Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਪੁਲੀਸ ਵੱਲੋਂ ਕਾਲਾ ਕੱਛਾ ਤੇ ਨੀਗਰੋ ਗਰੋਹ ਦੀਆਂ ਅਫ਼ਵਾਹਾਂ ਮੁੱਢੋਂ ਰੱਦ

Posted on August 7th, 2013


ਚੰਡੀਗੜ੍ਹ: ਪੰਜਾਬ ਪੁਲੀਸ ਹੈਡਕੁਆਰਟਰ ਨੇ ਰਾਜ ਵਿਚ ਕਾਲੇ ਕੱਛਿਆਂ ਵਾਲੇ ਗਰੋਹਾਂ, ਬੱਚਿਆਂ ਨੂੰ ਅਗਵਾ ਕਰਨ ਵਾਲੇ ਟੋਲਿਆਂ ਅਤੇ ਨੀਗਰੋ ਗੈਂਗ ਦੇ ਸਰਗਰਮ ਹੋਣ ਦੀਆਂ ਅਫਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇਸ ਤਹਿਤ ਪੁਲੀਸ ਵੱਲੋਂ ‘ਕਾਲਾ ਕੱਛਾ ਗਰੋਹ’ ਦੀ ਫੇਸਬੁੱਕ ਬਣਾ ਕੇ ਦਹਿਸ਼ਤ ਮਚਾਉਣ ਵਾਲੇ ਜਲੰਧਰ ਦੇ ਇਕ +2 ਦੇ ਵਿਦਿਆਰਥੀ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੇ ਕੱਛਿਆਂ ਵਾਲੇ ਗਰੋਹ ਅਤੇ ਨੀਗਰੋਜ਼ ਵੱਲੋਂ ਰਾਤਾਂ ਨੂੰ ਹਮਲੇ ਕਰਕੇ ਲੁੱਟਾਂ-ਖੋਹਾਂ ਕਰਨ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਇਸ ਤੋਂ ਇਲਾਵਾ ਕਈ ਥਾਈਂ ਇਹ ਵੀ ਅਫਵਾਹ ਹੈ ਕਿ ਕੁੱਝ ਗਰੋਹ ਬੱਚਿਆਂ ਨੂੰ ਅਗਵਾ ਕਰਕੇ ਕਤਲ ਕਰ ਰਹੇ ਹਨ। ਇਨ੍ਹਾਂ ਅਫਵਾਹਾਂ ਕਾਰਨ ਕਈ ਥਾਈਂ ਮਾਪੇ ਖੁਦ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈਣ ਜਾ ਰਹੇ ਹਨ।

ਰਾਤਾਂ ਨੂੰ ਪਿੰਡਾਂ ਵਿਚ ਠੀਕਰੀ ਪਹਿਰੇ ਲੱਗ ਰਹੇ ਹਨ ਅਤੇ ਇਸ ਦੌਰਾਨ ਗਲਤਫਹਿਮੀ ਵਿਚ ਹੀ ਕਈ ਥਾਈਂ ਕੁੱਟਮਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਈ ਪਿੰਡਾਂ ਵਿਚ ਇਸ ਬਾਰੇ ਗੁਰਦੁਆਰਿਆਂ ਤੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਹੈਡਕੁਆਰਟਰ ਦੇ ਬੁਲਾਰੇ ਅਤੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ (ਏਡੀਜੀਪੀ) ਖੂਫੀਆ ਵਿੰਗ ਹਰਦੀਪ ਸਿੰਘ ਢਿੱਲੋਂ ਨੇ ਅਜਿਹੀਆਂ ਸਾਰੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀ ਕੋਈ ਵੀ ਘਟਨਾ ਹਕੀਕੀ ਤੌਰ ’ਤੇ ਨਹੀਂ ਵਾਪਰੀ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਡੇਰਾਬਸੀ ਨੇੜਲੇ ਪਿੰਡ ਬੇਹੜਾ ਵਿਖੇ ਕੁਝ ਲੁਟੇਰਿਆਂ ਨੇ ਇਕ ਘਰ ਵਿਚ ਲੁੱਟ ਮਚਾਈ ਹੈ ਅਤੇ ਇਸ ਗਰੋਹ ਦਾ ਪਤਾ ਲਾ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਜਲੰਧਰ ਦੇ ਇਕ ਸਕੂਲ ਦੇ +2 ਦੇ ਵਿਦਿਆਰਥੀ ਨੇ ‘ਕਾਲਾ ਕੱਛਾ ਗਰੋਹ’ ਫੇਸਬੁੱਕ ਬਣਾਈ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਹੋਰ ਵਿਅਕਤੀਆਂ ਦੀ ਵੀ ਸੂਹ ਲਾਈ ਜਾ ਰਹੀ ਹੈ। ਸ੍ਰੀ ਢਿੱਲੋ ਨੇ ਕਿਹਾ ਕਿ ਇਹ ਅਫਵਾਹਾਂ ਲੋਕਾਂ ਦੇ ਮਨਾਂ ਵਿਚੋਂ ਕੱਢਣ ਲਈ ਰਾਤ ਦੀ ਗਸ਼ਤ ਵਧਾ ਦਿੱਤੀ ਹੈ ਅਤੇ ਕਈ ਥਾਈਂ ਅਰਧ ਫੌਜੀ ਦਲ ਵੀ ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਅਫਵਾਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿਚ ਫੈਲੀ ਸੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਬਾਰਡਰ ਰੇਂਜ ਦੇ ਡੀਆਈਜੀ ਅਤੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਇਨ੍ਹਾਂ ਅਫਵਾਹਾਂ ਬਾਰੇ ਬਾਕਾਇਦਾ ਲੋਕਾਂ ਨੂੰ ਸੁਚੇਤ ਕਰ ਰਹੇ ਹਨ। ਇਸ ਤੋਂ ਇਲਾਵਾ ਸਮੂਹ ਐਸਐਸਪੀਜ਼ ਅਤੇ ਐਸਐਚਓਜ਼ ਨੂੰ ਵੀ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਬਾਰੇ ਸੁਚੇਤ ਕਰਨ ਲਈ ਕਿਹਾ ਗਿਆ ਹੈ। 

ਇਸੇ ਦੌਰਾਨ ਏਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਮੋਬਾਈਲ ’ਤੇ ਆਏ ਐਸਐਮਐਸ ਨੂੰ ਦਿਖਾਉਂਦਿਆਂ ਦੱਸਿਆ ਕਿ ਕੁਝ ਵਿਅਕਤੀ ਬਿਨਾਂ ਸਿਰ–ਪੈਰ ਦੇ ਸੁਨੇਹੇ ਭੇਜ ਕੇ ਜਨਤਾ ਵਿਚ ਦਹਿਸ਼ਤ ਪੈਦਾ ਕਰ ਰਹੇ ਹਨ। ਇਸ ਐਸਐਮਐਸ ਵਿਚ ਲਿਖਿਆ ਹੈ ਕਿ ਅੰਮ੍ਰਿਤਸਰ ਦੇ ਕੁੱਝ ਹਿੰਦੂਆਂ ਤੇ ਸਿੱਖਾਂ ਨੂੰ ਇਕ ਨੀਗਰੋ ਗਰੋਹ ਨੇ ਕਤਲ ਕਰ ਦਿੱਤਾ ਹੈ। ਏਡੀਜੀਪੀ ਨੇ ਕਿਹਾ ਕਿ ਇਹ ਸੱਭ ਅਫਵਾਹਾਂ ਹਨ ਅਤੇ ਹਕੀਕੀ ਤੌਰ ’ਤੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ।



Archive

RECENT STORIES