Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜ਼ਮੀਨ ਦੇ ਨਾਲ ਘਰਾਂ ਤੋਂ ਵੀ ਸੱਖਣੇ ਹੋਏ ਪਰਿਵਾਰ

Posted on August 20th, 2013

<p>ਉਜਾੜੇ ਦੀ ਦਾਸਤਾਨ ਸੁਣਾਉਂਦੀ ਹੋਈ ਸੁਖਵਿੰਦਰ ਕੌਰ&nbsp;<br></p>

ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਭਰਾਵਾਂ ਦੀ ਮਦਦ ਕਰਨ ਵਿੱਚ ਦੇਰ ਕਰ ਦਿੱਤੀ ਹੈ- ਚੰਦੂਮਾਜਰਾ

ਚੰਡੀਗੜ੍ਹ- ਗੂਹਲਾ ਚੀਕਾ ਨੇੜੇ ਪੈਂਦੇ ਥੇਹ ਖਰਕਾ ਪਿੰਡ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੁਖਵਿੰਦਰ ਕੌਰ ਦੇ ਪਰਿਵਾਰ ਨੂੰ ਹੋਰ ਸੱਤ ਪਰਿਵਾਰਾਂ ਸਮੇਤ  ਪਿਛਲੇ ਸਾਲ 29 ਮਈ ਨੂੰ ਤਿੱਖੜ ਦੁਪਹਿਰੇ ਉਜਾੜ ਦਿੱਤਾ ਗਿਆ। ਉਸ ਦੇ ਪਿਤਾ ਜੰਗੀਰ ਸਿੰਘ ਨੂੰ ਦਿਹਾੜੀ ਦੱਪਾ ਕਰ ਕੇ ਆਪਣੇ ਛੇ ਜੀਆਂ ਦੇ ਪਰਿਵਾਰ ਦਾ ਪੇਟ ਪਾਲਣਾ ਪੈ ਰਿਹਾ ਹੈ।

ਇਹ ਲੜਕੀ ਵੀ ਕਰਾਹ ਸਾਹਿਬ ਵਿੱਚ ਇਕ ਦਿਨ ਪਹਿਲਾਂ ਪਟੇਦਾਰ ਕਿਸਾਨਾਂ ਦੇ ਇਕੱਠ ਵਿੱਚ ਆਪਣੇ ਪਰਿਵਾਰਾਂ ਦੀ ਹੱਡਬੀਤੀ ਸੁਣਾਉਣ ਅਤੇ ਉਜਾੜੇ ਦਾ ਕੋਈ ਹੱਲ ਨਿਕਲਣ ਦੀ ਆਸ ਨਾਲ ਆਈ ਸੀ। ਉਸ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਥੇਹ ਖਰਕਾ ਵਿੱਚ ਉਨ੍ਹਾਂ ਦੇ ਪਰਿਵਾਰ ਸਮੇਤ  ਰਿਸ਼ਤੇਦਾਰਾਂ ਦੇ ਅੱਠ ਪਰਿਵਾਰ ਦੇ 30 ਜੀਅ 20 ਏਕੜ ਜ਼ਮੀਨ ਵਿੱਚ ਆਪਣਾ ਗੁਜ਼ਾਰਾ ਚਲਾਉਂਦੇ ਸਨ। ਪਿਛਲੇ ਸਾਲ ਸਾਰੇ ਅੱਠ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਜ਼ਮੀਨ ਤੋਂ ਖਦੇੜ ਦਿੱਤਾ। ਅੱਠੇ ਪਰਿਵਾਰਾਂ ਦੇ ਜ਼ਮੀਨ ਵਿੱਚ ਪੱਕੇ ਘਰ ਸਨ ਤੇ ਉਨ੍ਹਾਂ ਨੂੰ ਘਰਾਂ ਵਿੱਚ ਵੀ ਨਹੀਂ ਰਹਿਣ ਦਿੱਤਾ ਗਿਆ।

ਹਰਿਆਣਾ ਕਿਸਾਨ ਸਭਾ ਦੇ ਆਗੂ ਕਰਤਾਰ ਸਿੰਘ ਤੇ ਇਕ ਪੱਤਰਕਾਰ ਨੇ ਦੱਸਿਆ ਕਿ ਜਿਸ ਸਮੇਂ ਇਨ੍ਹਾਂ ਦੇ ਪਰਿਵਾਰਾਂ ਨੂੰ ਘਰਾਂ ’ਚੋਂ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਇਸ ਲੜਕੀ ਨੇ ਵੀ ਡਟ ਕੇ ਟਾਕਰਾ ਕੀਤਾ। ਇਕ ਰੋੜਾ ਇਸ ਦੇ ਨੱਕ ’ਤੇ ਵੀ ਲੱਗ ਗਿਆ ਪਰ ਫਿਰ ਵੀ ਇਸ ਨੇ ਹੌਸਲਾ ਨਹੀਂ ਹਾਰਿਆ ਪਰ ਦੂਜੇ ਪਾਸੇ ਜ਼ਿਆਦਾ ਸ਼ਕਤੀ ਹੋਣ ਕਰ ਕੇ ਇਸ ਨੂੰ ਪਰਿਵਾਰ ਸਮੇਤ ਪਿੰਡ ਛੱਡਣਾ ਪਿਆ। ਇਹ ਸਾਰੇ ਪਰਿਵਾਰ ਇਸ ਜ਼ਮੀਨ ’ਤੇ 1960 ਤੋਂ ਕਾਸ਼ਤ ਕਰਦੇ ਆ ਰਹੇ ਸਨ। ਉਸ ਨੇ ਦੱਸਿਆ ਕਿ ਪਟੇ ਦੀ ਰਕਮ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ।

ਪੰਦਰਾਂ ਕੁ ਵਰ੍ਹਿਆਂ ਦੀ ਇਸ ਲੜਕੀ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਕੋਲ ਉਜਾੜੇ ਜਾਣ ਸਮੇਂ ਪੈਸੇ ਵੀ ਨਹੀਂ ਸਨ ਤੇ ਇਸ ਕਰ ਕੇ ਕਿਸੇ ਹੋਰ ਪਿੰਡ ਵਿੱਚ ਰਿਸ਼ਤੇਦਾਰਾਂ ਦੇ ਘਰ ਸਿਰ ਢਕਣ ਲਈ ਮਜਬੂਰ ਹੋਣਾ ਪਿਆ। ਉਸ ਨੇ ਦੱਸਿਆ ਕਿ ਉਹ ਚਾਰ ਭੈਣ ਭਰਾ ਹਨ ਤੇ ਉਹ ਬਾਕੀਆਂ ਨਾਲੋਂ ਵੱਡੀ ਹੈ। ਦੋਵੇਂ ਭਰਾ ਤੇ ਦੋਵੇਂ ਭੈਣਾਂ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਹਨ। ਉਸ ਦੇ ਪਿਤਾ ਲਈ ਘਰ ਦਾ ਖਰਚ ਤੋਰਨਾ ਔਖਾ ਹੈ ਤੇ ਚਾਰੇ ਬੱਚਿਆਂ ਨੂੰ ਪੜ੍ਹਾਉਣਾ ਹੋਰ ਵੀ ਮੁਸ਼ਕਲ ਹੈ। ਇਹੋ ਜਿਹੀ ਹਾਲਤ ਬਾਕੀ ਸੱਤ ਪਰਿਵਾਰਾਂ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਵਿੱਚ ਬਾਕਾਇਦਾ ਇਕਾਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰ ਇਸ ਰਾਜ ਵਿੱਚੋਂ ਚੁਣੇ ਜਾਂਦੇ ਹਨ ਪਰ ਇਨ੍ਹਾਂ ਨੇ ਉਜਾੜੇ ਕਿਸਾਨਾਂ ਦੀ ਹਾਲਤ ਦਾ ਕਦੇ ਜਾਇਜ਼ਾ ਨਹੀਂ ਲਿਆ, ਮਦਦ ਕਰਨਾ ਤਾਂ ਦੂਰ ਦੀ ਗੱਲ ਹੈ। ਹਾਲਾਂਕਿ ਉਜਾੜੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਵਿੱਚ ਬਹੁ ਗਿਣਤੀ ਸਿੱਖ ਪਰਿਵਾਰਾਂ ਦੀ ਹੈ। ਕਰਾਹ ਸਾਹਿਬ ਵਿੱਚ ਇਕ ਪਟੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਭੁਚਾਲ ਪੀੜਤਾਂ ਤੇ ਹੜ੍ਹ ਪੀੜਤਾਂ ਦੀ ਮਦਦ ਤਾਂ ਕਰ ਰਹੀ ਹੈ ਪਰ ਉਸ ਨੂੰ ਸਾਡਾ ਕਦੇ ਖਿਆਲ ਨਹੀਂ ਆਇਆ।

ਇਸ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਤਰਜਮਾਨ ਪ੍ਰੋ. ਪ੍ਰੇਮ ਚੰਦੂਮਾਜਰਾ ਨੂੰ ਕਹਿਣਾ ਪਿਆ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਭਰਾਵਾਂ ਦੀ ਮਦਦ ਕਰਨ ਵਿੱਚ ਦੇਰ ਕਰ ਦਿੱਤੀ ਹੈ ਪਰ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਉਜਾੜੇ ਗਏ ਕਿਸਾਨ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਵਾਈ ਜਾਵੇਗੀ ਤੇ ਹਰਿਆਣਾ ਸਰਕਾਰ ’ਤੇ ਉਜਾੜੇ ਗਏ ਤੇ ਉਜਾੜੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਵਸਾਉਣ ਲਈ ਪੂਰਾ ਦਬਾਅ ਪਾਇਆ ਜਾਵੇਗਾ। ਪੰਜਾਬ ਦੀ ਹੱਦ ਨਾਲ ਲਗਦੇ ਪਿੰਡ ਹਰਨੌਲੀ ਭਾਈ ਦੇ ਦਲੇਰ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਪਟੇਦਾਰ ਕਿਸਾਨ ਪਿਛਲੀ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਵੇਲੇ ਤੋਂ ਹੀ ੳਜਾੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ 27 ਦਸੰਬਰ 2002 ਨੂੰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਦੀ ਮਦਦ ਨਾਲ ਕੁਟਾਪਾ ਚਾੜ੍ਹਿਆ ਗਿਆ ਤੇ 30 ਔਰਤਾਂ ਤੇ 50 ਮਰਦਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਅੱਠ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ। ਇਹ ਪਰਿਵਾਰ ਮੁੜ 2008 ਵਿੱਚ ਜ਼ਮੀਨ ’ਤੇ ਕਾਬਜ਼ ਹੋ ਗਏ ਤੇ ਇਨ੍ਹਾਂ ਦਾ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਇਸ ਇਲਾਕੇ ਦੇ ਨੌਜਵਾਨ ਆਗੂ ਹਰਪਾਲ ਸਿੰਘ ਚੀਕਾ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਪਟੇਦਾਰਾਂ ਨੂੰ ਵਸਾਉਣ ਲਈ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਤੇ ਇਸ ਵਿੱਚ ਪੰਚਾਇਤ ਦੀ ਸਹਿਮਤੀ ਵਾਲੀ ਮਦ ਸ਼ਾਮਲ ਹੋਣ ਕਰ ਕੇ ਕਿਸੇ ਪਟੇਦਾਰ ਨੂੰ ਜ਼ਮੀਨ ਨਹੀਂ ਮਿਲੀ। 

ਜੇ ਹੁੱਡਾ ਸਰਕਾਰ ਪਟੇਦਾਰਾਂ ਪ੍ਰਤੀ ਸੁਹਿਰਦਤਾ ਦਿਖਾਏ ਅਤੇ ਨੋਟੀਫਿਕੇਸ਼ਨ ਵਿੱਚੋਂ ਪੰਚਾਇਤ ਦੀ ਸਹਿਮਤੀ ਵਾਲੀ ਮਦ ਹਟਾ ਕੇ ਉਸ ਦੀ ਥਾਂ ਡਾਇਰੈਕਟਰ ਪੰਚਾਇਤ ਜਾਂ ਡਿਪਟੀ ਕਮਿਸ਼ਨਰ ਕਰ ਦੇਵੇ ਤਾਂ ਉਸ ਨਾਲ ਪਟੇਦਾਰਾਂ ਦੀ ਵੱਡੀ ਮਦਦ ਹੋ ਸਕਦੀ ਹੈ। ਪਰਿਵਾਰ ਵੱਡੇ ਹੋਣ ਕਰ ਕੇ ਜ਼ਮੀਨਾਂ ਘਟਣ ਦੇ ਨਾਲ  ਮਹਿੰਗੀਆਂ ਹੋ ਗਈਆਂ ਹਨ ਤੇ ਇਸ  ਕਰ ਕੇ ਪੰਚਾਇਤਾਂ ਹੀ ਪਟੇਦਾਰਾਂ ਖ਼ਿਲਾਫ਼ ਹੋ ਗਈਆਂ ਹਨ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਪਟੇਦਾਰ ਕਿਸਾਨ ਸਰਕਾਰ ਨੇ ਅਨਾਜ ਦੀ ਪੈਦਾਵਾਰ ਵਧਾਉਣ ਲਈ ਵਸਾਏ ਸਨ ਤੇ ਇਸ ਕਰ ਕੇ ਨੋਟੀਫਿਕੇਸ਼ਨ ਵਿੱਚ ਲੋੜੀਂਦੀ ਸੋਧ ਕਰ ਕੇ ਪਟੇਦਾਰਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਪਟੇਦਾਰਾਂ ਨੂੰ ਸ਼ੁਰੂ ਵਿੱਚ 25 ਸਾਲਾਂ ਲਈ ਪਟੇ ਦਿੱਤੇ ਜਾਣ ਤੇ ਉਸ ਤੋਂ ਬਾਅਦ ਹੋਰ ਕਦਮ ਚੁੱਕੇ ਜਾਣ।



Archive

RECENT STORIES