Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨੀ ਗੋਲੀਬਾਰੀ ਦਾ ਜਵਾਬ ਦੇਣ ਲਈ ਫੌਜ ਨੂੰ ਪੂਰੀ ਖੁੱਲ੍ਹ- ਐਂਟਨੀ

Posted on August 12th, 2013

ਕੋਚੀ- ਨਿਯੰਤਰਣ ਰੇਖਾ ਉਪਰ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਨਿਰੰਤਰ ਹੋ ਰਹੀ ਉਲੰਘਣਾ ਤੇ ਲਦਾਖ ਵਿਚ ਚੀਨ ਦੀ ਘੁਸਪੈਠ ਦੇ ਮੱਦੇਨਜਰ ਰਖਿਆ ਮੰਤਰੀ ਏ.ਕੇ ਐਂਟਨੀ ਨੇ ਕਿਹਾ ਹੈ ਕਿ ਭਾਰਤੀ ਫੌਜ ਨੂੰ ਹਮਲਾਵਰ ਵਿਰੁੱਧ ਕਾਰਵਾਈ ਕਰਨ ਦੀ ਪੂਰੀ ਖੁਲ੍ਹ ਹੈ। ਉਨ੍ਹਾਂ ਕਿਹਾ ਹੈ ਕਿ ਸਰਹੱਦ ਉਪਰ ਪੈਦਾ ਹੋਣ ਵਾਲਿਆਂ ਸਥਿੱਤੀਆਂ ਨਾਲ ਨਿਪਟਣ ਲਈ ਫੌਜ ਦੇ ਹੱਥ ਖੁਲ੍ਹੇ ਹਨ। ਰਖਿਆ ਮੰਤਰੀ ਦੇਸ਼ ਵਿਚ ਹੀ ਤਿਆਰ ਪਹਿਲਾ ਜੰਗੀ ਬੇੜਾ ਆਈ.ਐਨ.ਐਸ ਵਿਕਰਾਂਤ ਸਮੁੰਦਰ ਵਿਚ ਉਤਾਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਐਂਟਨੀ ਨੇ ਕਿਹਾ ਕਿ ਸਮੁੱਚੇ ਰਾਸ਼ਟਰ ਲਈ ਅੱਜ ਦਾ ਦਿਨ ਇਤਿਹਾਸਕ ਹੈ ਤੇ ਦੇਸ਼ ਲਈ ਇਹ ਮਾਣ ਕਰਨ ਦੇ ਪਲ ਹਨ ਕਿ ਉਸ ਨੇ ਜੰਗੀ ਬੇੜਾ ਤਿਆਰ ਕਰਨ ਦੇ ਖੇਤਰ ਵਿਚ ਆਤਮ ਨਿਰਭਰਤਾ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੇਵਲ ਕੁਝ ਵਿਕਸਤ ਦੇਸ਼ਾਂ ਕੋਲ ਹੀ ਅਜਿਹਾ ਬੇੜਾ ਤਿਆਰ ਕਰਨ ਦੀ ਸਮਰੱਥਾ ਹੈ। ਰਖਿਆ ਮੰਤਰੀ ਨੇ ਕਿਹਾ ਕਿ ਜੰਗੀ ਬੇੜੇ ਤਿਆਰ ਕਰਨ ਦੇ ਖੇਤਰ ਵਿਚ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ ਤੇ ਇਹ ਇਸ ਵੱਲ ਪਹਿਲਾ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਅਕਾਰ ਦਾ ਬੇੜਾ ਤਿਆਰ ਕਰਨ ਦੀ ਹੋਰ ਜਿਨ੍ਹਾਂ ਦੇਸ਼ਾਂ ਕੋਲ ਸਮਰੱਥਾ ਹੈ ਉਨ੍ਹਾਂ ਵਿਚ ਅਮਰੀਕਾ, ਯੂ.ਕੇ, ਰੂਸ ਤੇ ਫਰਾਂਸ ਸ਼ਾਮਿਲ ਹਨ। ਸ਼੍ਰੀ ਐਂਟਨੀ ਨੇ ਕਿਹਾ ਕਿ ਕੌਮੀ ਹਿੱਤਾਂ ਵਿਰੁੱਧ ਕਿਸੇ ਵੀ ਸੰਭਾਵੀ ਕੋਸ਼ਿਸ਼ ਨੂੰ ਨਕਾਮ ਕਰਨ ਲਈ ਸਮੁੰਦਰੀ ਫੌਜ ਦੀ ਸਮਰੱਥਾ ਹਰ ਹਾਲਤ ਵਿਚ ਵਧਾਈ ਜਾਵੇਗੀ। 260 ਮੀਟਰ ਲੰਬੇ ਤੇ 60 ਮੀਟਰ ਚੌੜੇ ਇਸ ਜੰਗੀ ਬੇੜੇ ਨੂੰ ਕੋਚੀਨ ਸ਼ਿਪਯਾਰਡ ਲਿਮਟਿਡ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ 2018 ਦੇ ਅੰਤ ਵਿਚ ਸਮੁੰਦਰੀ ਫੌਜ ਵਿਚ ਬਕਾਇਦਾ ਸ਼ਾਮਿਲ ਕਰਨ ਤੋਂ ਪਹਿਲਾਂ ਅਹਿਮ ਅਭਿਆਸ ਵਿਚੋਂ ਲੰਘਣਾ ਪਵੇਗਾ। ਇਸ ਉਪਰ ਜੰਗੀ ਜਹਾਜ਼ ਮਿਗ 29 ਕੇ, ਹਲਕੇ ਜੰਗੀ ਜਹਾਜ਼ ਤੇ ਕਮੋਵ-31ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਹੱਥਿਆਰਾਂ ਦੀਆਂ ਹੋਰ ਪ੍ਰਣਾਲੀਆਂ ਦੀ ਵੀ ਇਸ ਉਪਰ ਵਿਵਸਥਾ ਹੋਵੇਗੀ।



Archive

RECENT STORIES