Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਮੋਦੀ ਨੂੰ ਖੂਹ ਦਾ ਡੱਡੂ ਦੱਸਿਆ

Posted on August 17th, 2013

<p>ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ<br></p>

ਨਵੀਂ ਦਿੱਲੀ : ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਾਸ਼ਣ 'ਤੇ ਨਰਿੰਦਰ ਮੋਦੀ ਦੇ ਪਲਟਵਾਰ ਤੋਂ ਸ਼ੁਰੂ ਹੋਈ ਸਿਆਸੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੋਦੀ ਦੀਆਂ ਟਿੱਪਣੀਆਂ 'ਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਇਤਰਾਜ਼ ਤੋਂ ਬਾਅਦ ਕਾਂਗਰਸ ਦੇ ਕਈ ਵੱਡੇ ਆਗੂ ਤਿੱਖੇ ਅੰਦਾਜ਼ 'ਚ ਸਾਹਮਣੇ ਆਏ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਮੋਦੀ ਨੂੰ ਖੂਹ ਦਾ ਡੱਡੂ ਦੱਸਿਆ, ਤਾਂ ਵਣਜ ਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਉਨ੍ਹਾਂ ਨੂੰ ਰਾਸ਼ਟਰੀ ਸ਼ਰਮਿੰਦਗੀ ਦਾ ਕਾਰਨ ਦੱਸ ਦਿੱਤਾ। ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅਡਵਾਨੀ ਦੇ ਰੁਖ਼ ਨਾਲ ਸਹਿਮਤੀ ਪ੍ਰਗਟਾ ਕੇ ਭਾਜਪਾ ਦੇ ਅੰਦਰੂਨੀ ਪਾੜ ਨੂੰ ਵਧਾਉਣ ਦਾ ਕੰਮ ਕੀਤਾ, ਤਾਂ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਮਨੀਸ਼ ਤਿਵਾੜੀ ਨੇ ਇਸ ਨੂੰ ਮੋਦੀ ਦੀ ਅਤਿ ਖਾਹਿਸ਼ ਦੱਸਿਆ। ਸ਼ਰਮਾ ਨੇ ਕਿਹਾ ਕਿ ਮੋਦੀ ਭਾਜਪਾ ਲਈ ਅਹਿਮ ਹੋ ਸਕਦੇ ਹਨ, ਪਰ ਅਸਲ 'ਚ ਉਹ ਰਾਸ਼ਟਰੀ ਸ਼ਰਮਿੰਦਗੀ ਦਾ ਕਾਰਨ ਹਨ। ਮੈਂ ਬਿਨਾਂ ਝਜਕ ਕਹਿ ਸਕਦਾ ਹਾਂ ਕਿ ਉਹ ਘਮੰਡੀ ਹਨ ਤੇ ਗੁਜਰਾਤ ਦੇ ਵਿਕਾਸ ਮਾਡਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। 

ਦਿਗਵਿਜੇ ਨੇ ਟਵਿੱਟਰ 'ਤੇ ਲਿਖਿਆ ਕਿ ਮੋਦੀ ਦੇ ਆਜ਼ਾਦੀ ਦਿਵਸ ਦੇ ਭਾਸ਼ਣ 'ਤੇ ਮੇਰੀ ਤੇ ਅਡਵਾਨੀ ਦੀ ਇਕੋ ਰਾਇ ਹੈ। ਮੋਦੀ ਦੀ ਸੱਤਾ ਦੀ ਭੁੱਖ ਦੀ ਕੋਈ ਹੱਦ ਨਹੀਂ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੋਦੀ ਦੇ ਭਾਸ਼ਣ ਤੋਂ ਬਾਅਦ ਵੀ ਦਿਗਵਿਜੇ ਨੇ ਕਿਹਾ ਸੀ ਕਿ ਗੁਜਰਾਤ ਦੇ ਸੀਐਮ 'ਚ ਸੱਤਾ ਦੀ ਹਵਸ ਨਜ਼ਰ ਆ ਰਹੀ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਬੋਲਦੇ ਹਨ ਤਾਂ ਉਹ 120 ਕਰੋੜ ਦੇਸ਼ਵਾਸੀਆਂ ਦੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰ ਰਹੇ ਹੁੰਦੇ ਹਨ। ਜੇ ਕੋਈ ਵਿਅਕਤੀ ਕਿਸੇ ਦੇ ਭਾਸ਼ਣ ਦੀ ਤੁਲਨਾ ਪੀਐਮ ਦੇ ਭਾਸ਼ਣ ਨਾਲ ਕਰਦਾ ਹੈ, ਤਾਂ ਇਹ ਉਸ ਦੀ ਲੋੜ ਤੋਂ ਜ਼ਿਆਦਾ ਵਧ ਚੁੱਕੀ ਖਾਹਿਸ਼ ਨੂੰ ਹੀ ਦਰਸਾਉਂਦਾ ਹੈ। ਭਾਜਪਾ 'ਚ ਮੋਦੀ ਦੇ ਲਗਾਤਾਰ ਵਧਦੇ ਕੱਦ ਦਾ ਵਿਰੋਧ ਕਰਦੇ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਵੀਰਵਾਰ ਨੂੰ ਇਸ਼ਾਰਿਆਂ 'ਚ ਮੋਦੀ ਦੇ ਭਾਸ਼ਣ 'ਤੇ ਨਾਪਸੰਦਗੀ ਜਾਹਿਰ ਕੀਤੀ ਸੀ। ਇਸ ਤੋਂ ਕੁਝ ਦੇਰ ਪਹਿਲਾਂ ਹੀ ਮੋਦੀ ਨੇ ਗੁਜਰਾਤ ਤੋਂ ਪ੍ਰਧਾਨ ਮੰਤਰੀ 'ਤੇ ਜ਼ੋਰਦਾਰ ਹੱਲਾ ਬੋਲਿਆ ਸੀ।




Archive

RECENT STORIES