Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਸਿੱਖਸ ਫਾਰ ਜਸਟਿਸ’ ਦੀ ਸਰੀ ਕਾਨਫਰੰਸ ‘ਚ ਸੈਂਕੜੇ ਲੋਕਾਂ ਨੇ ਹੱਥ ਖੜੇ ਕਰਕੇ ਲਿਆ ਪ੍ਰਭੂਸੱਤਾ ਲਈ ਅਹਿਦ

Posted on August 19th, 2013

ਨਵੰਬਰ 2013 ‘ਚ ਸੰਯੁਕਤ ਰਾਸ਼ਟਰ ਅੱਗੇ ਪੇਸ਼ ਕੀਤੀ ਜਾਵੇਗੀ ਨਸਲਕੁਸ਼ੀ ਪਟੀਸ਼ਨ

ਸਰੀ (ਚੜਦੀ ਕਲਾ ਬਿਊਰੋ)- ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵਲੋਂ ਸਰੀ ‘ਚ ਉਲੀਕੀ ਗਈ ‘ਸਿੱਖ ਨਸਲਕੁਸ਼ੀ ਅਤੇ ਪ੍ਰਭੂਸੱਤਾ ਕਾਨਫਰੰਸ’ ਵਿੱਚ 800 ਤੋਂ ਵੱਧ ਲੋਕਾਂ ਨੇ ਸ਼ਾਮਲ ਹੋ ਕੇ ਸਿੱਖਾਂ ਦੇ ਆਜ਼ਾਦ ਘਰ-ਘਾਟ ਦੀ ਕਾਨੂੰਨੀ ਪ੍ਰਾਪਤੀ ਲਈ ਸੰਘਰਸ਼ ਵਿੱਢਣ ਦਾ ਅਹਿਦ ਲਿਆ ਅਤੇ ਨਾਲ ਹੀ ਪਹਿਲੀ ਨਵੰਬਰ 2013 ਨੂੰ ਸਿੱਖ ਨਸਲਕੁਸ਼ੀ ਦੀ 1 ਮਿਲੀਅਨ ਦਸਤਖਤਾਂ ਵਾਲੀ ਪਟੀਸ਼ਨ ਨੂੰ ਸੰਯੁਕਤ ਰਾਸ਼ਟਰ ਅੱਗੇ ਪੇਸ਼ ਕਰਨ ਲਈ ਪ੍ਰਵਾਨਗੀ ਦਿੰਦਿਆਂ ਪੂਰਨ ਸਹਿਯੋਗ ਦਾ ਪ੍ਰਣ ਕੀਤਾ। ਲਗਭਗ ਢਾਈ ਘੰਟੇ ਚੱਲੇ ਸਮਾਗਮ ਦੌਰਾਨ ਹਾਜ਼ਰ ਲੋਕਾ ਨੇ ਸਾਹ ਸੂਤ ਕੇ ਪੇਸ਼ ਕੀਤੀਆਂ ਗਈਆਂ ਦਸਤਾਵੇਜ਼ੀ ਫਿਲਮਾਂ ਅਤੇ ਬੁਲਾਰਿਆਂ ਦੇ ਵਿਚਾਰ ਸੁਣੇ।

‘ਸਿੱਖਸ ਫਾਰ ਜਸਟਿਸ’ ਸੰਸਥਾ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਾਨੂੰਨ ‘ਚ ਰਹਿ ਕੇ ਕੀਤੇ ਜਾਣ ਵਾਲੇ ਸੰਘਰਸ਼ ਰਾਹੀਨ ਆਜ਼ਾਦ ਪ੍ਰਭੁਸੱਤਾ ਸੰਪੰਨ ਮੁਲਕ ਦੀ ਪ੍ਰਾਪਤੀ ਨੂੰ ਅੰਤਿਮ ਨਿਸ਼ਾਨਾ ਕਰਾਰ ਦਿੱਤਾ ਅਤੇ ਸੰਗਤ ਤੋਂ ਸਹਿਯੋਗ ਮੰਗਿਆ, ਜਿਸਦਾ ਜਵਾਬ ਲੋਕਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਦਿੱਤਾ। ਇਸ ਤੋਂ ਪਹਿਲਾਂ ਸੰਸਥਾ ਦੇ ਕੋਆਰਡੀਨੇਰ ਜਤਿੰਦਰ ਸਿੰਘ ਗਰੇਵਾਲ ਨੇ ਵੱਡੀਆਂ ਸਕਰੀਨਾਂ ‘ਤੇ ਤੱਥਾਂ ਨਾਲ ਸਮਝਾਉਂਦਿਆਂ ਦੱਸਿਆ ਕਿ ਸਿੱਖ ਕਿਵੇਂ ਸ਼ਾਤੀ ਭਰਪੂਰ ਤਰੀਕੇ ਰਾਹੀਂ ਆਪਣੇ ਆਜ਼ਾਦ ਮੁਲਕ ਦਾ ਸੁਪਨਾ ਪੂਰਾ ਕਰ ਸਕਦੇ ਹਨ।

ਲੰਗਾਰਾ ਕਾਲਜ ਵੈਨਕੂਵਰ ਦੀ ਜਗਤ ਪ੍ਰਸਿੱਧ ਪ੍ਰੋ: ਇੰਦਰਾ ਪ੍ਰਾਸਤ ਨੇ ਸਿੱਖਾਂ ਨੂੰ ਹਲੂਣਦਿਆਂ ਕਿਹਾ ਕਿ ਤੁਹਾਨੂੰ ਖਾਲਿਸਤਾਨ ਦਾ ਨਾਮ ਲੈਂਦਿਆਂ ਡਰ ਕਿਓਂ ਲੱਗਦਾ ਹੈ? ਇਸ ਨਾਮ ਲਈ ਤੁਹਾਡੇ ਹਜ਼ਾਰਾਂ ਭੈਣਾਂ-ਭਰਾਵਾਂ ਨੇ ਜਾਨਾਂ ਕੁਰਬਾਨ ਕੀਤੀਆਂ ਹਨ। ਇਹ ਮੰਗ ਸਿੱਖਾਂ ਦੀ ਹੱਕੀ ਮੰਗ ਹੈ ਅਤੇ ਹਰੇਕ ਸਿੱਖ ਨੂੰ ਇਸ ਮੰਗ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨਾਂ ਆਪਣੀ ਭਾਰਤ ਫੇਰੀ ਦੌਰਾਨ ਸਿੱਖ ਵਿਧਵਾਵਾਂ ਅਤੇ ਸਾਬਕਾ ਖਾੜਕੂਆਂ ਨਾਲ ਮੁਲਾਕਾਤਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਉਨਾਂ ਦੇ ਭਾਰਤ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ।

ਮਨੁੱਖੀ ਅਧਿਕਾਰਾਂ ਦੇ ਵਕੀਲ ਸ. ਨਵਕਿਰਨ ਸਿੰਘ ਦੇ ਸਪੁੱਤਰ ਐਡਵੋਕੇਟ ਨਵਰਤਨ ਸਿੰਘ ਨੇ ਪੰਜਾਬ ਪੁਲਿਸ ਵਲੋਂ ਪੰਜਾਬ ਅੰਦਰ ਸਾਲ 1984 ਤੋਂ 1994 ਤੱਕ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲਾਂ ਬਾਰੇ ਮਸਲਾ ਉਠਾਇਆ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਆਦਰਸ਼ ਦੱਸਦਿਆਂ ਅੰਕੜੇ ਪੇਸ਼ ਕੀਤੇ ਕਿ ਕਿਵੇਂ ਹਾਲੇ ਵੀ ਭਾਰਤ ‘ਚ, ਖਾਸਕਰ ਪੰਜਾਬ ‘ਚ ਸਿੱਖਾਂ ਨਾਲ ਬੇਇਨਸਾਫੀ ਦਾ ਦੌਰ ਜਾਰੀ ਹੈ।

ਅਰਮੀਨੀਆ ਦੀ ਨਸਲਕੁਸ਼ੀ ਬਾਰੇ ਇੱਕ ਅਰਮੀਨੀਅਨ ਵਿਦਿਆਰਥਣ ਨੇ ਆਪਣੀ ਵਿੱਥਿਆ ਸੁਣਾਈ ਅਤੇ ਅੰਤ ‘ਚ ਕਿਹਾ ਕਿ ਉਹ ਅਰਦਾਸ ਕਰਦੀ ਹੈ ਕਿ ਜਦ ਅਗਲੀ ਵਾਰ ਮੈਂ ਤੁਹਾਨੂੰ ਮਿਲਾਂ ਤਾਂ ਤੁਹਾਨੂੰ ਵੀ ਆਜ਼ਾਦੀ ਮਿਲੀ ਹੋਵੇ। ਇਸ ਤੋਂ ਇਲਾਵਾ ਯੂ. ਬੀ. ਸੀ. ਦੀ ਇੱਕ ਸਿੱਖ ਵਿਦਿਆਰਥਣ ਨੇ ਨਵੰਬਰ 1984 ਵਿੱਚ ਸਿੱਖ ਔਰਤਾਂ ਨਾਲ ਹੋਈ ਬੇਪਤੀ ਦੀ ਦਸਤਾਨ ਸੁਣਾਈ, ਜਿਸਨੇ ਹਾਜ਼ਰ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।

ਕਾਨਫ਼ਰੰਸ ‘ਚ ਬੀ. ਸੀ. ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਸ਼ਾਮਲ ਹੋਏ। ਸਥਾਨਕ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦੀ ਸਖਤ ਮੁਸ਼ੱਕਤ ਸਦਕਾ ਇਹ ਕਾਨਫਰੰਸ ਇੱਡਾ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਰੂਪ ਧਾਰਨ ਕਰ ਸਕੀ ਹਾਲਾਂਕਿ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਇਹੋ ਮੰਨਣਾ ਸੀ 100 ਡਾਲਰ ਦੀ ਟਿਕਟ ਖਰੀਦ ਕੇ 100-150 ਤੋਂ ਵੱਧ ਲੋਕ ਨਹੀਂ ਪੁੱਜਣੇ। ਬੁਲਾਰਿਆਂ ਅਤੇ ਹਾਜ਼ਰੀਨਾਂ ‘ਚ ਔਰਤਾਂ ਅਤੇ ਮਰਦਾਂ ਦੀ ਗਿਣਤੀ ਲਗਭਗ ਬਰਾਬਰ ਸੀ ਅਤੇ 35 ਫੀਸਦੀ ਦੇ ਕਰੀਬ ਇੱਧਰਲੇ ਜੰਮਪਲ ਬੱਚੇ ਮੌਜੂਦ ਸਨ। ਇਸ ਇਕੱਠ ਨੇ ਉਨਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ, ਜੋ ਆਜ਼ਾਦੀ ਦੀ ਚਾਹਨਾ ਰੱਖਣ ਵਾਲੇ ਸਿੱਖਾਂ ਨੂੰ ‘ਢਾਈ ਟੋਟਰੂ’, ‘ਟਾਂਗੇ ਜਿੰਨੀਆਂ ਸਵਾਰੀਆਂ’, ‘ਮੁੱਠੀ ਭਰ ਲੋਕ’ ਜਿਹੇ ਲਕਬਾਂ ਨਾਲ ਨਿਵਾਜਦੇ ਆਏ ਹਨ। ਕਾਨਫਰੰਸ ਦੌਰਾਨ ਸਟੇਜ ਦੀ ਕਾਰਵਾਈ ਰੇਡੀਓ ਸ਼ੇਰੇ ਪੰਜਾਬ ਦੀ ਹੋਸਟ ਤਜਿੰਦਰ ਕੌਰ ਨਿੱਝਰ ਵਲੋਂ ਬਾਖੂਬੀ ਅਤੇ ਪੂਰੇ ਧੜੱਲੇ ਨਾਲ ਨਿਭਾਈ ਗਈ।



Archive

RECENT STORIES