨੀ ਵੀ ਸ਼ਾਮਲ ਹਨ। ਸ੍ਰੀ ਓਬਰਾਏ ਮੁਤਾਬਿਕ ਗੁੱਠੀ ਵੱਲੋਂ ਸਰਵੇ ਰਿਪੋਰਟ ਕਰੀਬ ਮੁਕੰਮਲ ਕਰ ਲਈ ਹੈ ਤੇ ਜਲਦੀ ਹੀ ਇਹ ਨੇਪਾਲ ਸਰਕਾਰ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਉੱਚ ਮਿਆਰੀ ਸੂਤਰਾਂ ਅਨੁਸਾਰ ਸਰਵੇ ਕਮੇਟੀ ਇਸ ਗੱਲੋਂ ਇੱਕਮੱਤ ਹੈ ਕਿ ਗੁਰਦੁਆਰੇ ਦੀ ਪੰਜ ਏਕੜ ਜ਼ਮੀਨ ਵਾਕਈ ਬਾਬੇ ਨਾਨਕ ਦੇ ਨਾਮ ਹੈ ਤੇ ਇਹ ਲੀਜ਼ ’ਤੇ ਨਹੀ ਦਿੱਤੀ ਜਾ ਸਕਦੀ, ਇਹ ਸੰਪਤੀ ਨਾਨਕ ਮੱਠ ਗੁਰਦੁਆਰੇ ਦੀ ਹੀ ਰਹੇਗੀ।

ਸ. ਓਬਰਾਏ ਨੇ ਦੱਸਿਆ ਕਿ ਉਧਰ ਨੇਪਾਲ ਦੀ ਸਿੱਖ ਸੰਗਤ ਵੱਲੋਂ ਸਰਕਾਰ ਦੇ ਅਜਿਹੇ ਫੈਸਲੇ ਦੀ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਲੀਜ਼ ਵਰਗੇ ਅਦਾਲਤੀ ਹੁਕਮਾਂ ਤੋਂ ਪੱਕੇ ਤੌਰ ’ਤੇ ਮੁਕਤ ਹੋਵੇ। ਉਨ੍ਹਾਂ ਦੱਸਿਆ ਕਿ ਗੁਰਦੁਆਰਿਆਂ ਤੇ ਜ਼ਮੀਨਾਂ ਦੀ ਸੰਭਾਲ ਤੇ ਪੰਥਕ ਮਰਿਯਾਦਾ ਲਈ ਨੇਪਾਲ ਦੇ ਸਿੱਖਾਂ ਵੱਲੋਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਨਾਮੀ ਸੰਸਥਾ ਰਜਿਸਟਰਡ ਕਰਵਾ ਲਈ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੇਪਾਲ ਸਰਕਾਰ ਦੇ ਅਧਿਕਾਰਤ ਪੱਤਰ ਮਿਲਣ ਦੇ ਤੁਰੰਤ ਬਾਅਦ ਹੀ ਇਹ ਟਰੱਸਟ ਆਪਣੇ ਮਕਸਦ ਵਿਚ ਡਟ ਜਾਵੇਗਾ। ਸ. ਓਬਰਾਏ ਨੇ ਦੱਸਿਆ ਕਿ ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਦੇ ਇੱਕ ਵੱਖਰੇ ਟੁੱਕੜੇ ’ਚ ਪੁਰਾਤਨ ਖੂਹੀ ਵੀ ਜੋ ਲੱਭੀ ਸੀ, ਉਸ ਦੇ ਦੇ ਅੰਦਰ ਗੁਰਮੁਖੀ ਲਿਪੀ ’ਚ ਬਾਬੇ ਨਾਨਕ ਦੀ ਬਾਣੀ ਉਕਰੀ ਹੋਈ ਹੈ। 

ਸ. ਓਬਰਾਏ ਮੁਤਾਬਿਕ ਮਹੰਤਾਂ ਤੇ ਹੋਰ ਮਾਹਿਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਹ ਖੂਹੀ ਵੀ ਬਾਬੇ ਨਾਨਕ ਦੀ ਨੇਪਾਲ ਫੇਰੀ ਮੌਕੇ ਲੰਗਰ ਪ੍ਰਥਾ ਲਈ ਖੁਦਵਾਈ ਗਈ ਸੀ। ਉਂਜ ਖੂਹੀ ’ਚ ਬਾਣੀ ਵਾਲੇ ਉਕਰੇ ਪੱਥਰ ਨੂੰ ਬਾਹਰ ਫਿੱਟ ਕਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਅਸਾਨੀ ਨਾਲ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ ਇਥੇ ਲੰਗਰ ਦੇ ਪੁਰਾਤਨ ਭਾਂਡਿਆਂ ਦਾ ਭੰਡਾਰ ਵੀ ਮਿਲਿਆ ਹੈ ਜਿਨ੍ਹਾਂ ‘ਤੇ ਵੀ ਪੰਜਾਬੀ ਉਕਰੀ ਹੋਈ ਹੈ। ਕੁਝ ਪੁਰਾਤਨ ਟੱਲਾਂ ਤੇ ਟੱਲੀਆਂ ‘ਤੇ ਗੁਰਮੁਖੀ ’ਚ ਬਾਣੀ ਅੰਕਿਤ ਮਿਲੀ ਹੈ। ਸ੍ਰੀ ਓਬਰਾਏ ਵੱਲੋਂ ਪੰਜਾਬੀ ਖ਼ਾਸ ਕਰਕੇ ਗੁਰਮੁਖੀ ਲਿਪੀ ਲਿਖਤ ਸਬੂਤਾਂ ਵਜੋਂ ਤਸਵੀਰਾਂ ਖਿੱਚ ਕੇ ਨਾਲ ਲਿਆਂਦੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੀਜ਼ ਦੇ ਮੁੱਦੇ ਤੋਂ ਖਹਿੜਾ ਛੁੱਟਣ ਮਗਰੋਂ ਉਨ੍ਹਾਂ ਦੀ ਨਿੱਜੀ ਤੌਰ ’ਤੇ ਕੋਸ਼ਿਸ਼ ਹੋਵੇਗੀ ਜਿੱਥੇ ਗੁਰਦੁਆਰਾ ਨਾਨਕ ਮੱਠ ਵਿਖੇ ਰੋਜ਼ਾਨਾ ਪੱਧਰ ’ਤੇ ਪ੍ਰਕਾਸ਼ ਤੇ ਨਿੱਤਨੇਮ ਆਰੰਭ ਹੋਵੇ, ਉਥੇ ਪੁਰਾਤਨ ਖੂਹੀ ਕੋਲ ਮੁੜ ਲੰਗਰ ਦਾ ਪ੍ਰਵਾਹ ਵੀ ਅਤੁੱਟ ਵਰਤੇ।



Archive

RECENT STORIES