Posted on August 7th, 2013

<p>ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. <br></p>
ਇਟਲੀ ਦੇ ਰੋਮ ਦੇ ਹਵਾਈ ਅੱਡੇ ’ਤੇ ਵਾਪਰੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਮਨਜੀਤ ਸਿੰਘ 2 ਅਗਸਤ ਨੂੰ ਰੋਮ ਵਿੱਚ ਇਕ ਦਸਤਾਰਬੰਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ। ਬੀਤੀ ਰਾਤ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਤਲਾਸ਼ੀ ਲਈ ਰੋਕ ਲਿਆ ਗਿਆ। ਤਲਾਸ਼ੀ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪਹਿਲਾਂ ਉਨ੍ਹਾਂ ਨੂੰ ਆਪਣੇ ਬੂਟ ਉਤਾਰਨ ਲਈ ਆਖਿਆ ਅਤੇ ਮਗਰੋਂ ਦਸਤਾਰ ਉਤਾਰਨ ਲਈ ਆਖਿਆ। ਸ੍ਰੀ ਜੀ.ਕੇ. ਨੇ ਦਸਤਾਰ ਉਤਾਰਨ ਤੋਂ ਨਾਂਹ ਕਰ ਦਿੱਤੀ। ਸਿੱਟੇ ਵਜੋਂ ਉਨ੍ਹਾਂ ਨੂੰ ਉਡਾਣ ਵਿਚ ਸਵਾਰ ਨਹੀਂ ਹੋਣ ਦਿੱਤਾ ਗਿਆ।
ਮਿਲੇ ਵੇਰਵਿਆਂ ਅਨੁਸਾਰ ਇਹ ਮਾਮਲਾ ਇਟਲੀ ਦੇ ਅਧਿਕਾਰੀਆਂ ਕੋਲ ਉਠਾਇਆ ਗਿਆ, ਪਰ ਇਹ ਹੱਲ ਨਹੀਂ ਹੋਇਆ। ਇਸ ਕਾਰਨ ਜੀ.ਕੇ. ਹਵਾਈ ਉਡਾਣ ਵਿਚ ਵੀ ਸਵਾਰ ਨਹੀਂ ਹੋ ਸਕੇ। ਉਨ੍ਹਾਂ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਦੁਬਈ ਜਾਣਾ ਸੀ, ਜਿੱਥੇ ਇਕ ਨਵੇਂ ਉਸਾਰੇ ਗੁਰਦੁਆਰੇ ਦੇ ਸਮਾਗਮ ਵਿਚ ਸ਼ਾਮਲ ਹੋਣਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਦਿੱਲੀ ਸਥਿਤ ਇਟਲੀ ਦੇ ਦੂਤਘਰ ਨੂੰ ਪੱਤਰ ਭੇਜ ਕੇ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ ਸਨ ਤਾਂ ਉਸ ਵੇਲੇ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਵਿਚ ਦਸਤਾਰ ਸਬੰਧੀ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦਾ ਭਰੋਸਾ ਦਿੱਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਇਸ ਸਬੰਧੀ ਦਿੱਤੇ ਗਏ ਭਰੋਸੇ ਦੀ ਯਾਦ ਦਿਵਾਈ ਜਾਵੇਗੀ ਅਤੇ ਅਪੀਲ ਕੀਤੀ ਜਾਵੇਗੀ ਕਿ ਉਹ ਸਿੱਖ ਭਾਈਚਾਰੇ ਨੂੰ ਦਰਪੇਸ਼ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸਹਿਯੋਗ ਦੇਣ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਪੱਤਰ ਭੇਜ ਕੇ ਘਟਨਾ ਤੋਂ ਜਾਣੂੰ ਕਰਾਇਆ ਜਾ ਰਿਹਾ ਹੈ। ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਸ ਤੋਂ ਪਹਿਲਾਂ ਇਟਲੀ ਦੇ ਹਵਾਈ ਅੱਡੇ ’ਤੇ ਕਈ ਅਹਿਮ ਸਿੱਖ ਸ਼ਖ਼ਸੀਅਤਾਂ ਨੂੰ ਤਲਾਸ਼ੀ ਦੇ ਬਹਾਨੇ ਦਸਤਾਰ ਉਤਾਰਨ ਲਈ ਮਜਬੂਰ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਅੱਜ ਦੇ ਆਧੁਨਿਕ ਸਮੇਂ ਵਿਚ ਤਲਾਸ਼ੀ ਲੈਣ ਲਈ ਕਈ ਆਧੁਨਿਕ ਉਪਕਰਣ ਆ ਚੁੱਕੇ ਹਨ। ਇਨ੍ਹਾਂ ਦੀ ਵਰਤੋਂ ਕਰਨ ਦੀ ਥਾਂ ਇਤਾਲਵੀ ਅਧਿਕਾਰੀ ਅਜੇ ਵੀ ਸਿੱਖ ਭਾਈਚਾਰੇ ਨੂੰ ਜ਼ਲੀਲ ਕਰ ਰਹੇ ਹਨ। ਇਟਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵਸੇ ਹੋਏ ਹਨ, ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਹਨ। ਉਥੇ ਗੁਰਦੁਆਰੇ ਵੀ ਹਨ। ਇਟਲੀ ਸਰਕਾਰ ਤੇ ਉਥੋਂ ਦਾ ਪ੍ਰਸ਼ਾਸਨ ਸਿੱਖ ਭਾਈਚਾਰੇ, ਧਰਮ ਤੇ ਪਹਿਰਾਵੇ ਆਦਿ ਤੋਂ ਭਲੀ ਭਾਂਤ ਜਾਣੂੰ ਹੈ ਪਰ ਇਸ ਦੇ ਬਾਵਜੂਦ ਸਿੱਖ ਸ਼ਖ਼ਸੀਅਤਾਂ ਨਾਲ ਅਜਿਹਾ ਵਤੀਰਾ ਬਦਸਲੂਕੀ ਕਰਨ ਬਰਾਬਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉੱਘੇ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਨਾਲ ਇਟਲੀ ਦੇ ਮਿਲਾਨ ਹਵਾਈ ਅੱਡੇ ’ਤੇ 21 ਜਨਵਰੀ 2011 ਵਿਚ ਅਤੇ ਦਸੰਬਰ 2010 ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਤਤਕਾਲੀਨ ਸਥਾਈ ਪ੍ਰਤੀਨਿਧ ਹਰਦੀਪ ਪੁਰੀ ਨੂੰ ਨਿਊਯਾਰਕ ਹਵਾਈ ਅੱਡੇ ’ਤੇ ਤਲਾਸ਼ੀ ਦੇ ਨਾਂ ਹੇਠ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਜਾ ਚੁੱਕਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025