Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਰਜ਼ੇ ਨਾ ਮੋੜ ਸਕਣ ਕਾਰਨ ਖੁਦਕੁਸ਼ੀ ਕਰਦੇ ਕਿਸਾਨਾਂ ‘ਚ 40 ਫੀਸਦੀ 20 ਤੋਂ 32 ਸਾਲ ਦੇ

Posted on August 11th, 2013


ਚੰਡੀਗੜ੍ਹ- ਭਾਰਤ ਵਿੱਚ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਅੰਕੜੇ ਜਿੱਥੇ ਵਧੀ ਜਾਂਦੇ ਹਨ, ਉਥੇ ਇੱਕ ਹੋਰ ਹੈਰਾਨੀ ਜਨਕ ਤੱਥ ਸਾਹਮਣੇ ਆਇਆ ਹੈ ਕਿ ਦੇਸ਼ ਭਰ ਵਿੱਚ ਹਰ ਸਾਲ ਕਰਜ਼ੇ ਨਾ ਮੋੜ ਸਕਣ ਕਾਰਨ ਖੁਦਕੁਸ਼ੀ ਕਰਦੇ ਕਿਸਾਨਾਂ ‘ਚ 40 ਫੀਸਦੀ 20 ਤੋਂ 32 ਸਾਲ ਦੇ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਆਤਮ ਹੱਤਿਆ ਸਬੰਧੀ ਕਰਵਾਏ ਸਰਵੇਖਣ ਵਿੱਚ ਇਹ ਤੱਥ ਸਾਹਮਣੇ ਆਇਆ ਹੈ। ਇਸ ਖੇਤੀ ਕਿੱਤੇ ‘ਚ ਫਾਇਦੇ ਤੋਂ ਵੱਧ ਜ਼ੋਖਮ ਹੋਣ ਕਾਰਨ ਤੇ ਕਰਜ਼ਿਆਂ ਦੀ ਪੰਡ ਦੇ ਚੱਲਦਿਆਂ ਸਾਲ 2001 ਦੀ ਜਨਗਣਨਾ ਅਨੁਸਾਰ ਦੇਸ਼ ਵਿੱਚ 50 ਲੱਖ ਕਰੀਬ ਛੋਟੇ ਵੱਡੇ ਕਿਸਾਨਾਂ ਨੇ ਇਸ ਕਿੱਤੇ ਤੋਂ ਮੂੰਹ ਮੋੜ ਲਿਆ।


ਸਰਵੇਖਣ ਅਨੁਸਾਰ ਇਕੱਲੇ ਸਾਲ 2010 ਵਿੱਚ 365 ਕਿਸਾਨਾਂ ਵੱਲੋਂ ਆਤਮ ਹੱਤਿਆ ਦਾ ਅੰਕੜਾ ਦਰਜ ਕੀਤਾ ਗਿਆ, ਜੋ ਖੁੱਲ੍ਹੇ ਤੌਰ ‘ਤੇ ਰੋਜ਼ ਇੱਕ ਕਿਸਾਨ ਵੱਲੋਂ ਆਤਮ ਹੱਤਿਆ ਕਰਨ ਦਾ ਸਬੂਤ ਹੈ। ਸਰਵੇਖਣ ਦੇ ਇੱਕ ਹੋਰ ਪਹਿਲੂ ਤਹਿਤ ਇਹ ਗੱਲ ਸਾਹਮਣੇ ਆਈ ਕਿ ਆਤਮ ਹੱਤਿਆ ਕਰਨ ਵਾਲੇ ਕੁੱਲ ਕਿਸਾਨਾਂ ਵਿੱਚ 47 ਫੀਸਦੀ ਉਨ੍ਹਾਂ ਅਨਪੜ੍ਹ ਕਿਸਾਨਾਂ ਦੀ ਸੀ, ਜੋ ਨਿੱਜੀ ਅਦਾਰਿਆਂ ਦੇ ਕਰਜ਼ੇ ਦੇ ਮੱਕੜ ਜਾਲ ਦੇ ਦਾਅ ਪੇਚ ਨਾ ਸਮਝ ਪਾਉਣ ਕਰ ਕੇ ਇਹ ਕਦਮ ਚੁੱਕਣ ਲਈ ਮਜਬੂਰ ਹੋਏ ਸਨ। ਕੇਂਦਰੀ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਸਾਲ 1995 ਤੋਂ 2011 ਤੱਕ 17 ਸਾਲਾਂ ਦੌਰਾਨ ਪੂਰੇ ਦੇਸ਼ ਵਿਖੇ 7 ਲੱਖ 50 ਹਜ਼ਾਰ 860 ਕਿਸਾਨ ਕਰਜ਼ੇ ਨਾ ਮੋੜ ਪਾਉਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਚੱਲਦਿਆਂ ਆਤਮ ਹੱਤਿਆ ਕਰ ਚੁੱਕੇ ਹਨ, ਜਿਨ੍ਹਾਂ ‘ਚੋਂ 40 ਫੀਸਦੀ ਨੌਜਵਾਨ ਸਨ, ਜਿਨ੍ਹਾਂ ਦੀ ਉਮਰ 20 ਤੋਂ 32 ਸਾਲ ਦੇ ਕਰੀਬ ਦਰਜ ਕੀਤੀ ਗਈ, ਜੋ ਬਹੁਤ ਚਿੰਤਾਜਨਕ ਹੈ।


ਸਰਵੇਖਣ ਅਨੁਸਾਰ ਇੱਕ ਤੱਥ ਹੋਰ ਸਾਹਮਣੇ ਆਇਆ ਕਿ 17 ਫੀਸਦੀ ਅਜਿਹੇ ਕਿਸਾਨਾਂ ਦੇ ਅੰਕੜੇ ਹਨ, ਜਿਹੜੇ ਖੇਤੀ ਲਈ ਚੁੱਕੇ ਕਰਜ਼ਿਆਂ ਦੇ ਭਾਰ ਤੋਂ ਇਲਾਵਾ ਕੈਂਸਰ ਦੀ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ਤੇ ਇਸ ਦੇ ਇਲਾਜ ਲਈ ਲੋੜੀਂਦਾ ਧਨ ਨਾ ਹੋਣ ਕਾਰਨ ਇਨ੍ਹਾਂ ਨੂੰ ਦੋ ਪਾਸਿਓਂ ਪੈ ਰਹੀ ਮਾਰ ਦੇ ਚੱਲਦਿਆਂ ਮਜਬੂਰੀ ਵਸ ਆਤਮ ਦਾਹ ਕਰਨਾ ਪਿਆ। ਇੱਕ ਹੋਰ ਹੈਰਾਨੀ ਜਨਕ ਤੱਥ ਇਹ ਕਿ ਦੇਸ਼ ‘ਚ ਸਾਲ ਭਰ ਵਿੱਚ 365 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਅੰਕੜੇ ਸਾਹਮਣੇ ਆਏ ਹਨ ਤਾਂ ਇਕੱਲੇ ਪੰਜਾਬ ਵਿੱਚ ਸਾਲ 2010 ਤੋਂ 2010 ਤੱਕ ਪੰਜ ਹਜ਼ਾਰ ਕਿਸਾਨਾਂ ਵੱਲੋੋਂ ਆਤਮ ਹੱਤਿਆ ਕਰਨ ਦੇ ਅੰਕੜੇ ਮਿਲੇ ਹਨ, ਜੋ ਦੱਸਦੇ ਹਨ ਕਿ ਇਨ੍ਹਾਂ 10 ਸਾਲਾਂ ਵਿੱਚ ਪ੍ਰਤੀ ਸਾਲ 500 ਕਿਸਾਨਾਂ ਨੇ ਕਰਜ਼ੇ ਦੀ ਪੰਡ ਕਾਰਨ ਆਤਮ ਹੱਤਿਆ ਦਾ ਰਸਤਾ ਅਖਤਿਆਰ ਕੀਤਾ। ਸਰਵੇਖਣ ਅਨੁਸਾਰ ਪੰਜਾਬ ਦੇ ਸੰਗਰੂਰ, ਬਠਿੰਡਾ, ਲੁਧਿਆਣਾ, ਮੋਗਾ, ਬਰਨਾਲਾ ਤੇ ਮਾਨਸਾ ਜ਼ਿਲੇ ‘ਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਾਰਿਆਂ ਤੋਂ ਵੱਧ ਦਰਜ ਹੈ। ਸਰਵੇਖਣ ਅਨੁਸਾਰ ਇਨ੍ਹਾਂ ਜ਼ਿਲਿਆਂ ਦੇ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਮਗਰੋਂ 25 ਫੀਸਦੀ ਕਿਸਾਨਾਂ ਨੇ ਖੇਤੀਬਾੜੀ ਦਾ ਕਿੱਤਾ ਤਿਆਗ ਕੇ ਆਪਣੀਆਂ ਜ਼ਮੀਨਾਂ ਹੀ ਵੇਚ ਦਿੱਤੀਆਂ।



Archive

RECENT STORIES