Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਖਬੀਰ ਬਾਦਲ ਦੀ ਕੈਨੇਡਾ ਫੇਰੀ ਨੂੰ ਲੱਗ ਸਕਦਾ ਹੈ ਮੁਕੱਦਮੇ ਦਾ ਗ੍ਰਹਿਣ

Posted on August 9th, 2013

<p>ਗੱਲਬਾਤ ਮੌਕੇ 'ਸਿਖਸ ਫਾਰ ਜਸਟਿਸ' ਦੇ ਵਕੀਲ ਗੁਰਪਤਵੰਤ ਸਿੰਘ ਪੰਨੂ (ਖੱਬੇ) ਅਤੇ ਜਤਿੰਦਰ ਸਿੰਘ ਗਰੇਵਾਲ (ਸੱਜੇ)<br></p>



ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਇੱਕ ਵਫਦ ਸਮੇਤ ਸਤੰਬਰ ਮਹੀਨੇ ਕੈਨੇਡਾ ਫੇਰੀ ਨੂੰ ਲੈ ਕੇ ਜਿੱਥੇ ਉਨ੍ਹਾਂ ਦੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਇਸ ਫੇਰੀ ਦੌਰਾਨ ਉਨ੍ਹਾਂ ਨੂੰ ਕੁਝ ਕਾਨੂੰਨੀ ਅੜਚਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਦੀ ਪੁਸ਼ਟੀ ਮਨੁੱਖੀ ਅਧਿਕਾਰ ਜਥੇਬੰਦੀ 'ਸਿੱਖਸ ਫਾਰ ਜਸਟਿਸ' ਵਲੋਂ ਸਰੀ ਵਿਖੇ ਵੀਰਵਾਰ ਦੁਪਿਹਰ 'ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ.' ਨਾਲ ਕੀਤੀ ਗਈ ਇੱਕ ਪੱਤਰਕਾਰ ਮਿਲਣੀ ਦੌਰਾਨ ਹੋਈ। 

ਸ. ਸੁਖਬੀਰ ਸਿੰਘ ਬਾਦਲ ਦੀ ਕੈਨੇਡਾ ਫੇਰੀ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕਾ ਤੋਂ ਪਹੁੰਚੇ ਸੰਸਥਾ ਦੇ ਮੁਖੀ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਇਸ ਮਸਲੇ 'ਤੇ ਆਪਣੀ ਰਣਨੀਤੀ ਖੁੱਲ ਕੇ ਜ਼ਾਹਰ ਕਰਨ ਤੋਂ ਤਾਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਦੇ ਕਾਨੂੰਨਾਂ 'ਚ ਬਹੁਤ ਫਰਕ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਪ੍ਰਣਾਲੀ ਹੋਣ ਕਾਰਨ ਉੱਥੇ ਗੈਰ-ਫੌਜਦਾਰੀ ਮੁਕੱਦਮਾ ਕਰਕੇ ਸੰਮਨ ਤਾਮੀਲ ਕਰਵਾਏ ਜਾਂਦੇ ਹਨ ਜਦਕਿ ਕੈਨੇਡਾ ਵਿੱਚ ਸੰਸਦੀ ਪ੍ਰਣਾਲੀ ਰਾਹੀਂ ਫੌਜਦਾਰੀ ਮੁਕੱਦਮਾ ਕਰਕੇ ਗ੍ਰਿਫਤਾਰੀ ਦੇ ਵਾਰੰਟ ਕਢਵਾਏ ਜਾਂਦੇ ਹਨ। ਪੰਨੂ ਨੇ ਸਾਬਕਾ ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਦੀ ਉਦਾਹਰਨ ਦਿੱਤੀ, ਜਿਨ੍ਹਾਂ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਦੌਰਾ ਅੱਧਵਾਟੇ ਇਸ ਲਈ ਹੀ ਛੱਡ ਦਿੱਤਾ ਸੀ, ਕਿਉਂਕਿ ਉਨ੍ਹਾਂ 'ਤੇ ਵੀ ਕੁਝ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਅਜਿਹੇ ਹੀ ਦੋਸ਼ ਲਗਾਏ ਗਏ ਸਨ। 


ਦੱਸਣਯੋਗ ਹੈ ਕਿ 'ਸਿੱਖਸ ਫਾਰ ਜਸਟਿਸ' ਵਲੋਂ ਪਿਛਲੇ ਸਾਲ ਅਮਰੀਕਾ ਦੌਰੇ 'ਤੇ ਆਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਜਿਹੀ ਹੀ ਕਾਨੂੰਨੀ ਉਲਝਣ 'ਚ ਉਲਝਾਇਆ ਗਿਆ ਸੀ, ਜਿਸ ਦੇ ਸੰਮਨ ਤਾਮੀਲ ਹੋਣ ਦਾ ਰੇੜਕਾ ਅਜੇ ਵੀ ਚੱਲ ਰਿਹਾ ਹੈ। 

ਪੰਜਾਬ ਦੇ ਕਾਂਗਰਸੀਆਂ ਦੀ ਕੈਨੇਡਾ-ਅਮਰੀਕਾ ਫੇਰੀ ਦੌਰਾਨ ਉਨ੍ਹਾਂ 'ਤੇ ਅਜਿਹੇ ਮੁਕੱਦਮੇ ਨਾ ਚਲਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਸੰਸਥਾ ਦੇ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ '84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸਮਝੇ ਜਾਂਦੇ ਕੇਂਦਰੀ ਸਿਆਸਤ 'ਚ ਸਰਗਰਮ ਕਾਂਗਰਸੀ ਆਗੂ ਕਮਲ ਨਾਥ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੁੱਖ ਮੰਤਰੀ ਕਾਲ 'ਚ ਕੀਤੇ ਗਏ ਕੈਨੇਡਾ ਦੌਰੇ ਦਾ ਸਵਾਲ ਹੈ ਤਾਂ ਉਸ ਵਕਤ 'ਸਿੱਖਸ ਫਾਰ ਜਸਟਿਸ' ਹੋਂਦ ਵਿੱਚ ਹੀ ਨਹੀਂ ਸੀ ਆਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਿੱਖ ਨਸਲਕੁਸ਼ੀ 'ਚ ਭੂਮਿਕਾ ਨਿਭਾਉਣ ਵਾਲੇ ਅਤੇ ਕੈਨੇਡਾ-ਅਮਰੀਕਾ 'ਚ ਜਨਤਕ ਤੌਰ 'ਤੇ ਵਿਚਰਨ ਵਾਲੇ ਭਾਰਤੀ ਸਿਆਸੀ ਆਗੂਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ ਵੀ ਕਾਨੂੰਨੀ ਜਵਾਬਦੇਹੀ ਦੀ ਪ੍ਰਕਿਰਿਆ ਆਰੰਭੀ ਜਾਵੇਗੀ। 

ਇਸ ਦੌਰਾਨ ਕੁਝ ਸਥਾਨਕ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਸ. ਸੁਖਬੀਰ ਸਿੰਘ ਬਾਦਲ ਦੀ ਫੇਰੀ ਦੇ ਜਨਤਕ ਵਿਰੋਧ ਦਾ ਐਲਾਨ ਸਥਾਨਕ ਰੇਡੀਓ ਤੋਂ ਕੀਤਾ ਗਿਆ ਹੈ।




Archive

RECENT STORIES