Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਪਟਨ ਦੀ ‘ਗੁੰਮਸ਼ੁਦਗੀ’ ਬਾਰੇ ਪੋਸਟਰਾਂ ਨੇ ਛੇੜੀ ਨਵੀਂ ਚਰਚਾ

Posted on August 13th, 2013



ਪਟਿਆਲਾ- ਸਾਬਕਾ ਮੁੱਖ ਮੰਤਰੀ ਅਤੇ ਪਟਿਆਲਾ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦਾ ਲੰਮੇ ਸਮੇਂ ਤੋਂ ਆਪਣੇ ਵਿਧਾਨ ਸਭਾ ਹਲਕੇ  ਤੋਂ ਦੂਰ ਰਹਿਣਾ ਜਿੱਥੇ ਇੱਕ ਬੁਝਾਰਤ ਬਣਿਆ ਹੋਇਆ ਸੀ, ਉਥੇ ਪਟਿਆਲਾ ਸ਼ਹਿਰ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਬਾਰੇ ਲੱਗੇ ਪੋਸਟਰਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਵਿਚ ਇਹ ਪੋਸਟਰ ਥਾਂ-ਥਾਂ ’ਤੇ ਲੱਗੇ ਹੋਏ ਹਨ।  ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਕੌਂਸਲਰ ਹਰਪਾਲ ਜੁਨੇਜਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲਗਵਾਏ ਗਏ ਇਨ੍ਹਾਂ ਪੋਸਟਰਾਂ ਵਿਚ ਲਿਖਿਆ ਗਿਆ ਹੈ ਕਿ ਪਟਿਆਲਾ ਦੇ ਲੋਕਾਂ ਨੂੰ ਆਪਣੇ ਗੁੰਮਸ਼ੁਦਾ ਵਿਧਾਇਕ ਦੀ ਤਲਾਸ਼ ਹੈ। ਪੋਸਟਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਵਿਧਾਇਕ ਬਾਰੇ ਇਲਮ ਦੇਵੇਗਾ, ਉਸ ਨੂੰ ਵਾਜਬ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜਾ ਵਿਅਕਤੀ ਕੈਪਟਨ ਨਾਲ ਮੁਲਾਕਾਤ ਕਰਵਾ ਦੇਵੇਗਾ ਉਸ ਨੂੰ 25 ਹਜ਼ਾਰ ਰੁਪਏ ਤੇ ਜਿਹੜਾ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਵਾਏਗਾ ਉਸ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਨਕਦ ਇਨਾਮ ਵਜੋਂ ਦਿੱਤੀ ਜਾਵੇਗੀ। ਯੂਥ ਅਕਾਲੀ ਆਗੂ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਪਟਿਆਲਾ ਤੋਂ ਵਾਰ-ਵਾਰ ਵੋਟਾਂ ਲੈ ਕੇ ਵਿਧਾਇਕ ਬਣਨ ਵਾਲੇ ਅਤੇ ਪਟਿਆਲਵੀਆਂ ਦੀਆਂ ਵੋਟਾਂ ਨਾਲ ਹੀ ਪਹਿਲਾਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਆਖਰ ਲੋਕਾਂ ਤੋਂ  ਦੂਰ ਕਿਊਂ ਰਹਿੰਦੇ ਹਨ।

ਕੈਪਟਨ ਵੱਲੋਂ ਟਿੱਪਣੀ ਕਰਨ ਤੋਂ ਇਨਕਾਰ

ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਾਲੇ ਇਲਾਕੇ ਦੀ ਵਾਰਡ ਦੇ ਅਕਾਲੀ ਕੌਂਸਲਰ ਹਰਪਾਲ ਜੁਨੇਜਾ ਵੱਲੋਂ ਕਥਿਤ ਤੌਰ ’ਤੇ ਕੈਪਟਨ ਦੀ ‘ਗੁੰਮਸ਼ੁਦਗੀ’ ਦੇ ਬੈਨਰ ਹੇਠ ਪੋਸਟਰ ਲਾਏ ਜਾਣ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਾਂਗਰਸੀ ਕਾਰਕੁਨਾਂ ਨੇ ਇਸ ਨੂੰ ਨੀਵੇਂ ਦਰਜੇ ਦੀ ਕਾਰਵਾਈ ਕਰਾਰ ਦਿੱਤਾ ਹੈ। ਉੱਧਰ ਇਸ ਵਕਤ ਦੁਬਈ ਵਿੱਚ ਮੌਜੂਦ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਪੱਤਰਕਾਰ ਨੇ ਜਦੋਂ ਇਸ ਬਾਬਤ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ 14 ਅਗਸਤ ਨੂੰ ਦਿੱਲੀ ਆ ਜਾਣਗੇ, ਜਿੱਥੇ ਉਨ੍ਹਾਂ ਦੇ ਦੋਹਤੇ ਅੰਗਦ ਸਿੰਘ ਦੀ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਬੇਟੀ ਨਾਲ ਹੋਣ ਵਾਲੀ ਮੰਗਣੀ ’ਤੇ ਆਧਾਰਤ ਸਮਾਗਮ ਵਿੱਚ ਸ਼ਿਰਕਤ ਕਰਨਗੇ।  ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਉਨ੍ਹਾਂ ਦੀਆਂ ਚੋਣਾਂ ਦੀ ਕਮਾਨ ਸੰਭਾਲਦਿਆਂ ਜਿੱਤਾਂ ਦਿਵਾਈਆਂ ਹੋਣ, ਉਨ੍ਹਾਂ ਨੂੰ ਉਹ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜਸੀ ਵਿਰੋਧੀਆਂ ਕੋਲ ਕੋਈ ਵੀ ਲੋਕ ਪੱਖੀ ਮੁੱਦਾ ਨਾ ਹੋਣ ਕਰਕੇ ਉਹ ਬੇਤੁਕੀ ਵਿਉਂਤਵੰਦੀ ਕਰਦੇ ਰਹਿੰਦੇ ਹਨ ਤਾਂ ਜੋ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾ ਸਕੇ।



Archive

RECENT STORIES