Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਅਜੀਤ ਸਿੰਘ ਸ਼ਾਂਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

Posted on August 5th, 2013


ਚੰਡੀਗੜ੍ਹ- ਪੰਜਾਬ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਅਜੀਤ ਸਿੰਘ ਸ਼ਾਂਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਹ ਐਲਾਨ ਸਾਬਕਾ ਵਿਧਾਇਕ ਨੇ ਇੱਥੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕੀਤਾ। ਉਹ ਸਾਲ 2007 ਤੋਂ 2012 ਦੇ ਦਰਮਿਆਨ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ (ਰਾਖਵਾਂ) ਤੋਂ ਐਮ.ਐਲ.ਏ. ਰਹੇ। ਇਸ ਸਮੇਂ ਦੌਰਾਨ ਉਹ ਕਾਂਗਰਸ ਨਾਲ ਜੁੜੇ ਰਹੇ ਤੇ ਸਾਲ 2012 ਦੀਆਂ ਆਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਪਰ ਅਕਾਲੀ ਦਲ ਦੀ ਉਮੀਦਵਾਰ ਰਾਜਵਿੰਦਰ ਕੌਰ ਭਾਗੀਕੇ ਤੋਂ ਮਹਿਜ਼ 600 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ। 

ਅਜੀਤ ਸਿੰਘ ਸ਼ਾਂਤ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਸਬੰਧਤ ਮੰਨਿਆ ਜਾਂਦਾ ਸੀ। ਇਸ ਸਾਬਕਾ ਵਿਧਾਇਕ ਦੇ ਹਾਕਮ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਮੋਗਾ ਜ਼ਿਲ੍ਹੇ ਵਿੱਚ ਵੱਡਾ ਰਾਜਸੀ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਮੋਗਾ ਤੋਂ ਕਾਂਗਰਸ ਨਾਲ ਸਬੰਧਤ ਰਹੇ ਵਿਧਾਇਕ ਜੋਗਿੰਦਰ ਪਾਲ ਜੈਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੜ ਫਤਵਾ ਲੈ ਕੇ ਵਿਧਾਨ ਸਭਾ ਦੇ ਮੈਂਬਰ ਚੁਣੇ ਜਾ ਚੁੱਕੇ ਹਨ। ਅਜੀਤ ਸਿੰਘ ਸ਼ਾਂਤ ਇਸ ਸਮੇਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸਨ ਤੇ ਉਹ ਸਾਲ 2006 ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸ੍ਰੀ ਸ਼ਾਂਤ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰ ਸਨ ਤੇ 2014 ਦੀਆਂ ਚੋਣਾਂ ਦੌਰਾਨ ਵੀ ਦਾਅਵੇਦਾਰ ਮੰਨੇ ਜਾਂਦੇ ਸਨ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਸ਼ਾਂਤ ਦੇ ਰਲੇਵੇਂ ਨਾਲ ਦਲ ਨੂੰ ਵੱਡਾ ਰਾਜਸੀ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਂਤ ਨੇ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਤੇ ਭਵਿੱਖ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪਾਰਟੀ ਵਿੱਚ ਵਿਚਾਰਧਾਰਾ ਖ਼ਤਮ ਹੋਣ ਅਤੇ ਰਾਜਸੀ ਲੋਕਾਂ ਦੇ ਸੱਤਾ ਨਾਲ ਜੁੜਨ ਦੇ  ਸਵਾਲ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਚੰਗੇ ਬੰਦੇ ਹੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਸ਼ਾਂਤ ਦਾ ਆਪਣੇ ਇਲਾਕੇ ਵਿੱਚ ਚੰਗਾ ਰਸੂਖ ਹੈ, ਜਿਸ ਕਰਕੇ ਵਿਧਾਨ ਸਭਾ ਦੀ ਚੋਣ ਆਜ਼ਾਦ ਤੌਰ ’ਤੇ ਜਿੱਤ ਗਏ ਸਨ। 

ਅਜੀਤ ਸਿੰਘ ਸ਼ਾਂਤ ਨੇ ਕਿਹਾ ਕਿ ਉਸ ਦਾ ਪਰਿਵਾਰਕ ਪਿਛੋਕੜ ਅਕਾਲੀ ਰਿਹਾ ਹੈ ਤੇ ਉਹ ਇੱਕ ਤਰ੍ਹਾਂ ਨਾਲ ਆਪਣੀ ਪੁਰਾਣੀ ਪਾਰਟੀ ਵਿੱਚ ਹੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਮੁੱਦਾਹੀਣ ਪਾਰਟੀ ਬਣ ਗਈ ਹੈ। ਅਜੀਤ ਸਿੰਘ ਸ਼ਾਂਤ ਦੇ ਪਿਤਾ ਗੁਰਦੇਵ ਸਿੰਘ ਸ਼ਾਂਤ ਵੀ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਸਾਲ 1977 ਵਿੱਚ ਅਕਾਲੀ ਦਲ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦੇ ਪਿਤਾ 1962 ਤੋਂ 1979 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਦੱਸਣਯੋਗ ਹੈ ਕਿ ਇਸ ਵਿਧਾਨ ਸਭਾ ਹਲਕੇ ਵਿੱਚ ਹੁਕਮਰਾਨ ਪਾਰਟੀ ਆਗੂਆਂ ਵਿੱਚ ਧੜੇਬੰਦੀ ਸਿਖ਼ਰਾਂ ’ਤੇ ਹੈ। ਇਥੋਂ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਅਤੇ ਹਲਕਾ ਧਰਮਕੋਟ ਤੋਂ ਵਿਧਾਇਕ ਜਥੇਦਾਰ ਤੋਤਾ ਸਿੰਘ ਵਿਚਕਾਰ ਸ਼ਬਦੀ ਜੰਗ ਤੋਂ ਇਲਾਵਾ  ਧੜੇਬੰਦੀ ਜੱਗ ਜ਼ਾਹਿਰ ਹੋ ਚੁੱਕੀ ਹੈ।



Archive

RECENT STORIES