Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਰੋੜਪਤੀ ਪ੍ਰਾਪਰਟੀ ਡੀਲਰ ਵੱਲੋਂ ਪਤਨੀ, ਪੁੱਤ ਤੇ ਧੀ ਨੂੰ ਮਾਰ ਕੇ ਖੁਦਕੁਸ਼ੀ

Posted on August 7th, 2013



ਕਪੂਰਥਲਾ- ਸਾਬਕਾ ਖਜ਼ਾਨਾ ਮੰਤਰੀ ਡਾ: ਉਪਿੰਦਰਜੀਤ ਕੌਰ ਦੇ ਇੱਕ ਕਰੋੜਪਤੀ ਰਿਸ਼ਤੇਦਾਰ ਵੱਲੋਂ ਆਪਣੇ ਸਾਰੇ ਪਰਿਵਾਰ ਨੂੰ ਮਾਰਨ ਉਪਰੰਤ ਖੁਦਕੁਸ਼ੀ ਕਰ ਲਈ ਗਈ। 'ਆਲ ਇੰਡੀਆ ਅੱਤਵਾਦ ਵਿਰੋਧੀ ਫ਼ਰੰਟ' ਦੇ ਜ਼ਿਲ੍ਹਾ ਪ੍ਰਧਾਨ ਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ (40 ਸਾਲ) ਪੁੱਤਰ ਮਹਿੰਦਰ ਸਿੰਘ ਵਾਸੀ ਸ਼ਾਲੀਮਾਰ ਐਵੀਨਿਉ, ਜੋ ਸ਼ਾਲੀਮਾਰ ਬਾਗ ਦੇ ਪਿਛੇ ਪੈਂਦੀ ਹੈ, ਨੇ ਆਪਣੀ ਕੋਠੀ ਵਿਚ ਆਪਣੀ ਪਤਨੀ ਰੁਪਿੰਦਰ ਕੌਰ (38 ਸਾਲ), ਪੁੱਤਰ ਗੌਰਵ (13 ਸਾਲ) ਅਤੇ ਧੀ ਅਮਾਨਤ ਕੌਰ (8 ਸਾਲ) ਨੂੰ ਆਪਣੀ ਡਬਲਬੈਰਲ ਬੰਦੂਕ ਨਾਲ ਮਾਰਨ ਉਪਰੰਤ ਖੁਦਕੁਸ਼ੀ ਕਰ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਦੇ ਲਗਭਗ ਅਵਤਾਰ ਸਿੰਘ ਨੇ ਘਰ ਵਿਚ ਸੁੱਤੀ ਆਪਣੀ ਪਤਨੀ ਰੁਪਿੰਦਰ ਕੌਰ ਨੂੰ 2 ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਰੁਪਿੰਦਰ ਦੇ ਇਕ ਗੋਲੀ ਲੱਕ ਵਿਚ ਅਤੇ ਦੂਸਰੀ ਗੋਲੀ ਸਿਰ ਵਿਚ ਵੱਜੀ ਦੱਸੀ ਜਾਂਦੀ ਹੈ। ਇਸੇ ਤਰ੍ਹਾਂ 8 ਸਾਲਾ ਧੀ ਅਮਾਨਤ ਕੌਰ ਨੂੰ ਵੀ ਇਕ ਗੋਲੀ ਲੱਕ ਵਿਚ ਪਿਛੇ ਮਾਰੀ। 13 ਸਾਲਾ ਅਪੰਗ ਲੜਕੇ ਗੌਰਵ ਨੂੰ ਉਸ ਨੇ ਸਿਰ ਵਿਚ ਗੋਲੀ ਮਾਰੀ। ਉਪਰੋਕਤ ਤਿੰਨੋ ਮੌਕੇ 'ਤੇ ਹੀ ਦਮ ਤੋੜ ਗਏ। ਇਸ ਉਪਰੰਤ ਅਵਤਾਰ ਸਿੰਘ ਨੇ ਆਪਣੇ ਮਾਸੀ ਦੇ ਲੜਕੇ ਐਡਵੋਕੇਟ ਕਰਮਜੀਤ ਸਿੰਘ ਕਪੂਰਥਲਾ, ਸਾਢੂ ਸੁਖਰਾਜ ਸਿੰਘ ਜਲੰਧਰ ਨੂੰ ਫੋਨ ਕਰ ਕੇ ਦੱਸਿਆ ਕਿ ਹੁਣ ਉਸ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਉਸ ਨੇ ਪਤਨੀ ਅਤੇ ਬੱਚਿਆਂ ਨੂੰ ਮਾਰ ਦਿੱਤਾ ਹੈ ਤੇ ਖੁਦ ਵੀ ਮਰਨ ਲੱਗਾ ਹੈ। ਉਨ੍ਹਾਂ ਵੱਲੋਂ ਰੋਕਣ ਦੇ ਬਾਵਜੂਦ ਅਵਤਾਰ ਨੇ ਆਪਣੀ 12 ਬੋਰ ਦੀ ਡਬਲਬੈਰਲ ਬੰਦੂਕ ਨਾਲ ਖੁਦ ਵੀ ਖੁਦਕੁਸ਼ੀ ਕਰ ਲਈ।

ਪੁਲੀਸ ਨੂੰ ਦਿੱਤੇ ਬਿਆਨ ਵਿਚ ਕਰਮਜੀਤ ਸਿੰਘ ਐਡਵੋਕੇਟ ਨੇ ਦੱਸਿਆ ਕਿ ਉਸ ਨੂੰ ਸਵੇਰੇ 5.45 ਵਜੇ ਅਵਤਾਰ ਸਿੰਘ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ, ਲੜਕੇ ਅਤੇ ਲੜਕੀ ਨੂੰ ਮਾਰ ਦਿੱਤਾ ਤੇ ਆਪ ਵੀ ਮਰਨ ਲੱਗਿਆ ਹੈ। ''ਤੁਸੀਂ ਮੇਰੇ ਵੱਡੇ ਭਰਾ ਹੋ ਮੇਰੀ ਮਾਂ ਦਾ ਖਿਆਲ ਰੱਖਿਓ।'' ਬਹੁਤ ਸਮਝਾਉਣ ਦੇ ਬਾਵਜੂਦ ਉਸ ਨੇ ਆਪਣਾ ਟੈਲੀਫੋਨ ਬੰਦ ਕਰ ਦਿੱਤਾ। ਉਹ ਉਸੇ ਵਕਤ ਆਪਣੀ ਕਾਰ 'ਤੇ ਉਨ੍ਹਾਂ ਦੇ ਘਰ ਪੁਜਾ। ਗੇਟ 'ਤੇ ਘੰਟੀ ਵਜਾਈ ਪਰ ਅੰਦਰ ਕੋਈ ਹਿਲਜੁਲ ਨਹੀਂ ਹੋਈ। ਫਿਰ ਉਹ ਸਾਈਡ ਤੋਂ ਕੰਧ ਟੱਪ ਕੇ ਅੰਦਰ ਪੁੱਜਿਆ ਤਾਂ ਜਾਲੀ ਵਾਲਾ ਦਰਵਾਜ਼ਾ ਜਿਸ ਨੂੰ ਕੁੰਡੀ ਨਹੀਂ ਲੱਗੀ ਸੀ ਖਿਚ ਕੇ ਖੋਲ ਕੇ ਅੰਦਰ ਗਿਆ ਤਾਂ ਦੇਖਿਆ ਕਿ ਰੁਪਿੰਦਰ ਕੌਰ, ਅਮਾਨਤ, ਗੌਰਵ, ਪ੍ਰਤੀਕ ਅਤੇ ਅਵਤਾਰ ਖੁਦ ਖੂਨ ਨਾਲ ਲੱਥ ਪੱਥ ਪਏ ਸਨ। ਅਵਤਾਰ ਦੇ ਹੱਥ ਵਿਚ ਛਾਤੀ 'ਤੇ ਰਾਇਫਲ ਫੜੀ ਹੋਈ ਸੀ। ਉਸ ਨੇ ਉਸੇ ਸਮੇਂ 108 ਨੰਬਰ ਅਤੇ 100 ਨੰਬਰ 'ਤੇ ਇਤਲਾਹ ਦਿੱਤੀ। ਇਸ ਉਪਰੰਤ ਅਵਤਾਰ ਦੇ ਛੋਟੇ ਭਰਾ ਮਨਮੋਹਨ ਸਿੰਘ ਜੋ ਨਾਲ ਦੀ ਕੋਠੀ ਵਿਚ ਆਪਣੇ ਪਰਿਵਾਰ ਸਮੇਤ ਮਾਤਾ ਨਾਲ ਰਹਿੰਦਾ ਹੈ ਨੂੰ ਫੋਨ 'ਤੇ ਇਤਲਾਹ ਦਿੱਤੀ, ਜਿਨ੍ਹਾਂ ਦੇ ਆਉਣ 'ਤੇ ਗੇਟ ਨੂੰ ਲੱਗਾ ਜੰਦਰਾ ਤੁੜਵਾਇਆ ਗਿਆ ਤੇ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਮੌਤ ਦੇ ਕਾਰਨਾਂ ਬਾਰੇ ਅਜੇ ਬਹੁਤਾ ਪਤਾ ਨਹੀਂ ਲੱਗਾ, ਪਰ ਸ਼ੱਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਬੇਟਾ ਅਪਾਹਜ ਸੀ ਅਤੇ ਕੁਝ ਦਿਮਾਗੀ ਤੌਰ ਤੇ ਵੀ ਸੁਸਤ ਹੋਣ ਕਾਰਨ ਅਵਤਾਰ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਉਸ ਨੂੰ ਹਵਾਈ ਜਹਾਜ਼ ਰਾਹੀਂ ਬੰਗਲੌਰ ਤੋਂ ਚੈੱਕ ਕਰਵਾ ਕੇ ਆਇਆ ਸੀ। ਮ੍ਰਿਤਕ ਅਵਤਾਰ ਸਿੰਘ ਦੇ ਦੋ ਭਰਾ ਅਤੇ ਇਕ ਭੈਣ ਹੈ। ਅਵਤਾਰ ਸਿੰਘ ਖੁਦ ਐਮ ਐਸ ਈ ਐਗਰੀਕਲਚਰ ਸੀ ਅਤੇ ਸ਼ਹਿਰ ਵਿਚ ਰੀਅਲ ਸਟੇਟ ਦੇ ਕਾਰੋਬਾਰ 'ਚ ਚੰਗਾ ਰਸੂਖ ਰੱਖਦਾ ਸੀ। ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਐਮ ਏ ਐਮ ਐਡ ਸੀ।



Archive

RECENT STORIES