Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਨਸਲਪ੍ਰਸਤ ਹੁਣ ਕਰ ਰਿਹਾ ਹੈ ਪਛਤਾਵਾ

Posted on August 5th, 2013

<p>ਪ੍ਰਦੀਪ&nbsp;ਕਾਲੇਕਾ ਤੇ&nbsp;ਆਰਨੋ ਮਿਸ਼ੇਲਿਸ਼<br></p>


ਓਕ ਕਰੀਕ (ਵਿਸਕੌਨਸਿਨ)- ਇਕ ਗੋਰੇ ਨਸਲਪ੍ਰਸਤ ਹਮਲਾਵਰ ਵੱਲੋਂ ਪਿਛਲੇ ਸਾਲ ਅਮਰੀਕਾ ਦੇ ਇਕ ਗੁਰਦੁਆਰੇ ਵਿਚ ਵੜ ਕੇ ਪ੍ਰਦੀਪ ਕਾਲੇਕਾ ਦੇ ਪਿਤਾ ਤੇ ਪੰਜ ਹੋਰਾਂ ਨੂੰ ਗੋਲੀਆਂ ਮਾਰ ਕੇ ਮਾਰਨ ਤੋਂ ਛੇ ਹਫਤੇ ਮਗਰੋਂ ਪ੍ਰਦੀਪ ਕਾਲੇਕਾ ਉਦੋਂ ਸ਼ਸ਼ੋਪੰਜ ਵਿਚ ਪੈ ਗਿਆ ਸੀ ਜਦੋਂ ਇਕ ਸਾਬਕਾ ਨਸਲਪ੍ਰਸਤ ਨੇ ਉਸ ਤੱਕ ਪਹੁੰਚ ਕਰਕੇ ਉਸ ਨੂੰ ਰਾਤ ਦੇ ਖਾਣੇ ’ਤੇ ਸੱਦਿਆ ਸੀ।

ਕਾਲੇਕਾ ਨੇ ਇਹ ਸੱਦਾ ਸਵੀਕਾਰ ਕਰ ਲਿਆ, ਤੇ ਹੁਣ ਇਸ ਗੱਲੋਂ ਸ਼ੁਕਰ ਮਨਾਉਂਦਾ ਹੈ ਕਿ ਉਸ ਨੇ ਠੀਕ ਕੀਤਾ। ਪਿਤਾ ਗੁਆ ਚੁੱਕੇ ਇਸ ਦੁਖੀ ਪੁੱਤਰ ਤੇ ਪਛਤਾਵਾ ਕਰ ਰਹੇ ਇਸ ਸਾਬਕਾ ਨਸਲਪ੍ਰਸਤ ਦੀ ਉਦੋਂ ਤੋਂ ਕੁਝ ਇਸ ਤਰ੍ਹਾਂ ਦੀ ਜੋੜੀ ਬਣ ਗਈ ਹੈ ਕਿ ਸਭ ਨੂੰ ਹੈਰਤ ਹੁੰਦੀ ਹੈ। ਦੋਵੇਂ ਰਲ ਕੇ ਸਾਰੇ ਮਿਲਵਾਕੀ ਵਿਚ ਅਮਨ ਦਾ ਸੁਨੇਹਾ ਦੇ ਰਹੇ ਹਨ। ਇਨ੍ਹਾਂ ਦੋਵਾਂ ਦੀ ਆਪਸੀ ਸਾਂਝ ਇੰਨੀ ਪੀਡੀ ਹੋ ਗਈ ਹੈ ਕਿ ਦੋਵਾਂ ਨੇ ਆਪਣੀਆਂ ਤਲੀਆਂ ’ਤੇ ਇਕੋ ਜਿਹੇ ਟੈਟੂ 8.5.12 ਖੁਣਵਾ ਲਏ ਹਨ, ਇਹ ਉਹ ਤਰੀਕ ਹੈ ਜਿਸ ਦਿਨ ਹਮਲਾਵਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਕੁਝ ਮਿੰਟ ਪਹਿਲਾਂ ਮਿਲਵਾਕੀ ਦੇ ਗੁਰਦੁਆਰੇ ਵਿਚ ਛੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ। ਕਾਲੇਕਾ ਲਈ ਆਰਨੋ ਮਿਸ਼ੇਲਿਸ਼ (42) ਨੂੰ ਮਿਲਣਾ ਆਸਾਨ ਨਹੀਂ ਸੀ ਜੋ ਖੁਦ ਮੰਨਦਾ ਹੈ ਕਿ ਉਸ ਨੇ ਗੋਰਿਆਂ ਦੀ ਨਸਲਪ੍ਰਸਤੀ ਵਾਲੀ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ ਬਹੁਤ ਜੀਅ-ਜਾਨ ਨਾਲ ਕੰਮ ਕੀਤਾ ਸੀ ਤੇ ਉਹ ਹਮਲਾਵਰ ਨੂੰ ਵਰਜ ਸਕਦਾ ਸੀ। ਕਾਲੇਕਾ ਨੂੰ ਆਰਨੋ ਦਾ ਇਤਿਹਾਸ ਪਤਾ ਸੀ। ਉਹ ਨਸਲਪ੍ਰਸਤਾਂ ਦੇ ਬੈਂਡ ਦਾ ਮੋਹਰੀ ਗਾਇਕ ਰਿਹਾ ਸੀ ਤੇ ਗੋਰਿਆਂ ਦੀ ਤਾਕਤ, ਸਵਾਸਤਿਕ ਟੈਟੂ, ਬੇਅੰਤ ਲੜਾਈਆਂ ਤੇ ਦਰਜਨ ਤੋਂ ਵੱਧ ਗ੍ਰਿਫਤਾਰੀਆਂ ਦਾ ਉਸ ਦਾ ਇਤਿਹਾਸ ਕਾਲੇਕਾ ਲਈ ਨਵਾਂ ਨਹੀਂ ਸੀ ਪਰ ਨਾਲ ਹੀ ਉਸ ਨੂੰ ਇਹ ਵੀ ਪਤਾ ਸੀ, ਕਿ 1990ਵਿਆਂ ਦੇ ਅੱਧ ਵਿਚ ਇਸ ਧੱਕੜ ਲਹਿਰ ਨਾਲੋਂ ਵੱਖ ਹੋਏ ਮਿਸ਼ੇਲਿਸ਼ ਨੇ ਚੰਗੇ ਕੰਮ ਵੀ ਕੀਤੇ ਸਨ। 37 ਸਾਲਾ ਕਾਲੇਕਾ ਚਾਹੁੰਦਾ ਸੀ ਕਿ ਉਸ ਦੇ ਪਿਤਾ ਦੀ ਮੌਤ ਅਮਨ ਦਾ ਆਧਾਰ ਬਣੇ ਇਸੇ ਕਰਕੇ ਉਸ ਨੇ ਆਰਨੋ ਦਾ ਸੱਦਾ ਮਨਜ਼ੂਰ ਕੀਤਾ ਸੀ।

ਹੁਣ ਦੋਵੇਂ ਆਸਵੰਦ ਹਨ ਕਿ ਉਹ ਰਲ ਕੇ ਦੁਖਾਂਤ ਨੂੰ ਆਸ ਵਿਚ ਬਦਲ ਸਕਦੇ ਹਨ, ਇਸ ਨੂੰ ਸਾਰੇ ਭਾਈਚਾਰੇ ਦੀ ਬਿਹਤਰੀ ਲਈ ਵਰਤ ਸਕਦੇ ਹਨ। ਦੋਵਾਂ ਦਾ ਮਿਸ਼ਨ ਹੁਣ ਇਕ ਹੈ। ਮਿਸ਼ੇਲਿਸ਼ ਨੇ ਆਪਣੀ ਪੁਸਤਕ ‘‘ਮਾਈ ਲਾਈਫ ਆਫਟਰ ਹੇਟ’’ ਵਿਚ ਦੱਸਿਆ ਕਿ ਕਿਵੇਂ ਉਹ ਕਿੰਡਰਗਾਰਟਨ ਵਿਚ ਪੜ੍ਹਦਾ ਹੀ ਵਹਿਸ਼ਤੀ ਬਣ ਗਿਆ ਸੀ, ਪਰ ਧੀ ਦੇ ਜਨਮ ਮਗਰੋਂ ਉਸ ਨੂੰ ਲੱਗਿਆ ਕਿ ਉਹ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਕਾਲੇਕਾ ਨੂੰ ਪਹਿਲਾਂ ਤੌਖਲਾ ਸੀ ਕਿ ਮਿਸ਼ੇਲਿਸ਼ ਕਦੇ ਵੀ ਅਤੀਤ ਵੱਲੋਂ ਪਰਤ ਸਕਦਾ ਹੈ, ਪਰ ਉਸ ਨੂੰ ਜਾਨਣ ਮਗਰੋਂ ਉਸ ਦੇ ਸਾਰੇ ਤੌਖਲੇ ਸ਼ਾਂਤ ਹੋ ਗਏ ਹਨ।

ਇਨਫਰਮੇਸ਼ਨ ਟੈਕਨੋਲੋਜੀ ਕੰਸਲਟੈਂਟ ਵਜੋਂ ਕੰਮ ਕਰਦਾ ਮਿਸ਼ੇਲਿਸ਼ ਇਨ੍ਹਾਂ ਤੌਖਲਿਆਂ ਤੋਂ ਵਾਕਫ ਸੀ। ਉਹ ਜਾਣਦਾ ਸੀ ਕਿ ਉਸ ਨੇ 7 ਸਾਲਾਂ ਵਿਚ ਇੰਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਸੀ ਕਿ ਉਸ ਦੀ ਸੁਹਿਰਦਤਾ ਹਰ ਵੇਲੇ ਸ਼ੱਕ ਦੇ ਘੇਰੇ ਵਿਚ ਰਹੇਗੀ। ਇਸੇ ਕਰਕੇ ਉਹ ਲੋਕਾਂ ਦਾ ਭਰੋਸਾ ਜਿੱਤਣ ਲਈ ਹੋਰ ਵੀ ਸਖ਼ਤ ਮਿਹਨਤ ਕਰਦਾ ਹੈ। ਦੋਵਾਂ ਨੇ ਰਲਕੇ ‘‘ਸਰਵ ਟੂ ਯੂਨਾਈਟ’’ ਭਾਈਚਾਰਕ ਗਰੁੱਪ ਬਣਾਇਆ ਹੈ ਜੋ ਹਿੰਸਾ ਦਾ ਟਾਕਰਾ ਅਮਨ ਨਾਲ ਕਰਨ ਲਈ ਕੰਮ ਕਰਦਾ ਹੈ। ਕਾਲੇਕਾ, ਮਿਸ਼ੇਲਿਸ਼ ਤੇ ਹੋਰ ਰਲਕੇ ਮਿਡਲ ਤੇ ਹਾਈ ਸਕੂਲਾਂ ਵਿਚ ਜਾਂਦੇ ਹਨ ਜਿੱਥੇ ਪ੍ਰਦੀਪ ਵਿਸਕਾਨਸਨ ਗੁਰਦੁਆਰੇ ਦੀ ਘਟਨਾ ਬਿਆਨਦਾ ਹੈ ਤੇ ਮਿਸ਼ੇਲਿਸ਼ ਹਮਲਾਵਰ ਦੇ ਆਪਣੇ ਵਰਗੇ ਪਿਛੋਕੜ ਬਾਰੇ ਦੱਸਦਾ ਹੈ। ਇਸ ਦਾ ਬੱਚਿਆਂ ’ਤੇ ਸਹੀ ਪ੍ਰਭਾਵ ਪੈਂਦਾ ਹੈ।

ਕਾਲੇਕਾ ਇਕ ਸਕੂਲ ਵਿਚ ਸੋਸ਼ਲ ਸਟੱਡੀਜ਼ ਪੜ੍ਹਾਉਂਦਾ ਹੈ। ਮਿਸ਼ੇਲਿਸ਼ ਗੋਰਾ ਹੈ, ਜਿਸ ਦੀਆਂ ਦੋਵੇਂ ਬਾਹਵਾਂ ਟੈਟੂਆਂ ਨਾਲ ਭਰੀਆਂ ਪਈਆਂ ਹਨ, ਪਰ ਪਹਿਲਾਂ ਇਨ੍ਹਾਂ ’ਤੇ ਕੇਵਲ ਨਸਲੀ ਨਫਰਤ ਭਰੇ ਸੁਨੇਹੇ ਸਨ। ਜਦੋਂ ਤੋਂ ਦੋਵੇਂ ਮਿਲੇ ਹਨ, ਭਰਾਵਾਂ ਵਰਗੇ ਬਣ ਗਏ ਹਨ ਤੇ ਮਜ਼ਾਕ ਵਿਚ ਇਕ ਦੂਜੇ ਦੀ ਚੰਗੀ ਲਾਹੁੰਦੇ ਹਨ। 



Archive

RECENT STORIES