Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਏਅਰ ਇੰਡੀਆ ਦਾ ਸੁਰੱਖਿਆ ਅਧਿਕਾਰੀ ਹੈਰੋਇਨ ਸਣੇ ਗਿ੍ਫ਼ਤਾਰ

Posted on August 17th, 2013

ਅੰਮਿ੍ਤਸਰ : ਖੁਫ਼ੀਆ ਏਜੰਸੀ ਕਾਊਂਟਰ ਇੰਟੈਲੀਜੈਂਸ ਨੇ ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀ ਤੇ ਉਸ ਦੇ ਦੋ ਸਾਥੀ ਸਮੱਗਲਰਾਂ ਨੂੰ ਬੁੱਧਵਾਰ ਦੇਰ ਰਾਤ ਗਿ੍ਫ਼ਤਾਰ ਕੀਤਾ ਹੈ। ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀ ਸਿਮਰਤਪਾਲ ਸਿੰਘ ਨੂੰ ਰਣਜੀਤ ਐਵੀਨਿਊ ਤੋਂ ਫੜਿਆ। ਉਸ ਦੇ ਦੋ ਸਾਥੀਆਂ ਨੇ ਪੁਲਸ ਨੂੰ ਗੱਡੀ ਨਾਲ ਦਰੜਨ ਦਾ ਯਤਨ ਕੀਤਾ ਤੇ ਫਰਾਰ ਹੋ ਗਏ। ਫਰਾਰ ਹੋ ਰਹੇ ਦੋਸ਼ੀਆਂ 'ਤੇ ਪੁਲਸ ਪਾਰਟੀ ਨੇ ਗੋਲੀ ਵੀ ਚਲਾਈ। ਇਨ੍ਹਾਂ ਦੋਸ਼ੀਆਂ ਨੂੰ ਪਠਾਨਕੋਟ ਪੁਲਸ ਦੀ ਮਦਦ ਨਾਲ ਪਿੰਡ ਤਾਰਾਗੜ੍ਹ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਤੋਂ ਸੱਤ ਕਿਲੋ ਹੈਰੋਇਨ ਬਰਾਮਦ ਹੋਈ ਹੈ। ਦੋਸ਼ੀਆਂ ਤੋਂ ਕੁਲ 14 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 70 ਕਰੋੜ ਰੁਪਏ ਹੈ। 

ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਐਸਐਸਪੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਇਕ ਵੱਡੀ ਖੇਪ ਅੰਮਿ੍ਤਸਰ 'ਚ ਹੈ। ਇਸ ਖੇਪ ਨੂੰ ਛੇਤੀ ਹੀ ਵਿਦੇਸ਼ ਭੇਜਣ ਦੀ ਤਿਆਰੀ ਹੈ। ਬੁੱਧਵਾਰ ਦੇਰ ਰਾਤ ਪਾਸ਼ ਇਲਾਕੇ ਰਣਜੀਤ ਐਵੀਨਿਊ ਦੇ ਏ ਬਲਾਕ 'ਚ ਸਮੱਗਲਰ ਹੈਰੋਇਨ ਦਾ ਸੌਦਾ ਕਰਨ ਲਈ ਇਕੱਠੇ ਹੋਏ ਹਨ। ਸਮੱਗਲਰਾਂ ਦਾ ਸਾਥ ਏਅਰ ਇੰਡੀਆ ਕੰਪਨੀ ਦਾ ਅਸਿਸਟੈਂਟ ਸਕਿਓਰਟੀ ਅਫਸਰ ਸਿਮਰਤਪਾਲ ਸਿੰਘ ਦੇ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਬੁੱਧਵਾਰ ਦੇਰ ਰਾਤ ਏ ਬਲਾਕ 'ਚ ਛਾਪਾਮਾਰੀ ਕੀਤੀ। ਛਾਪਾਮਾਰੀ ਦੌਰਾਨ ਏਅਰ ਇੰਡੀਆ ਦੇ ਅਧਿਕਾਰੀ ਸਿਮਰਤਪਾਲ ਸਿੰਘ ਨੂੰ ਪੁਲਸ ਟੀਮ ਨੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੀ ਫੋਰਡ ਫੀਏਸਟਾ ਗੱਡੀ 'ਚੋਂ ਸੱਤ ਕਿਲੋ ਹੈਰੋਇਨ ਬਰਾਮਦ ਹੋਈ। ਉਥੇ ਹੀ ਮੌਜੂਦ ਦੋਸ਼ੀ ਦੇ ਦੋ ਸਾਥੀ ਹਰਗੋਬਿੰਦ ਉਰਫ਼ ਸੋਢੀ ਨਿਵਾਸੀ ਰਣਜੀਤ ਵਿਹਾਰ ਲੋਹਾਰਕਾ ਰੋਡ ਤੇ ਸੁਰਜੀਤ ਸਿੰਘ ਉਰਫ਼ ਬਾਬਾ ਨਿਵਾਸੀ ਪ੍ਰੀਤ ਵਿਹਾਰ ਹਵਾਈ ਅੱਡਾ ਰੋਡ ਐਂਡੇਵਰ ਗੱਡੀ 'ਚ ਬੈਠ ਕੇ ਫਰਾਰ ਹੋਣ ਲੱਗੇ। ਪੁਲਸ ਪਾਰਟੀ 'ਚ ਸ਼ਾਮਲ ਏਐਸਆਈ ਸੁਖਬੀਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਦੋਸ਼ੀਆਂ ਨੇ ਪੁਲਸ 'ਤੇ ਗੱਡੀ ਚੜ੍ਹਾ ਦਿੱਤੀ। ਏਐਸਆਈ ਸੁਖਬੀਰ ਸਿੰਘ ਨੇ ਗੱਡੀ 'ਤੇ ਦੋ ਫਾਇਰ ਕੀਤੇ। ਇਸ ਦੇ ਬਾਵਜੂਦ ਦੋਸ਼ੀ ਉਥੋਂ ਫਰਾਰ ਹੋ ਗਏ। ਪੁਲਸ ਪਾਰਟੀ ਨੇ ਦੋਸ਼ੀਆਂ ਦਾ ਪਿੱਛਾ ਕੀਤਾ। ਦੋਸ਼ੀ ਬਟਾਲਾ ਰੋਡ ਤੋਂ ਹੁੰਦੇ ਹੋਏ ਗੁਰਦਾਸਪੁਰ ਵਲ ਨਿਕਲ ਗਏ। ਇਸ ਤੋਂ ਬਾਅਦ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਪੁਲਸ ਨੂੰ ਚੌਕਸ ਕਰ ਦਿੱਤਾ ਗਿਆ। ਪਠਾਨਕੋਟ 'ਚ ਤਾਰਾਗੜ੍ਹ ਪੁਲਸ ਨਾਕੇ 'ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਉਥੇ ਗੱਡੀ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਤੋਂ ਸੱਤ ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਦੋ ਪਾਕਿਸਤਾਨੀ ਸਿਮ ਤੇ ਮੋਬਾਈਲ ਫੋਨ ਬਰਾਮਦ ਹੋਏ ਹਨ। ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀ ਖ਼ਿਲਾਫ਼ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅਤੇ ਸੋਢੀ ਤੇ ਬਾਬਾ ਖ਼ਿਲਾਫ਼ ਤਾਰਾਗੜ੍ਹ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। 

ਦੋਸ਼ੀ ਸਿਮਰਤਪਾਲ ਇਸ ਸਮੇਂ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਤਾਇਨਾਤ ਹੈ। ਉਸ ਦੀ ਡਿਊਟੀ ਸਕੈਨਿੰਗ ਮਸ਼ੀਨ 'ਤੇ ਹੈ। 



Archive

RECENT STORIES