Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਨੀ ਸਿੰਘ ਦਾ ਟੋਰਾਂਟੋ ਸ਼ੋਅ ਵਿਵਾਦਾਂ ਵਿੱਚ ਘਿਰਿਆ

Posted on August 7th, 2013


ਟੋਰਾਂਟੋ (ਪ੍ਰਤੀਕ ਸਿੰਘ)- ਜਦੋਂ ਦੀ ਹਨੀ ਸਿੰਘ ਵੱਲੋਂ ਟੋਰਾਂਟੋ ਦੇ ਇੱਕ ਸੱਭਿਆਚਾਰਕ ਮੇਲੇ ਵਿੱਚ ਭਾਗ ਲੈਣ ਬਾਬਤ ਭਿਣਕ ਪਈ ਹੈ, ਸਾਫ਼-ਸੁਥਰੇ ਸਮਾਜ ਦੇ ਹਮਾਇਤੀਆਂ ਵਿੱਚ ਰੋਹ ਉਠ ਖੜ੍ਹਾ ਹੋਇਆ ਹੈ ਅਤੇ ਇਸ ਵਿਵਾਦਤ ਗਾਇਕ ਦੇ ਵਿਰੋਧ ਵਿੱਚ ਪਟੀਸ਼ਨ ਭਰਨੀ ਵੀ ਸ਼ੁਰੂ ਹੋ ਗਈ ਹੈ। ਪਿਛਲੇ ਕਈ ਸਾਲਾਂ ਤੋਂ ਉਨਟਾਰੀਓ ਦੇ ਮਸ਼ਹੂਰ ਪਾਰਕ ‘ਵੰਡਰਲੈਂਡ’ ਵਿੱਚ ਪੰਜਾਬੀ ਵਿਰਸਾ ਡੇਅ’ਦੇ ਨਾਂ ਹੇਠ ਇਹ ਮੇਲਾ ਸਥਾਨਕ ਬਰਾਡਕਾਸਟਰ ਜੋਗਿੰਦਰ ਬਾਸੀ ਵੱਲੋਂ ਕਰਵਾਇਆ ਜਾਂਦਾ ਹੈ। ਇਸ ਵਾਰ 24 ਅਗਸਤ ਨੂੰ ਹੋਣ ਜਾ ਰਿਹਾ ਇਹ ਮੇਲਾ ਲੱਚਰ ਗਾਇਕੀ ਲਈ ਚਰਚਿਤ ਹਨੀ ਸਿੰਘ ਦੀ ਸ਼ਮੂਲੀਅਤ ਕਾਰਨ ਖਟਾਈ ਵਿੱਚ ਪੈ ਗਿਆ ਹੈ। 

ਸਥਾਨਕ ਭਾਈਚਾਰੇ ਵਿੱਚ ਇਸ ਗਾਇਕ ਦੇ ਕੈਨੇਡਾ ਦਾਖਲੇ ’ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੇ ਗਾਇਕਾਂ ਦੇ ਪ੍ਰਸੰਸਕ ਅਜੇ ਵੀ‘ਵਿਰੋਧੀਆਂ’ ਨਾਲੋਂ ਕਿਤੇ ਜ਼ਿਆਦਾ ਹਨ ਪਰ ਸਮਾਜ ਨੂੰ ਪਲੀਤ ਕਰਨ ਵਾਲਿਆਂ ਵਿਰੁੱਧ ਆਵਾਜ਼ ਜ਼ਰੂਰ ਉੱਠਦੀ ਹੈ। ਇਸ ਮੇਲੇ ਵਿੱਚ ਹਨੀ ਸਿੰਘ ਤੋਂ ਇਲਾਵਾ ਦਿਲਜੀਤ ਦੋਸਾਂਝ, ਮਿਸ ਪੂਜਾ, ਸ਼ੈਰੀ ਮਾਨ, ਮਨੀ ਔਜਲਾ, ਹਰਪ੍ਰੀਤ, ਸਤਿੰਦਰ ਸੱਤੀ ਆਦਿ ਦੇ ਪਹੁੰਚਣ ਬਾਰੇ ਸੂਚਨਾ ਹੈ। ਲੋਕ ਜਾਗ੍ਰਿਤੀ ਮੰਚ, ਗੁਰੂ ਨਾਨਕ ਮਿਸ਼ਨ ਅਤੇ ਹੋਰ ਕਈ ਸੰਸਥਾਵਾਂ ਨੇ ਇਸ ਦੇ ਵਿਰੋਧ ਵਿੱਚ ਜਿੱਥੇ‘ਵੰਡਰਲੈਂਡ’ਦੇ ਪ੍ਰਬੰਧਕਾਂ ਨੂੰ ਸੁਨੇਹਾ ਭੇਜਿਆ ਹੈ, ਉੱਥੇ ਆਨਲਾਈਨ ਪਟੀਸ਼ਨ ਵੀ ਚਾਲੂ ਕਰ ਦਿੱਤੀ ਹੈ। ਲੋਕ ਜਾਗ੍ਰਿਤੀ ਮੰਚ ਦੇ ਸੁਰਜੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਉਹ ਇਸ ਬਦਨਾਮ ਗਾਇਕ ਨੂੰ ਕੈਨੇਡਾ ਵੜਨ ਤੋਂ ਰੋਕਣ ਲਈ ਹਰ ਕਾਨੂੰਨੀ ਹੀਲਾ ਕਰਨਗੇ।‘

ਚਰਨਜੀਤ ਬਰਾੜ ਅਨੁਸਾਰ ਲੋਕਾਂ ਵਿੱਚ ਲੱਚਰਤਾ ਦੀ ਪ੍ਰੀਭਾਸ਼ਾ ਅਜੇ ਸਪੱਸ਼ਟ ਨਹੀਂ ਹੋ ਸਕੀ। ਸਹਿੰਦੀ-ਸਹਿੰਦੀ ਹਰ ਸ਼ੈਅ ਚਲਦੀ ਹੈ ਪਰ ਇਸ ਨੂੰ ਲੋੜੋਂ ਵੱਧ ਉਕਸਾਉਣਾ ਜਾਇਜ਼ ਨਹੀਂ। ਵੰਡਰਲੈਂਡ 330 ਏਕੜ ਵਿੱਚ ਫੈਲਿਆ ਕੈਨੇਡਾ ਦਾ ਪ੍ਰਮੁੱਖ ਮਨੋਰੰਜਨ ਪਾਰਕ ਹੈ ਜਿੱਥੇ ਹਜ਼ਾਰਾਂ ਪਰਿਵਾਰ ਆਨੰਦ ਮਾਣਦੇ ਹਨ। ਚਾਰ ਦਹਾਕਿਆਂ ਤੋਂ ਖੱੁਲ੍ਹੇ ਪਾਰਕ ਅੰਦਰ 70‘ਝੂਟਾ-ਖਟੋਲੇ’ ਅਤੇ 20 ਏਕੜ ਵਿੱਚ ਤਲਾਬ ਆਦਿ ਹਨ। ਪੰਜਾਬੀ ਵਿਰਸਾ ਡੇਅ ਦੇ ਸ੍ਰੀ ਬਾਸੀ ਨੇ ਇਸ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਪਸੰਦੀਦਾ ਗਾਇਕ ਬੁਲਾਉਂਦੇ ਹਨ। ਉਹ ਸਮਾਜੀ ਕਦਰਾਂ-ਕੀਮਤਾਂ ਭਲੀ-ਭਾਂਤ ਸਮਝਦੇ ਹਨ ਅਤੇ ਗਲਤ ਗਾਉਣ ਵਾਲੇ ਨੂੰ ਕਦੇ ਪ੍ਰਮੋਟ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਦਾ ਵਿਰੋਧ ਜਾਂ ਹਮਾਇਤ ਕਰਨਾ ਲੋਕਾਂ ਦਾ ਹੱਕ ਹੈ ਪਰ ਇਸ ਨਾਲ ਸ਼ੋਅ ਉੱਤੇ ਕੋਈ ਫ਼ਰਕ ਨਹੀਂ ਪੈਣ ਵਾਲਾ ਅਤੇ ਮੇਲਾ ਪੂਰਾ ਭਰੇਗਾ।



Archive

RECENT STORIES