Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਦਰੀ ਬਾਬਿਆਂ ਦੀ ਧਰਤੀ 'ਤੇ ਖਾਲਿਸਤਾਨ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ

Posted on August 6th, 2013


ਸਟਾਕਟਨ/ਬਲਵਿੰਦਰਪਾਲ ਸਿੰਘ ਖ਼ਾਲਸਾ- ਗਦਰੀ ਸਿੰਘਾਂ ਸ਼ਹੀਦਾਂ ਦੀ ਮਹਾਨ ਇਤਿਹਾਸਕ ਧਰਤੀ ਉਤੇ ਸਥਿਤ ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ, ਪੰਥਕ ਜਥੇਬੰਦੀਆਂ ਤੇ ਸੰਗਤਾਂ ਨੇ ਆਪਸੀ ਸਹਿਯੋਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਨਾਂ ਵਾਰ ਗਏ ਸੂਰਮਿਆਂ, ਜਰਨੈਲਾਂ ਤੇ ਸੰਤ ਸਿਪਾਹੀਆਂ ਦੀ ਯਾਦ ਵਿਚ ਯਾਦਗਾਰੀ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪਿੰਡ ਨਡਾਲੋਂ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬਾਨ ਵੱਲੋਂ ਚਲਾਈ ਲੰਗਰਾਂ ਦੀ ਮਹਾਨ ਪਰੰਪਰਾ ਨੂੰ ਜਾਰੀ ਰਖਣ ਵਾਲੇ ਬਾਬਾ ਨਿਧਾਨ ਸਿੰਘ ਜੀ ਅਤੇ ਸ਼ਹੀਦਾਂ ਦੀ ਯਾਦ ਵਿਚ ਅਖੰਡ ਪਾਠ ਦੀ ਸੇਵਾ ਕਰਵਾਈ ਗਈ।

ਵਿਸ਼ੇਸ਼ ਹਫਤਾ ਵਾਰੀ ਦੀਵਾਨ ਦੇ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਅਖੰਡ ਜਾਪ ਦੀ ਸੰਪੂਨਤਾ ਨਾਲ ਹੋਈ। ਭਾਈ ਰਵੇਲ ਸਿੰਘ ਰੁਦਰਪੁਰ ਤੇ ਭਾਈ ਜੋਗਿੰਦਰ ਸਿੰਘ ਦਿੱਲੀ ਵਾਲਿਆਂ ਦੇ ਜਥਿਆਂ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਕਰਦਿਆਂ ਦਮਦਮੀ ਟਕਸਾਲ ਦੇ ਭਾਈ ਬਖਸ਼ੀਸ਼ ਸਿੰਘ ਤੇ ਭਾਈ ਸੁਖਜੀਵਨ ਸਿੰਘ ਹੁਰਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੀ ਜੱਦੋਜਹਿਦ ਅਤੇ ਇਸਦੇ ਕੁਰਬਾਨੀ ਭਰੇ ਆਗੂਆਂ ਦੀਆਂ ਪ੍ਰਾਪਤੀਆਂ ਤੇ ਲੰਗਰਾਂ ਦੀ ਸੇਵਾ ਵਿਚ ਬਾਬਾ ਨਿਧਾਨ ਸਿੰਘ ਜੀ ਦੀਆਂ ਸੇਵਾਂਵਾਂ ਬਾਰੇ ਚਾਨਣਾ ਪਾਇਆ। 

ਉਪਰੰਤ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ, ਖਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਬਲਵਿੰਦਰਪਾਲ ਸਿੰਘ ਖ਼ਾਲਸਾ ਅਤੇ ਗੁਰਦੁਆਰਾ ਸਾਹਿਬ ਦੇ ਸਕਤਰ ਭਾਈ ਦਲਜੀਤ ਸਿੰਘ ਤੇ ਕਵੀਸ਼ਰੀ ਵਿਚ ਕਮਾਲ ਕਰਨ ਵਾਲੇ ਭਾਈ ਸਰਵਨ ਸਿੰਘ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਸ਼ਹੀਦੀ ਵਿਰਸੇ ਨੂੰ ਯਾਦ ਰਖਣਾ ਪਏਗਾ ਤੇ ਅਗਲੀ ਸਿੱਖ ਪੀੜੀ ਤੱਕ ਇਸ ਬੇਨਜ਼ੀਰ ਇਤਿਹਾਸ ਨੂੰ ਪਚਾਉਣਾ ਪਏਗਾ। ਖਾਲਿਸਤਾਨ ਦੀ ਪ੍ਰਾਪਤੀ ਲਈ ਮੌਜੂਦਾ ਸੰਘਰਸ਼ ਵਿਚ ਕੁਰਬਾਨੀ ਕਰਨ ਵਾਲੇ ਹਰ ਸਿੰਘ ਤੇ ਸਿੰਘਣੀ ਦੀ ਯਾਦ ਸਾਂਭ ਕੇ ਰਖਣੀ ਪਏਗੀ। ਕਿਉਂਕਿ ਉਨਾਂ ਦੇ ਡੁੱਲੇ ਪਵਿਤਰ ਲਹੂ ਨੇ ਲੱਖਾਂ ਸਿੱਖਾਂ ਨੂੰ ਅਮਰੀਕਾ ਕੈਨੇਡਾ ਤੇ ਯੋਰਪ ਵਿਚ ਖਾਲਿਸਤਾਨ ਦੇ ਨਾਮ ਰਾਜਨੀਤਕ ਸ਼ਰਨ ਦਿਵਾ ਕੇ ਇਨਾਂ ਵਧੀਆ ਦੇਸ਼ਾਂ ਦੇ ਸ਼ਹਿਰੀ ਬਣਾਇਆ ਹੈ ਤੇ ਮਾਲਾ ਮਾਲ ਕੀਤਾ ਹੈ। ਖਾਲਿਸਤਾਨ ਨੇ ਹਰ ਹਾਲਤ ਵਿਚ ਬਣਨਾ ਹੈ, ਜਿਸ ਲਈ ਸਿੱਖ ਕੌਮ ਨੂੰ ਹਰ ਵਕਤ ਤਿਆਰੀ ਰਖਣੀ ਚਾਹੀਦੀ ਹੈ। 

ਸਮਾਗਮ ਵਿਚ ਖਾਸ ਤੌਰ ਤੇ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ, ਭਾਈ ਲਾਭ ਸਿੰਘ, ਭਾਈ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਬੱਬਰ, ਡਾ: ਪ੍ਰੀਤਮ ਸਿੰਘ ਸੇਖੋਂ ਤੇ ਭਾਈ ਮਨਵੀ ਸਿੰਘ ਚਹੇੜੂ ਤੇ ਖਾਲਿਸਤਾਨ ਲਈ ਜਾਨਾਂ ਵਾਰੇ ਗਏ ਹਰ ਸਿੱਖ ਦੀਆਂ ਸ਼ਾਨਮਤੀਆਂ ਸ਼ਹੀਦੀਆਂ ਨੂੰ ਯਾਦ ਕੀਤਾ ਗਿਆ।


ਵਿਸ਼ੇਸ਼ ਤੌਰ ਤੇ ਪੁੱਜੇ ਖਾਲਿਸਤਾਨ ਕਮਾਡੋ ਫੋਰਸ ਦੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ ਦੇ ਮਾਤਾ ਜੀ, ਮਾਤਾ ਸੁਰਜੀਤ ਕੌਰ ਤੇ ਭਾਈ ਚਹੇੜੂ ਦੇ ਵਡੀ ਭੈਣ ਬੀਬੀ ਰਣਵੀਰ ਕੌਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਯਾਦਗਾਰੀ ਪਲੇਟ ਤੇ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ ਤੇ ਸਨਮਾਨਿਤ ਕਰਨ ਵੇਲੇ ਦੀਵਾਨ ਦਾ ਪੂਰਾ ਹਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਗੂੰਜਣ ਲਗ ਪਿਆ। ਮਾਤਾ ਸੁਰਜੀਤ ਕੌਰ ਹੁਰਾਂ ਸੰਗਤਾਂ ਨੂੰ ਫਤਹਿ ਬੁਲਾਈ ਤੇ ਸ਼ਹੀਦੀ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਹਰਬੰਸ ਸਿੰਘ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਨਾਲ ਸਿੱਖ ਇਤਿਹਾਸ ਤੇ ਸ਼ਹੀਦੀ ਵਿਰਸੇ ਦੀ ਯਾਦ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ। ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਾਤਾ ਸੁਰਜੀਤ ਕੌਰ ਤੇ ਭੈਣ ਜੀ ਰਨਵੀਰ ਕੌਰ ਨੇ ਭਾਈ ਚਹੇੜੂ ਦੇ ਜੀਵਨ ਦੀਆਂ ਅਨੋਖੀਆਂ ਘਟਨਾਵਾਂ ਬਾਰੇ ਠਰਮੇ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਉਨਾਂ ਨੂੰ ਆਪਣੇ ਸ਼ਹੀਦੀ ਪੁੱਤਰ ਤੇ ਹੋਰ ਸ਼ਹੀਦਾਂ ਦੇ ਬਹੁਤ ਮਾਣ ਹੈ ਜੋ ਕੌਮ ਦੇ ਚੰਗੇ ਭਵਿਖ ਲਈ ਆਪਣੀਆਂ ਕੀਮਤੀ ਜਾਨਾਂ ਵਾਰ ਗਏ।



Archive

RECENT STORIES