Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਵੀ ਕੀਤਾ ਬਾਦਲ ਸਾਹਮਣੇ ਹੰਗਾਮਾ

Posted on August 7th, 2013

<p>ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ<br></p>


ਸ੍ਰੀ ਮੁਕਤਸਰ ਸਾਹਿਬ : ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 8 ਪਿੰਡਾਂ 'ਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਸ ਵੇਲੇ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਖਿੜਕੀਆਂ ਵਾਲਾ ਵਿਖੇ ਲੋਕਾਂ ਦੀਆਂ ਸ਼ਗਨ ਸਕੀਮ, ਪੈਨਸ਼ਨਾਂ, ਨੀਲੇ ਕਾਰਡਾਂ, ਗਲੀਆਂ ਨਾਲੀਆਂ, ਕੱਚੇ ਮਕਾਨਾਂ, ਮੋਟਰ ਕੁਨੈਕਸ਼ਨਾਂ ਆਦਿ ਸਮੱਸਿਆਵਾਂ ਨੂੰ ਲੈ ਕੇ ਸੰਗਤ ਦਰਸ਼ਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਹਲਕੇ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਸਾਥੀਆਂ ਸਮੇਤ ਪਹੁੰਚ ਗਏ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਦੇ ਕਈ ਉੱਚ ਅਧਿਕਾਰੀਆਂ ਨੇ ਪਹਿਲਾਂ ਤਾਂ ਵਿਧਾÎਇਕ ਰਾਜਾ ਵੜਿੰਗ ਨੂੰ ਸੰਗਤ ਦਰਸ਼ਨ ਵਾਲੀ ਜਗ੍ਹਾ ਦੇ ਨੇੜੇ ਹੀ ਰੋਕੀ ਰੱਖਿਆ ਤੇ ਫਿਰ ਲੰਮਾ ਸਮਾਂ ਉਡੀਕ ਤੋਂ ਬਾਅਦ ਸੰਗਤ ਦਰਸ਼ਨ ਵਾਲੀ ਜਗ੍ਹਾ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪੁੱਜ ਗਏ। ਇਸ ਦੌਰਾਨ ਵਿਧਾਇਕ ਰਾਜਾ ਵੜਿੰਗ ਮੁੱਖ ਮੰਤਰੀ ਬਾਦਲ ਨਾਲ ਬਹਿਸ ਕਰਨ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੀ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। 

ਵਿਧਾਇਕ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ 'ਚ ਗਿੱਦੜਬਾਹਾ ਹਲਕੇ ਦੇ ਵਿਕਾਸ ਕਾਰਜਾਂ ਲਈ 'ਬਲੈਂਕ ਚੈੱਕ' (ਖਾਲੀ ਚੈੱਕ) ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤਕ ਪੂਰਾ ਨਹੀਂ ਹੋਇਆ। ਇਸ ਦੌਰਾਨ ਸ. ਬਾਦਲ ਨੇ ਉਸ ਨੂੰ ਆਪਣੇ ਕੋਲ ਆ ਕੇ ਬੈਠਣ ਲਈ ਵੀ ਕਿਹਾ ਪਰ ਰਾਜਾ ਨੇ ਕਿਹਾ ਕਿ ਵਿਧਾਇਕ ਦੇ ਤੌਰ 'ਤੇ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਨਹੀਂ ਮਿਲਿਆ। ਇਸ ਮੌਕੇ ਵਿਧਾਇਕ ਰਾਜਾ ਵੜਿੰਗ ਨੂੰ ਵੇਖ ਕੇ ਰੋਹ 'ਚ ਆਏ ਮੁੱਖ ਮੰਤਰੀ ਸ. ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਵਿਚਾਲੇ ਛੱਡ ਕੇ ਅਗਲੇ ਪਿੰਡ ਲਈ ਰਵਾਨਾ ਹੋ ਗਏ। ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਆਪਣੀ ਸਹਿਣਸ਼ੀਲਤਾ ਗਵਾ ਚੁੱਕੇ ਹਨ। ਇਸ ਉਪਰੰਤ ਰਾਜਾ ਵੜਿੰਗ ਅਤੇ ਸਮਰਥਕਾਂ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਪਿੰਡ ਆਸਾ ਬੁੱਟਰ, ਹਰੀਕੇ ਕਲ੍ਹਾਂ, ਸੂਰੇਵਾਲਾ ਤੇ ਕਾਉਣੀ 'ਚ ਵੀ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਪਿੰਡ ਕਾਉਣੀ ਵਿਖੇ ਰਾਜਾ ਤੇ ਉਸ ਦੇ ਸਾਥੀਆਂ ਦੀ ਪੁਲਸ ਨਾਲ ਵੀ ਨੋਕ-ਝੋਕ ਵੀ ਹੋਈ। ਇਸ ਦੌਰਾਨ ਸਥਿਤੀ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚੇ ਐਸਡੀਐਮ ਗਿੱਦੜਬਾਹਾ ਨੇ ਮੰਗਾਂ 'ਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਦੂਜੇ ਪਾਸੇ ਮੁੱਖ ਮੰਤਰੀ ਬਾਦਲ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਅਤ ਹੀ ਐਸੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਮਕਸਦ ਮੁਸ਼ਕਲਾਂ ਦੱਸਣਾ ਨਹੀਂ ਬਲਕਿ ਸੰਗਤ ਦਰਸ਼ਨ ਸਮਾਗਮਾਂ 'ਚ ਰੁਕਾਵਟ ਪਾਉਣਾ ਹੈ।




Archive

RECENT STORIES