Posted on August 14th, 2013

<p>ਸ਼ਸ਼ੀਕਾਂਤ<br></p>
• ਸਾਬਕਾ ਡੀ. ਜੀ. ਪੀ. ਨੂੰ 'ਬਹੁਤਾ ਬੋਲਣ' ਤੋਂ ਵਰਜਿਆ ਸੀ ਪੰਜਾਬ ਸਰਕਾਰ ਨੇ
ਚੰਡੀਗੜ੍ਹ- ਸੁਧਾਰ ਘਰਾਂ ਵਜੋਂ ਜਾਣੀਆਂ ਜਾਂਦੀਆਂ ਪੰਜਾਬ ਦੀਆਂ ਜੇਲ੍ਹਾਂ ਨਸ਼ਿਆਂ ਦੀ ਮੰਡੀ ਬਣ ਚੁੱਕੀਆਂ ਹਨ ਤੇ ਕਈ ਸਿਆਸਦਾਨਾਂ ਤੇ ਨਸ਼ਾ ਤਸਕਰਾਂ ਦਾ ਮੱਕੜ ਜਾਲ ਹੀ ਇਸ 'ਵਪਾਰ' ਨੂੰ ਚਲਾ ਰਿਹਾ ਹੈ | ਪੰਜਾਬ ਦੀਆਂ ਜੇਲ੍ਹਾਂ 'ਚ ਖ਼ਤਰਨਾਕ ਨਸ਼ੇ 'ਗੋਲੀ ਨੰਬਰ 10 ਤੇ 20' ਦੇ ਨਾਵਾਂ ਹੇਠ ਤੇ 'ਚਾਂਦ-ਸਿਤਾਰਾ' ਚਿੰਨ੍ਹਾਂ ਵਜੋਂ ਆਮ ਹੀ ਮਿਲ ਰਹੇ ਹਨ | ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸੂਬੇ ਦੇ ਇੱਕ ਸਾਬਕਾ ਉਚ ਪੁਲਿਸ ਅਫ਼ਸਰ ਵਲੋਂ ਕੀਤੇ ਗਏ ਹੈਰਾਨੀਜਨਕ ਖੁਲਾਸਿਆਂ ਦਾ ਸਖ਼ਤ ਨੋਟਿਸ ਲਿਆ ਹੈ | ਜਿਸ ਨੂੰ ਲੈ ਕੇ ਵਿਚਾਰ ਅਧੀਨ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਦੇ ਮੁੱਖ ਜੱਜ ਸੰਜੈ ਕਿਸ਼ਨ ਕੌਲ ਤੇ ਏ.ਜੀ. ਮਸੀਹ 'ਤੇ ਅਧਾਰਿਤ ਬੈਂਚ ਨੇ ਪੰਜਾਬ ਸਰਕਾਰ ਨੂੰ 10 ਸਤੰਬਰ ਤੱਕ ਇਸ ਮੁੱਦੇ 'ਤੇ ਇਸੇ ਅਧਿਕਾਰੀ ਵਲੋਂ ਏ. ਡੀ. ਜੀ. ਪੀ. (ਇੰਟੈਲੀਜੈਂਸ) ਹੋਣ ਮੌਕੇ ਪੰਜਾਬ ਸਰਕਾਰ ਨੂੰ ਸੌਾਪੀ ਰਿਪੋਰਟ ਨੂੰ ਸੀਲ ਬੰਦ ਪੇਸ਼ ਕਰਨ ਲਈ ਕਿਹਾ ਹੈ।
ਸ਼ਸ਼ੀਕਾਂਤ ਮੁਤਾਬਕ ਉਸ ਵਲੋਂ ਉਕਤ ਖ਼ਾਸ ਰਿਪੋਰਟ 'ਚ ਇਸ ਮਾਮਲੇ ਦੀਆਂ ਕਈ ਅਹਿਮ ਕੜੀਆਂ ਤੇ ਕਰਤਾ-ਧਰਤਾਵਾਂ ਬਾਰੇ ਵਿਸਥਾਰ ਦਿੱਤਾ ਹੋਇਆ ਹੈ। ਹਾਈਕੋਰਟ 'ਚ ਜੋ ਘੋਖ਼ਪੂਰਨ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ ਸਾਬਕਾ ਆਈ ਪੀ ਐਸ ਅਫ਼ਸਰ ਸ਼ਸ਼ੀਕਾਂਤ, ਜੋ ਕਿ ਰਾਜ ਤੇ ਕੇਂਦਰ 'ਚ ਕਈ ਉਚ ਪੁਲਿਸ ਤੇ ਸੁਰੱਖਿਆ ਅਹੁਦਿਆਂ 'ਤੇ ਸੇਵਾ ਨਿਭਾਅ ਚੁੱਕੇ ਹਨ, ਵਲੋਂ ਤਿਆਰ ਕੀਤੀ ਗਈ ਹੈ। ਇਹ ਰਿਪੋਰਟ ਇਸ ਪ੍ਰਸੰਗ 'ਚ ਵੀ ਅਹਿਮ ਹੈ ਕਿ ਕੁਝ ਸਮਾਂ ਪਹਿਲਾਂ ਸ੍ਰੀ ਸ਼ਸ਼ੀਕਾਂਤ ਵਲੋਂ ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਿਆਂ ਦੇ ਵਪਾਰ ਦਾ ਧੁਰਾ ਕਹੇ ਜਾਣ 'ਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਸਖ਼ਤੀ ਨਾਲ ਵਰਜ ਚੁੱਕੀ ਹੈ ਤੇ ਹੁਣ ਹਾਈਕੋਰਟ ਦੇ ਅੜਿੱਕੇ ਆਉਣ ਨਾਲ ਇਸੇ ਸਰਕਾਰ ਨੂੰ ਹੀ ਇਸ ਮੁੱਦੇ 'ਤੇ ਰਿਪੋਰਟ ਪੇਸ਼ ਕਰਨੀ ਪੈ ਗਈ ਹੈ। ਹਾਈਕੋਰਟ 'ਚ ਵੀ ਇਹ ਮਾਮਲਾ ਸਾਲ 2011 ਤੋਂ ਵਿਚਾਰਿਆ ਜਾ ਰਿਹਾ ਹੈ। ਇਸ ਬਾਰੇ ਮੁਹਾਲੀ ਦੇ ਰਹਿਣ ਵਾਲੇ ਇੱਕ ਪਰਮਜੀਤ ਸਿੰਘ ਨਾਮੀ ਵਿਅਕਤੀ ਨੇ ਹਾਈਕੋਰਟ 'ਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਰਮਜੀਤ ਉਸ ਵੇਲੇ ਖ਼ੁਦ ਇਕ ਕੇਸ 'ਚ ਰੋਪੜ ਜੇਲ੍ਹ ਅੰਦਰ ਬੰਦ ਸੀ, ਜਦੋਂ ਉਸਨੇ ਉਕਤ ਜੇਲ੍ਹ 'ਚ ਸ਼ਰੇਆਮ ਨਸ਼ਿਆਂ ਦੀ ਵਿਕਰੀ ਹੋਣ ਅਤੇ ਇਸ ਖਿਲਾਫ਼ ਮੂੰਹ ਖੋਲ੍ਹਣ ਤੋਂ ਡੱਕਣ ਲਈ ਜੇਲ੍ਹ ਅਧਿਕਾਰੀਆਂ ਵਲੋਂ ਕੈਦੀਆਂ ਨੂੰ ਮਾਰੇ ਜਾਂਦੇ ਦਾਬਿਆਂ ਦਾ ਖੁਲਾਸਾ ਕਰਦਿਆਂ ਹਾਈਕੋਰਟ ਦੀ ਸ਼ਰਨ 'ਚ ਜਾ ਮਾਮਲੇ ਦੀ ਪੁਖਤਾ ਜਾਂਚ ਮੰਗੀ ਸੀ।
ਸਤੰਬਰ 2011 ਤੋਂ ਜੂਨ 2012 ਤੱਕ ਪੰਜਾਬ ਦੇ ਡੀ ਜੀ ਪੀ (ਜੇਲ੍ਹਾਂ) ਰਹਿ ਚੁੱਕੇ ਸ੍ਰੀ ਸ਼ਸ਼ੀਕਾਂਤ ਵਲੋਂ ਇਸੇ ਪ੍ਰਸੰਗ 'ਚ ਹਾਈਕੋਰਟ ਨੂੰ ਸੌਂਪੀ ਇਸ ਖ਼ਾਸ ਰਿਪੋਰਟ 'ਚ ਪੰਜਾਬ ਦੇ 'ਸੁਧਾਰ ਘਰਾਂ' ਵਿਚਲੇ ਹਾਲਾਤ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਜਿਸ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਸਿਰਫ਼ ਨਸ਼ੇੜੀਆਂ ਦਾ ਵੱਡਾ ਅੱਡਾ ਹੀ ਨਹੀਂ ਬਲਕਿ ਵਿਆਪਕ ਪੱਧਰ 'ਤੇ ਗੈਰ-ਮਨੁੱਖੀ ਸੈਕਸ ਦਾ ਰੁਝਾਨ ਹੋਣ ਕਾਰਨ ਏਡਜ਼ ਵਰਗੇ ਮਾਰੂ ਰੋਗਾਂ ਦਾ ਘਰ ਵੀ ਬਣ ਰਹੀਆਂ ਹਨ। ਇਨ੍ਹਾਂ ਇਸ ਦਾ ਜ਼ਿੰਮਾ ਨਸ਼ਾ ਤਸਕਰਾਂ ਤੇ ਜੇਲ੍ਹ ਅਧਿਕਾਰੀਆਂ/ਸਟਾਫ਼ ਦੀ ਸਿਆਸਤਦਾਨਾਂ ਦੀ ਸ਼ਹਿ ਨਾਲ ਕਾਰਜਸ਼ੀਲ ਗੰਢਤੁਪ ਗਰਦਾਨਿਆ ਹੈ। ਰਿਪੋਰਟ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ 'ਚ ਨਸ਼ੇ ਇੰਨੇ ਆਮ ਹਨ ਕਿ ਉਨ੍ਹਾਂ ਦੇ ਖ਼ੁਦ ਡੀ ਜੀ ਪੀ ਜੇਲ੍ਹਾਂ ਦੇ ਕਾਰਜਕਾਲ ਦੌਰਾਨ ਇੱਕ ਮੋਟੇ ਅੰਕੜੇ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ 50 ਤੋਂ 55 ਫ਼ੀਸਦੀ ਕੈਦੀ ਨਸ਼ਿਆਂ ਦੀ ਵਰਤੋਂ ਕਰ ਰਹੇ ਸਨ। ਇੰਨਾ ਹੀ ਨਹੀਂ ਪੰਜਾਬ ਦੀਆਂ ਵੱਡੀਆਂ ਜੇਲ੍ਹਾਂ 'ਚ ਹਰ ਰੋਜ਼ ਪ੍ਰਤੀ ਜੇਲ੍ਹ 1 ਕਿਲੋਗ੍ਰਾਮ ਹੈਰੋਇਨ ਤੇ ਸਮੈਕ ਦੀ ਖ਼ਪਤ ਹੋ ਰਹੀ ਹੈ ਤੇ ਪੰਜਾਬ 'ਚ ਇਸ ਵੇਲੇ ਢਾਈ ਦਰਜਨ ਦੇ ਕਰੀਬ ਨਿੱਕੀਆਂ-ਵੱਡੀਆਂ ਜੇਲ੍ਹਾਂ ਹਨ। ਜਿਸ ਦੇ ਚੱਲਦਿਆਂ ਇੱਕ ਸਹਿਜ ਅੰਦਾਜੇ ਮੁਤਾਬਿਕ ਪੰਜਾਬ ਦੀਆਂ ਇੱਕਲਿਆਂ ਜੇਲ੍ਹਾਂ 'ਚ ਹੀ ਇਸ ਵੇਲੇ ਰੋਜ਼ਾਨਾ 50 ਕਰੋੜ ਰੁਪਏ ਦਾ ਨਾਰਕੋਟਿਕਸ ਨਸ਼ਿਆਂ ਦਾ ਵਪਾਰ ਹੋ ਰਿਹਾ ਹੈ। ਉਨ੍ਹਾਂ ਆਪਣੇ ਕਾਰਜਕਾਲ ਦੀ ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਲੋਕ ਕਿਸ ਹੱਦ ਤੱਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਕਿ ਥੇਹ ਕਾਂਜਲਾ ਮਾਡਰਨ ਜੇਲ੍ਹ ਕਪੂਰਥਲਾ 'ਚ 16 ਤੋਂ 21 ਅਕਤੂਬਰ 2012 ਦਰਮਿਆਨ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਕੈਦੀਆਂ ਨੇ ਜੇਲ੍ਹ ਅੰਦਰਲੇ ਨਸ਼ਾ-ਛੁਡਾਊ ਕੇਂਦਰ ਦੀ ਭੰਨ-ਤੋੜ ਕਰ ਉੱਥੇ ਮੌਜੂਦ ਸਾਰੀਆਂ ਦਵਾਈਆਂ ਖਾ ਲਾਈਆਂ ਤੇ ਇੰਨਾ ਹੀ ਨਹੀਂ ਅਗਿਆਨਤਾ ਵੱਸ ਆਮ ਉਪਚਾਰਾਂ ਲਈ ਮੌਜੂਦ ਜਿਹੜੀ ਵੀ ਦਵਾਈ ਉਨ੍ਹਾਂ ਦੇ ਹੱਥ ਲੱਗੀ ਉਹ ਖਾ ਗਏ। ਜਿਸ ਕਾਰਨ ਅਗਲੀ ਸਵੇਰ ਬਹੁਤ ਸਾਰੇ ਸਖਤ ਬਿਮਾਰ ਹੋ ਗਏ ਤੇ ਜੇਕਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਦੀ ਤਾਂ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਮੌਤ ਹੋ ਜਾਣ ਦਾ ਵੀ ਡਰ ਸੀ।
ਨਸ਼ਾ ਕਿਵੇਂ ਪਹੁੰਚਦਾ ਹੈ ਜੇਲ੍ਹਾਂ ਅੰਦਰ
ਸਾਬਕਾ ਆਈ ਪੀ ਐਸ ਅਧਿਕਾਰੀ ਸ਼ਸ਼ੀਕਾਂਤ ਵਲੋਂ ਹਾਈਕੋਰਟ ਨੂੰ ਦਿੱਤੀ ਗਈ ਰਿਪੋਰਟ 'ਚ ਉਨ੍ਹਾਂ ਆਪਣੇ ਜੇਲ੍ਹ ਪੁਲਿਸ ਮੁਖੀ ਹੋਣ ਦੇ ਤਜਰਬਿਆਂ ਦੇ ਅਧਾਰ 'ਤੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਨਸ਼ੇ ਕਿਵੇਂ ਜੇਲ੍ਹਾਂ ਅੰਦਰ ਪੁੱਜਦੇ ਕੀਤੇ ਜਾਂਦੇ ਹਨ। ਰਿਪੋਰਟ ਵਿੱਚ ਕੀਤੇ ਖੁਲਾਸਿਆਂ ਮੁਤਾਬਿਕ :
(ੳ) ਜੇਲ੍ਹ ਅੰਦਰ ਇਨ੍ਹਾਂ ਨਸ਼ਿਆਂ ਨੂੰ ਚਲਾਉਣ ਵਾਲੇ ਬਹੁਤੇ ਕੈਦੀਆਂ ਕੋਲ ਮੋਬਾਈਲ ਫੋਨ ਵੀ ਮੌਜੂਦ ਹਨ। ਜਿਨ੍ਹਾਂ ਰਾਹੀਂ ਉਹ ਬਾਹਰ ਆਪਣੇ ਸਾਥੀਆਂ ਨੂੰ ਸੁਨੇਹੇ ਭੇਜਦੇ ਹਨ ਤੇ ਮਿੱਥੇ ਸਮੇਂ ਤੇ ਸਥਾਨ 'ਤੇ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਉੱਤੋਂ ਨਸ਼ਿਆਂ ਦੀਆਂ ਪੁੜੀਆਂ ਅੰਦਰ ਸੁੱਟੀਆਂ ਜਾਂਦੀਆਂ ਹਨ। ਇਹ ਜਾਂ ਤਾਂ ਸਿੱਧੇ ਹੀ ਅੰਦਰੋਂ ਸੁਨੇਹਾ ਭੇਜਣ ਵਾਲੇ ਦੇ ਹੱਥ ਲਗਦੀਆਂ ਹਨ ਜਾਂ ਫਿਰ ਜੇਲ੍ਹ ਸਟਾਫ਼, ਜੋ ਕਿ ਆਮ ਤੌਰ 'ਤੇ ਵਾਰਡਨ ਹੀ ਹੁੰਦੇ ਹਨ, ਇਨ੍ਹਾਂ ਨਸ਼ਿਆਂ ਦੀ ਅੰਦਰ ਵਿਕਰੀ ਕਰਦੇ ਹਨ।
(ਅ) ਪੇਸ਼ੀ ਭੁਗਤਣ ਆਏ ਮੁਜ਼ਰਮ ਵੀ ਨਸ਼ਿਆਂ ਦੀ ਜੇਲ੍ਹਾਂ ਅੰਦਰ ਤਸਕਰੀ ਦਾ ਇੱਕ ਅਹਿਮ ਜ਼ਰੀਆ ਹਨ। ਉਨ੍ਹਾਂ ਵਲੋਂ ਪੇਸ਼ੀ ਭੁਗਤਣ ਆਉਣ ਸਮੇਂ ਆਸ-ਪਾਸ ਮੌਜੂਦ ਤਸਕਰਾਂ ਤੇ ਆਪਣੇ ਕਰੀਬੀਆਂ ਕੋਲੋਂ ਨਸ਼ੇ ਲੈ ਕੇ ਇਨ੍ਹਾਂ ਨੂੰ ਬੂਟਾਂ ਦੇ ਥੱਲੇ 'ਚ ਲੁਕੋ ਲਿਆ ਜਾਂਦਾ ਹੈ।
(ੲ) ਕੱਪੜਿਆਂ ਦੀਆਂ ਸਿਊਂਣਾਂ, ਥੋਥੀ ਧਾਤੂ ਦੇ ਕੜਿਆਂ, ਚੂੜੀਆਂ, ਕੰਨਾਂ ਦੀਆਂ ਵਾਲੀਆਂ ਆਦਿ ਰਾਹੀਂ ਵੀ ਨਸ਼ੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਪੁੱਜਦੇ ਕੀਤੇ ਜਾ ਰਹੇ ਹਨ।
(ਸ) ਪੇਸ਼ੀ ਭੁਗਤਣ ਆਇਆਂ ਵਲੋਂ ਆਪਣੇ ਗੁਪਤ ਅੰਗਾਂ ਦੀ ਇਨ੍ਹਾਂ ਨੂੰ ਛੁਪਾਉਣ ਲਈ ਵਰਤੋਂ ਕੀਤਾ ਜਾਣਾ ਵੀ ਦੱਸਿਆ ਗਿਆ ਹੈ।
(ਹ) ਇਸ ਤੋਂ ਇਲਾਵਾ ਪੇਸ਼ੀ ਭੁਗਤਣ ਆਇਆਂ ਅਤੇ ਮੁਲਾਕਾਤਾਂ ਸਮੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਆਦਿ ਵਲੋਂ ਦਿੱਤੀਆਂ ਜਾਂਦੀਆਂ ਸੌਗਾਤਾਂ ਰਾਹੀਂ ਵੀ ਕਈ ਵਾਰ ਨਸ਼ੇ ਪੁੱਜਦੇ ਕੀਤੇ ਜਾਂਦੇ ਹਨ। ਬਾਹਰੋਂ ਆਉਂਦੀਆਂ ਆਲੂ, ਪੱਤਾ ਗੋਭੀ ਤੇ ਕਈ ਹੋਰ ਅਜਿਹੀਆਂ ਸਬਜ਼ੀਆਂ ਸਣੇ ਮਿਲਕ ਪਾਊਡਰ, ਸਾਮਾਨ ਲਿਜਾਣ ਲਈ ਵਰਤੇ ਜਾਂਦੇ ਕੈਰੀ ਬੈਗਾਂ ਦੇ ਹੈਂਡਲ ਜੋ ਕਿ ਥੋਥੇ ਹੁੰਦੇ ਹਨ, ਨੂੰ ਨਸ਼ੇ ਲਿਜਾਣ ਦਾ ਇੱਕ ਆਮ ਹੀ ਵਰਤਿਆ ਜਾ ਰਿਹਾ ਸਾਧਨ ਦੱਸਿਆ ਗਿਆ ਹੈ।
(ਕ) ਇੰਨਾ ਹੀ ਨਹੀਂ ਕਈ ਵਾਰ ਦੁੱਧ 'ਚ ਮਿਲਾ ਕੇ ਵੀ ਨਸ਼ੇ ਅੰਦਰ ਪੁੱਜਦੇ ਕੀਤੇ ਜਾਂਦੇ ਹਨ।
(ਖ) ਜੇਲ੍ਹਾਂ 'ਚ ਤਾਇਨਾਤ ਡਾਕਟਰਾਂ ਦੀ ਵੀ ਕਈ ਥਾਈਂ ਇਸ ਕੰਮ 'ਚ ਅਹਿਮ ਸ਼ਮੂਲੀਅਤ ਹੋਣ ਦਾ ਖੁਲਾਸਾ ਕੀਤਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025