Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਾਮਧਾਰੀ ਮੁਖੀ ’ਤੇ ਇੰਗਲੈਂਡ ਵਿੱਚ ਹਮਲਾ - ਇਲਾਜ ਤੋਂ ਬਾਅਦ ਹਸਪਤਾਲੋਂ ਮਿਲੀ ਛੁੱਟੀ

Posted on August 11th, 2013


ਠਾਕੁਰ ਉਦੈ ਸਿੰਘ


ਲੁਧਿਆਣਾ- ਨਾਮਧਾਰੀ ਸੰਪਰਦਾ ਦੇ ਮੌਜੂਦਾ ਗੱਦੀਨਸ਼ੀਨ ਠਾਕੁਰ ਉਦੈ ਸਿੰਘ ’ਤੇ ਇੰਗਲੈਂਡ ਵਿਚ ਇਕ ਧਾਰਮਿਕ ਸਮਾਗਮ  ਦੌਰਾਨ ਹਮਲਾ ਹੋਇਆ ਹੈ। ਸੰਪਰਦਾ ਦੇ ਦੋਵਾਂ ਧੜਿਆਂ ਵਿਚ ਚੱਲ ਰਹੀ ਖਹਿਬਾਜ਼ੀ ਕਾਰਨ ਪ੍ਰਸ਼ਾਸਨ ਨੇ ਭੈਣੀ ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਮੁੱਢਲੇ ਇਲਾਜ ਤੋਂ ਬਾਅਦ ਠਾਕੁਰ ਉਦੈ ਸਿੰਘ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। 

ਨਾਮਧਾਰੀ ਦਰਬਾਰ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਠਾਕੁਰ ਉਦੈ ਸਿੰਘ ਦੋ ਦਿਨ ਪਹਿਲਾਂ ਹੀ ਇੰਗਲੈਂਡ ਗਏ ਸਨ। ਉਹ ਲੈਸਟਰ ਵਿਚ ਸਵੇਰ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰ  ਰਹੇ ਸਨ ਜਦੋਂ ਸੰਗਤ ਵਿੱਚੋਂ ਕੰਬਲ ਦੀ ਬੁੱਕਲ ਮਾਰੀ ਬੈਠੇ ਕਥਿਤ ਹਮਲਾਵਰ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਥਿਤ ਹਮਲਾਵਰ ਆਰਾਮ ਨਾਲ ਸੰਗਤ ਵਿੱਚੋਂ ਇਕ ਸ਼ਰਧਾਲੂ ਵਾਂਗ ਉੱਠਿਆ ਤੇ ਨੇੜੇ ਪੁੱਜਦਿਆਂ ਹੀ ਉਸ ਨੇ ਬੁੱਕਲ ਵਿੱਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਠਾਕੁਰ ਉਦੈ ਸਿੰਘ ਦੇ ਸਿਰ, ਬਾਂਹ ਤੇ ਨੱਕ ਉੱਤੇ ਜ਼ਖ਼ਮ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਝ ਸ਼ਰਧਾਲੂ ਵੀ ਜ਼ਖਮੀ ਹੋ ਗਏ।

ਨਾਮਧਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਠਾਕੁਰ ਉਦੈ ਸਿੰਘ ਨੂੰ ਲੈਸਟਰ ਵਿਚ ਹੀ ਨੇੜੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੇਰ ਸ਼ਾਮ ਠਾਕੁਰ ਉਦੈ ਸਿੰਘ ਨੂੰ ਹਸਪਤਾਲੋਂ ਛੁੱਟ ਮਿਲ ਗਈ ਹੈ। ਉਨ੍ਹਾਂ ਦੀ ਖੱਬੀ ਬਾਂਹ ’ਤੇ ਡੂੰਘਾ ਜ਼ਖ਼ਮ ਹੈ। 

ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਕਿ ਜਗਜੀਤ ਸਿੰਘ ਤੋਂ ਬਾਅਦ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੈ ਸਿੰਘ ਦੇ ਸਮਰਥਕ ਗੱਦੀਨਸ਼ੀਨੀ ਨੂੰ ਲੈ ਕੇ ਦੋ ਧੜਿਆਂ ਵਿਚ ਵੰਡੇ ਗਏ ਹਨ। ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਨਾਲ ਠਾਕੁਰ ਉਦੈ ਸਿੰਘ ਦੇ ਸਮਰਥਕਾਂ ਦੀ ਅੰਮ੍ਰਿਤਸਰ, ਅਮਰਗੜ੍ਹ ਤੇ ਹੋਰ ਥਾਵਾਂ ਉੱਤੇ ਵੀ ਝੜਪਾਂ  ਹੋ ਚੁੱਕੀਆਂ ਹਨ। ਦਲੀਪ ਸਿੰਘ ਦੇ ਸਮਰਥਕ ਨਾਮਧਾਰੀ ਉਦੈ ਸਿੰਘ ਨੂੰ ਗੁਰੂ ਮੰਨਣ ਲਈ ਤਿਆਰ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਠਾਕੁਰ ਦਲੀਪ ਸਿੰਘ ਵੀ ਇਨ੍ਹੀਂ ਦਿਨੀਂ ਇਗਲੈਂਡ ਗਏ ਸਨ ਤੇ ਅੱਗੇ ਉਹ ਸਪੇਨ ਚਲੇ ਗਏ ਦੱਸੇ ਗਏ ਹਨ। ਠਾਕੁਰ ਦਲੀਪ ਸਿੰਘ, ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ (ਸਕੇ) ਹਨ।

ਜ਼ਿਕਰਯੋਗ ਹੈ ਕਿ ਨਾਮਧਾਰੀ ਡੇਰੇ ਵਿਚ ਇਸ ਵੇਲੇ ਮਾਤਾ ਚੰਦ ਕੌਰ ਪਤਨੀ ਸਵਰਗੀ ਸਤਿਗੁਰੂ ਜਗਜੀਤ ਸਿੰਘ, ਉਨ੍ਹਾਂ ਦੇ ਜਵਾਈ ਜਗਤਾਰ ਸਿੰਘ, ਉਨ੍ਹਾਂ ਦੀ ਲੜਕੀ ਸਾਹਿਬ ਕੌਰ, ਦੋਹਤਾ ਜੈ ਸਿੰਘ ਰਹਿ ਰਹੇ ਹਨ। ਇਨ੍ਹਾਂ ਸਭਨਾਂ ਦਾ ਠਾਕੁਰ ਉਦੈ ਸਿੰਘ ਨੂੰ ਥਾਪੜਾ ਹੈ। ਡੇਰੇ ਵਿਚ ਪੱਕੇ ਤੌਰ ’ਤੇ ਪੁਲੀਸ ਚੌਕੀ ਬਣੀ ਹੋਈ ਹੈ।

ਨਾਮਧਾਰੀ ਸੁਰਿੰਦਰ ਸਿੰਘ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਪੁਲੀਸ ਹਿਰਾਸਤ ਵਿਚ ਲਏ 40 ਸਾਲਾ ਹਮਲਾਵਰ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਹੋ ਸਕਦਾ ਹੈ। 



Archive

RECENT STORIES