Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੌਮੀ ਨਾਇਕ ਡਾ. ਅਮਰਜੀਤ ਸਿੰਘ ਦੀ ਮਾਤਾ, ਮਾਤਾ ਜਤਿੰਦਰ ਕੌਰ ਨੂੰ ਸ਼ਰਧਾਜ਼ਲੀ ਸਮਾਰੋਹ ਵਿੱਚ ਉੱਤਰੀ ਅਮਰੀਕਾ ਦੇ ਸਮੂਹ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ

Posted on August 20th, 2013


ਕੌਮੀ ਕਾਫਲੇ ਦੇ ਸੰਚਾਲਕਾਂ ਦੀ ਕਤਾਰ ਵੱਖਰੀ ਹੁੰਦੀ ਹੈ…..ਸੁਖਮਿੰਦਰ ਸਿੰਘ ਹੰਸਰਾ

ਅੱਜ ਮੇਰੀ ਦ੍ਰਿੜਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ….. ਡਾ. ਅਮਰਜੀਤ ਸਿੰਘ

ਮੈਨਾਸਾਸ  (ਡੇਲੀ ਬਿਊਰੋ)- ਕੌਮੀ ਖੇਤਰ ਵਿੱਚ ਵਿਚਰਦਿਆਂ ਪ੍ਰੀਵਾਰਾਂ ਮੋਹ ਦੀਆਂ ਤੰਦਾਂ ਦੀ ਚੀਸ ਨੂੰ ਹੰਢਾਉਣਾ ਕੌਮੀ ਖੇਤਰ ਦੇ ਸੰਚਾਲਕਾਂ ਦੀ ਕ੍ਰਿਆਸ਼ੀਲਤਾ ਦਾ ਹਿੱਸਾ ਹੋਇਆ ਕਰਦਾ ਹੈ। ਇਸ ਮਾਨਸਿਕਤਾ ਨੂੰ ਅਨੁਭਵ ਕਰਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਅਗਰ ਕੁਰਬਾਨੀ ਬਾਰੇ ਕਿਸੇ ਤੋਂ ਸੁਆਲ ਪੁੱਛਿਆ ਜਾਵੇ ਤਾਂ ਬਹੁਤਾਤ ਵਿੱਚ ਲੋਕ ਜੀਵਨ ਨਿਛਾਵਰ ਕਰ ਦੇਣ ਜਾਂ ਕਿਸੇ ਸਿਧਾਂਤ ਜਾਂ ਪਹਿਲੂ ਲਈ ਮਰ ਮਿੱਟਣ ਨੂੰ ਵੀ ਕੁਰਬਾਨੀ ਸਮਝਦੇ ਹਨ ਜਦੋਂ ਕਿ ਇਹ ਕੁਰਬਾਨੀ ਦੀ ਸ਼ਿਖ਼ਰ ਮੰਨਿਆ ਜਾ ਸਕਦਾ ਹੈ। ਕੁਰਬਾਨੀ ਦੇ ਹਜ਼ਾਰਾਂ ਰੂਪ ਹਨ ਜੋ ਇੱਕ ਇਮਤਿਹਾਨ ਦੇ ਰੂਪ ਵਿੱਚ ਕਿਸੇ ਲਹਿਰ ਦੇ ਸੰਚਾਲਕਾਂ ਦੇ ਸਾਹਮਣੇ ਆਉਂਦੇ ਰਹਿੰਦੇ ਹਨ।

ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ ਮੂਲ ਰੂਪ ਵਿੱਚ 1984 ਦੇ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਤੋਂ ਬਾਅਦ ਸ਼ੁਰੂ ਹੋਈ ਭਾਵੇਂ ਕਿ ਬਰੀਕ ਬੁੱਧੀ ਵਾਲੇ ਕੁੱਝ ਸਿੱਖ ਪਹਿਲਾਂ ਹੀ ਇਸ ਦੀ ਲੋੜ ਮਹਿਸੂਸ ਕਰਦਿਆਂ ਕ੍ਰਿਆਸ਼ੀਲ ਹੋ ਗਏ ਸਨ।

ਪ੍ਰੀਵਾਰਿਕ ਮੋਹ ਇਸ ਵਿੱਚ ਸਭ ਤੋਂ ਕਠਿਨ ਪਰਚੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਿਸ ਦੇ ਜਾਲ੍ਹ ਵਿੱਚ ਆਮ ਲੋਕ ਫਸ ਜਾਂਦੇ ਹਨ ਅਤੇ ਆਪਣੇ ਰਸਤੇ ਤੋਂ ਥਿੜਕ ਜਾਂਦੇ ਹਨ। ਮੋਟੀ ਨਜ਼ਰ ਮਾਰਨ ਤੇ ਹੀ ਅਜਿਹੇ ਸੈਂਕੜੇ ਥਿੜਕੇ ਲੋਕਾਂ ਦਿੱਸ ਪੈਂਦੇ ਹਨ।

ਇਸ ਹਫਤੇ ਅਮਰੀਕਾ ਦੀ ਵਰਜਿਨੀਆ ਸਟੇਟ ਦੇ ਖੂਬਸੂਰਤ ਸ਼ਹਿਰ ਮੈਨਾਸਾਸ ਦੇ ਗੁਰਦੁਆਰਾ ਸਾਹਿਬ “ਸਿੱਖ ਸੈਂਟਰ ਆਫ ਵਰਜਿਨੀਆ” ਵਿਖੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਦੇ ਪੂਜਨੀਕ ਮਾਤਾ ਜੀ ਜਤਿੰਦਰ ਕੌਰ ਦੇ ਅਕਾਲਾ ਚਲਾਣਾ ਕਰ ਜਾਣ ਤੋਂ ਬਾਅਦ ਇਥੋਂ ਦੀ ਸੰਗਤ ਵਲੋਂ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇੱਕ ਕੌਮੀ ਨਾਇਕ ਦੀ ਮਾਤਾ ਨੂੰ ਸ਼ਰਧਾਂਜ਼ਲੀ ਦੇਣ ਲਈ ਸ਼ਾਮਲ ਹੋਣ ਸਦਕਾ ਉੱਤਰੀ ਅਮਰੀਕਾ ਦੇ ਖਾਲਿਸਤਾਨ ਲਹਿਰ ਦੇ ਸੰਚਾਲਕਾਂ ਦੇ ਵੱਡੇ ਕਾਫਲੇ ਨੂੰ ਮਿਲਣ ਦਾ ਮੌਕਾ ਮਿਲਿਆ।

ਗੁਰਦੁਆਰਾ ਸਾਹਿਬ ਉਸਾਰੀ ਅਧੀਨ ਹਨ ਇਸ ਕਰਕੇ ਸੰਗਤ ਦੇ ਪ੍ਰਸ਼ਾਦਾ ਪਾਣੀ ਵਾਸਤੇ ਬਾਹਰ ਟੈਂਟ ਲਾ ਕੇ ਇੰਤਜਾਮ ਕੀਤਾ ਹੋਇਆ ਸੀ ਜੋ ਕਿਸੇ ਖਾਸ ਸਮਾਗਮ ਦੀ ਝਲਕ ਪਾ ਰਿਹਾ ਸੀ। ਇਥੇ ਬੀਬੀਆਂ ਨੇ ਚਿੱਟੀਆਂ ਚੁੱਕੀਆਂ ਲੈ ਕੇ ਅਫਸੋਸ ਦਾ ਮਹੌਲ ਨਹੀਂ ਸੀ ਰਚਿਆ ਹੋਇਆ ਸਗੋਂ ਸੰਗਤ ਇਥੇ ਕੌਮੀ ਜਜ਼ਬਾਤਾਂ ਦੀ ਸੁਗੰਧ ਦਾ ਅਧਿਆਤਮਿਕ ਆਨੰਦ ਲੈ ਰਹੀ ਸੀ।

ਸਵੇਰੇ ਅਖੰਡਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਅਤੇ ਫੇਰ ਕੀਰਤਨ ਦਰਬਾਰ ਸਜਾਇਆ ਗਿਆ, ਜਿਥੇ ਇਲਾਕੇ ਦੇ ਭੁਝੰਗੀ ਅਤੇ ਭੁਝੰਗਣਾ ਨੇ ਸ਼ਬਦ ਅਤੇ ਕਵੀਸ਼ਰੀ ਗਾਇਣ ਕੀਤੀ ਅਤੇ ਖਾਲਿਸਤਾਨ ਦੇ ਪੰਜ ਨਾਹਰੇ ਲਾ ਕੇ ਗੁਰਦੁਆਰੇ ਦੇ ਹਾਲ ਅੰਦਰ ਗੁਰੂ ਮਹਾਰਾਜ਼ ਦੇ ਆਜ਼ਾਦੀ ਦੇ ਸਿਧਾਂਤ ਨੂੰ ਸਲਾਮੀ ਦਿੱਤੀ।

ਇਥੇ ਅਮਰੀਕਾ ਦੇ ਹਰ ਸ਼ਹਿਰ ਤੋਂ ਇਲਾਵਾ ਕੈਨੇਡਾ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਟਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਤੋਂ ਸੈਂਕੜੇ ਸਿੰਘ ਪਹੁੰਚੇ ਹੋਏ ਸਨ। ਅਗਰ ਸਿੱਧੀ ਭਾਸ਼ਾ ਵਿੱਚ ਮੌਕੇ ਨੂੰ ਬਿਆਨਣਾ ਹੋਵੇ ਤਾਂ ਇਹ ਖਾਲਿਸਤਾਨ ਦੇ ਸੰਘਰਸ਼ ਦਾ ਬਸਤਾ ਅਜੇ ਵੀ ਮੋਢਿਆਂ ਵਿੱਚ ਪਾਈ ਫਿਰ ਰਹੇ ਲੋਕਾਂ ਦਾ ਇਕੱਠ ਸੀ ਜਦੋਂ ਕਿ ਬਹੁਤਿਆਂ ਨੇ ਸੰਘਰਸ਼ ਦਾ ਬਸਤਾ ਕੀਲੀ ਤੇ ਟੰਗ ਦਿੱਤਾ ਹੈ ਅਤੇ ਮਨੁੱਖੀ ਅਧਿਕਾਰ ਜਾਂ ਹੋਰ ਸਮਾਜਿਕ ਮੁੱਦਿਆਂ ਤੇ ਪਹਿਰਾ ਦੇ ਕੇ ਆਪਣਾ ਭੁੱਸ ਪੂਰਾ ਕਰ ਰਹੇ ਹਨ।

ਕੈਲੀਫੋਰਨੀਆਂ ਤੋਂ ਪਹੁੰਚੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਸਭ ਤੋਂ ਪਹਿਲਾਂ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 20 ਸਾਲਾਂ ਤੋਂ ਡਾ. ਅਮਰਜੀਤ ਸਿੰਘ ਨਾਲ ਕੌਮੀ ਕਾਫਲੇ ਵਿੱਚ ਕੰਮ ਕਰਦੇ ਹਾਂ। ਡਾ. ਸਾਹਿਬ ਦੀ ਸਖ਼ਸ਼ੀਅਤ ਤੋਂ ਮਾਤਾ ਦੀ ਸੋਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਪਰੰਤ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਡਾ ਅਮਰਜੀਤ ਸਿੰਘ ਦੇ ਪ੍ਰੀਵਾਰ ਬਾਰੇ ਅਤੇ ਮਾਤਾ ਜੀ ਬਾਰੇ ਜਾਣਕਾਰੀ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਰਧਾਂਜ਼ਲੀ ਦਾ ਸੰਦੇਸ਼ ਸਾਂਝਾ ਕਰਦਿਆਂ ਰੇਸ਼ਮ ਸਿੰਘ ਨੇ ਕਿਹਾ ਕਿ ਡਾ ਅਮਰਜੀਤ ਸਿੰਘ ਦੀ ਸਖ਼ਸ਼ੀਅਤ ਵਿਚੋਂ ਅਸੀਂ ਆਸਾਨੀ ਨਾਲ ਮਾਤਾ ਜੀ ਦੇ ਸੁਭਾਅ ਅਤੇ ਕੌਮੀ ਜਜ਼ਬੇ ਦਾ ਅੰਦਾਜ਼ਾ ਲਗਾ ਸਕਦੇ ਹਾਂ। ਯੂਨਾਈਟਡ ਸਿੱਖਸ ਵਲੋਂ ਕੁਲਦੀਪ ਸਿੰਘ ਹੋਰਾਂ ਨੇ ਬੜੇ ਬਾਖੂਬੀ ਨਾਲ ਮਾਤਾ ਜੀ ਨੂੰ ਸ਼ਰਧਾਂਜ਼ਲੀਆਂ ਦਿੱਤੀਆਂ। ਡੈਲਸ ਟੈਕਸਸ ਤੋਂ ਆਏ ਸ੍ਰ ਸੰਤੋਖ ਸਿੰਘ ਨੇ ਇਸ ਮੌਕੇ ਸ਼ਰਧਾਂਜ਼ਲੀ ਦਿੰਦਿਆਂ ਡਾ ਅਮਰਜੀਤ ਸਿੰਘ ਨਾਲ ਆਪਣੇ ਸੇਵਾ ਕਰਨ ਦੇ ਤਜ਼ਰਬੇ ਸਾਂਝੇ ਕੀਤੇ।

ਟਰਾਂਟੋ ਤੋਂ ਪਹੁੰਚੇ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕੌਮੀ ਸੰਘਰਸ਼ ਵਿੱਚ ਯੋਗਦਾਨ ਵਾਲੇ ਲੋਕਾਂ ਦੀ ਕਤਾਰ ਵੱਖਰੀ ਹੁੰਦੀ ਹੈ। ਉਨ੍ਹਾਂ ਅਮਰੀਕਨ ਲਿਖਾਰੀ ਜੇਮਜ਼ ਰੱਸਲ ਦੇ ਕਥਨ ਕਿ “ਬੱਚੇ ਲਈ ਸਭ ਤੋਂ ਅੱਵਲ ਅਕੈਡਮੀ, ਮਾਂ ਦੀ ਗੋਦੀ ਹੁੰਦੀ ਹੈ” ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਵਕੀਲ, ਡਾਕਟਰ ਜਾਂ ਸਾਇੰਸਦਾਨ ਬਣੇ, ਪਰ ਸ਼ਾਇਦ ਕੋਈ ਹੀ ਮਾਂ ਹੋਵੇਗੀ ਜਿਹੜੀ ਕਹਿੰਦੀ ਹੋਵੇਗੀ ਕਿ ਮੇਰਾ ਬੱਚਾ ਇਨਕਲਾਬੀ ਬਣੇ ਇਸ ਲਈ ਭਾਵੇਂ ਉਸਨੂੰ ਦਹਾਕਿਆਂ ਬੱਧੀ ਮੇਰੀਆਂ ਅੱਖਾਂ ਤੋਂ ਦੂਰ ਰਹਿਣਾ ਪਵੇ। ਹਕੀਕਤ ਸਾਡੇ ਸਾਹਮਣੇ ਹੈ ਕਿ ਮਾਤਾ ਜਤਿੰਦਰ ਕੌਰ ਦੀ ਮਮਤਾ ਨੇ ਇਹੀ ਕੀਤਾ ਹੈ। ਕੋਈ ਪੁੱਤਰ ਵੀ ਨਹੀਂ ਚਾਹੁੰਦਾ ਹੋਵੇਗਾ ਕਿ ਜ਼ਿੰਦਗੀ ਵਿੱਚ ਉਹ ਕੰਮ ਕਰਾਂ ਕਿ ਮੈਨੂੰ ਆਪਣੀ ਮਾਂ ਤੋਂ ਦੂਰ ਰਹਿਣਾ ਪਵੇ। ਪਰ ਡਾ. ਅਮਰਜੀਤ ਸਿੰਘ ਉਹ ਸਖ਼ਸ਼ੀਅਤ ਹੈ ਕਿ ਜਿੰਨ੍ਹਾਂ ਨੇ ਵਲੰਟੀਅਰ ਕੀਤਾ ਇਸ ਸੇਵਾ ਵਾਸਤੇ। ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਸ਼ਰਧਾਂਜ਼ਲੀਆਂ ਦਿੰਦਿਆਂ ਹੰਸਰਾ ਨੇ ਕਿਹਾ ਕਿ ਟਰਾਂਟੋ ਵਿੱਚ ਰਹਿੰਦਿਆਂ ਹਰ ਹਫਤੇ ਕਈ ਕਈ ਅੰਤਿਮ ਅਰਦਾਸਾਂ ਵਿੱਚ ਸ਼ਾਮਲ ਹੋਈਦਾ ਹੈ, ਪਰ ਅੱਜ ਦੀ ਇਸ ਅਰਦਾਸ ਵਿੱਚ ਸ਼ਾਮਲ ਹੋਣ ਲਈ 10 ਘੰਟੇ ਦੀ ਡਰਾਈਵ ਕਰਕੇ ਪੁੱਜਣਾ ਮਹਿਜ਼ ਡਾ. ਸਾਹਿਬ ਨਾਲ ਹਮਦਰਦੀ ਕਰਨ ਤੱਕ ਸੀਮਤ ਨਹੀਂ ਹੈ। ਇਸ ਦੇ ਪਿੱਛੇ ਤਾਂ ਉਹ ਭਾਵਨਾ ਹੈ ਜੋ ਹਰ ਕੌਮੀ ਸਰੀਰ ਵਿੱਚ ਸਾਹਾਂ ਦੇ ਨਾਲ ਨਾਲ ਵਿਚਰਦੀ ਹੈ। ਉਨ੍ਹਾਂ ਆਪਣੇ ਅੰਦਾਜ਼ ਵਿੱਚ “ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜਬਲ ਸੇ ਲੇਹੈ” “ਖਾਲਿਸਤਾਨ ਜ਼ਿੰਦਾਬਾਦ” ਗਜਾ ਕੇ ਮਾਤਾ ਜੀ ਨੂੰ ਸ਼ਰਧਾਂਜ਼ਲੀ ਦਿੱਤੀ।

ਉਪਰੰਤ ਸਫਰ ਰੇਡੀਓ ਦੇ ਸੰਚਾਲਕ ਹਰਪ੍ਰੀਤ ਸਿੰਘ ਨੇ ਬੜੇ ਬਾਖੂਬ ਅਤੇ ਦਾਰਸ਼ਨਿਕ ਢੰਗ ਨਾਲ ਮਾਤਾ ਜੀ ਨੂੰ ਸ਼ਰਧਾਂਜ਼ਲੀ ਦਿੱਤੀ। ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਗੀ ਨੂੰ ਸਰਕਾਰੀ ਤੋਪਾ ਦੀ ਸਲਾਮੀ ਨਹੀਂ ਦਿੱਤੀ ਜਾਂਦੀ ਸਗੋਂ ਬਾਗੀਆਂ ਨੂੰ ਤਾਂ ਜੈਕਾਰਿਆਂ ਦੀ ਗੂੰਜ਼ ਵਿੱਚ ਸ਼ਰਧਾਂਜ਼ਲੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ 5 ਜੈਕਾਰੇ ਛੱਡ ਕੇ ਮਾਤਾ ਜੀ ਨੁੰ ਸ਼ਰਧਾਂਜ਼ਲੀ ਦਿੱਤੀ।

ਅੱਜ ਦੀ ਆਵਾਜ਼ ਰੇਡੀਓ ਤੋਂ ਸੁਖਦੇਵ ਸਿੰਘ ਨੇ ਆਪਣੀ ਨਰਮ ਪਰ ਨਿੱਗਰ ਆਵਾਜ਼ ਵਿੱਚ ਮਾਤਾ ਜੀ ਨੂੰ ਸ਼ਰਧਾਂਜ਼ਲੀ ਦਿੱਤੀ। ਉਨ੍ਹਾਂ ਕਿਹਾ ਕਿ ਕੌਮੀ ਮਜ਼ਬੂਨ ਦੇ ਵਿਦਿਆਰਥੀਆਂ ਦੀ ਵੱਖਰੀ ਹੀ ਦੁਨੀਆ ਹੁੰਦੀ ਹੈ। ਕੌਮੀ ਤੌਰ ਤੇ ਡਾ ਅਮਰਜੀਤ ਸਿੰਘ ਵਲੋਂ ਘਾਲ੍ਹੀਆਂ ਜਾ ਰਹੀਆਂ ਘਾਲਣਾਵਾਂ ਉਨ੍ਹਾਂ ਦੀ ਮਾਤਾ ਜੀ ਦੇ ਸੰਸਕਾਰਾਂ ਦੀ ਤਸਵੀਰ ਨੂੰ ਰੂਪਮਾਨ ਕਰਦੀਆਂ ਹਨ। ਯੂਨਾਈਟਡ ਫਰੰਟ ਆਫ ਸਿੱਖਸ ਵਲੋਂ ਸਤਨਾਮ ਸਿੰਘ ਵਲੋਂ ਸ਼ਰਧਾਂਜ਼ਲੀ ਦਿੰਦਿਆਂ ਟਰਾਂਟੋ ਤੋਂ ਆਏ ਸਮੂਹ ਸਿੰਘਾਂ ਨੂੰ ਸਟੇਜ ਤੇ ਬੁਲਾਇਆ ਅਤੇ ਟਰਾਂਟੋ ਦੀ ਸੰਗਤ ਵਲੋਂ ਡਾ. ਅਮਰਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।

ਨਿਊਜਰਸੀ ਤੋਂ ਪਧਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਬੂਟਾ ਸਿੰਘ ਖੜੌਦ ਨੇ ਇਸ ਮੌਕੇ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਸਾਨੂੰ ਇੱਕ ਦੂਸਰੇ ਦਾ ਹੱਥ ਫੜ ਕੇ ਵਿਚਰਨਾ ਚਾਹੀਦਾ ਹੈ। ਸਾਡਾ ਦੁਸ਼ਮਣ ਸਾਨੂੰ ਬੁਰੀ ਤਰ੍ਹਾਂ ਮਾਰਨ ਤੁਰਿਆ ਹੋਇਆ ਹੈ। ਉਨ੍ਹਾਂ ਡਾ. ਅਮਰਜੀਤ ਸਿੰਘ ਵਲੋਂ ਉੱਤਰੀ ਅਮਰੀਕਾ ਦੇ ਸਮੂਹ ਗੁਰਦੁਆਰਿਆਂ ਵਿੱਚ ਜਾ ਜਾ ਕੇ ਖਾਲਿਸਤਾਨ ਦਾ ਪ੍ਰਚਾਰ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ।

ਟੈਕਸਸ ਦੀ ਸੰਗਤ ਦੀ ਪ੍ਰਤੀਨਿਧਤਾ ਕਰਦੇ ਡਾ. ਹਰਦਮ ਸਿੰਘ ਆਜ਼ਾਦ ਨੇ ਆਪਣੇ ਲਹਿਜ਼ੇ ਵਿੱਚ ਸ਼ਰਧਾਂਜ਼ਲੀ ਕਰਦਿਆਂ ਬੜੀਆਂ ਖਰੀਆਂ ਗੱਲਾਂ ਕੀਤੀਆਂ। ਉਨ੍ਹਾਂ ਦਾ ਅੰਦਾਜ਼ ਮੁੱਦੇ ਨੂੰ ਸਮਝਣ ਵਿੱਚ ਕੋਈ ਗੁੰਜਾਇਸ਼ ਨਹੀਂ ਛੱਡਦਾ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ 70ਵਿਆਂ ਵਿੱਚ ਹੀ ਖਾਲਿਸਤਾਨ ਦੀ ਲੋੜ ਨੂੰ ਮਹਿਸੂਸ ਕਰਦਿਆਂ ਇਸ ਬਾਰੇ ਸਰਗਰਮ ਹੋ ਗਏ ਸਨ। ਉਹ ਡਾ. ਜਗਜੀਤ ਸਿੰਘ ਚੌਹਾਨ ਦੇ ਸਮਰਥਕਾਂ ਵਿਚੋਂ ਸਨ।

ਨਿਊਯਾਰਕ ਤੋਂ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਨੇ ਬੜੇ ਠੋਸ ਸ਼ਬਦਾਂ ਵਿੱਚ ਖਾਲਿਸਤਾਨ ਦੀ ਲਹਿਰ ਵਿੱਚ ਡਾ. ਅਮਰਜੀਤ ਸਿੰਘ ਦੇ ਯੋਗਦਾਨ ਦਾ ਜ਼ਿਕਰ ਕੀਤਾ।

ਮਾਂਟਰੀਅਲ ਤੋਂ ਉੱਦਮ ਰੇਡੀਓ ਦੇ ਸੰਚਾਲਕ ਮਨਵੀਰ ਸਿੰਘ ਨੇ ਬੜੇ ਜਜ਼ਬਾਤੀ ਵਿਚਾਰਾਂ ਵਿੱਚ ਖਾਲਿਸਤਾਨੀ ਨਾਇਕ ਦੀ ਮਾਤਾ ਨੂੰ ਸ਼ਰਧਾਂਜ਼ਲੀਆਂ ਦਿੰਦਿਆਂ ਖਾਲਿਸਤਾਨ ਦੇ ਜੋਸ਼ਮਈ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।

ਯੂਬਾ ਸਿਟੀ ਤੋਂ ਡਾ. ਹਰਬੰਸ ਸਿੰਘ ਢਿਲੋਂ, ਜੋ ਡਾਕਟਰ ਅਮਰਜੀਤ ਸਿੰਘ ਦੇ ਕਾਫੀ ਨਜ਼ਦੀਕ ਸਮਝੇ ਜਾਂਦੇ ਹਨ, ਨੇ ਦੱਸਿਆ ਕਿ ਮਾਤਾ ਜੀ ਨਿੱਕੇ ਹੁੰਦਿਆਂ ਨੂੰ ਉਦੋਂ ਤੱਕ ਕੁੱਝ ਖਾਣ ਨੂੰ ਨਹੀਂ ਸੀ ਦਿੰਦੀ ਜਦ ਤੱਕ ਅਮਰਜੀਤ ਸਿੰਘ ਜਪੁਜੀ ਸਾਹਿਬ ਦੀ ਇੱਕ ਪੌੜੀ ਨਹੀਂ ਸੀ ਸੁਣਾ ਦਿੰਦੇ। ਉਨ੍ਹਾਂ ਦੱਸਿਆ ਕਿ ਡਾ. ਅਮਰਜੀਤ ਸਿੰਘ ਨੇ ਜ਼ਿੰਦਗੀ ਦਾ ਪਹਿਲਾ ਭਾਸ਼ਨ 7 ਸਾਲ ਦੀ ਉਮਰ ਵਿੱਚ ਆਪਣੇ ਸਕੂਲ ਵਿੱਚ ਦਿੱਤਾ ਸੀ। ਊਨ੍ਹਾਂ ਦੇ ਪਿਤਾ ਜੀ, ਲਹਿਣਾ ਸਿੰਘ ਚੰਗੇ ਵਿਦਵਾਨ ਸਨ।

ਹੋਰਨਾਂ ਤੋਂ ਇਲਾਵਾ ਨਿਊਜਰਸੀ ਤੋਂ ਆਏ ਜਤਿੰਦਰ ਸਿੰਘ, ਗੁਰਦੇਵ ਸਿੰਘ ਕਾਲਮਜੂ ਤੋਂ, ਫਿਲਡਾਲਫੀਆ ਤੋਂ ਧਰਮ ਸਿੰਘ, ਸਿਆਟਲ ਤੋਂ ਗੁਰਦੇਵ ਸਿੰਘ ਮਾਨ, ਸੁਰਿੰਦਰ ਸਿੰਘ ਗਿੱਲ, ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵਰਿੰਦਰ ਸਿੰਘ ਵਿੱਕੀ, ਯਾਦਵਿੰਦਰ ਸਿੰਘ, ਡਾ ਰਣਜੀਤ ਸਿੰਘ, ਵਰਜੀਨੀਆ ਗੁਰਦੁਆਰੇ ਦੇ ਸੀਨੀਅਰ ਮੈਂਬਰ ਦੇਵਿੰਦਰ ਸਿੰਘ ਅਤੇ ਹਰਭਜਨ ਸਿੰਘ ਚਾਹਲ ਵਰਜਿਨੀਆ ਨੇ ਸੰਬੋਧਨ ਕੀਤਾ ਅਤੇ ਸ਼ਰਧਾਂਜ਼ਲੀਆਂ ਦਿੱਤੀਆਂ।

ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਮੇਰੀ ਦ੍ਰਿੜਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੋ ਮੇਰੀ ਮਾਤਾ ਨੇ ਮੈਨੂੰ ਸੰਕਲਪ ਦਿੱਤਾ ਸੀ, ਮੈਂ ਉਸਨੂੰ ਪੱਲੇ ਨਾਲ ਬੰਨਿਆ ਹੋਇਆ ਹੈ।

ਅਖੀਰ ਵਿੱਚ ਵਰਜੀਨੀਆ ਗੁਰਦੁਆਰੇ ਦੇ ਨੁਮਾਇੰਦਾ ਦਲਵਿੰਦਰ ਸਿੰਘ ਚੱਠਾ ਨੇ ਆਈ ਸੰਗਤ ਅਤੇ ਬਾਹਰੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਬਹੁਤ ਹੀ ਸਰਲ, ਸੰਖੇਪ ਅਤੇ ਵਧੀਆ ਢੰਗ ਨਾਲ ਸੁਰਿੰਦਰ ਸਿੰਘ ਹੰਸਰਾ ਨੇ ਨਿਭਾਈ।

ਇਸ ਕੌਮੀ ਨਾਇਕ ਡਾ. ਅਮਰਜੀਤ ਸਿੰਘ ਹੋਰਾਂ ਦੀ ਮਾਤਾ ਨੂੰ ਸ਼ਰਧਾਂਜ਼ਲੀ ਦੇਣ ਲਈ ਕੀਤੇ ਸਮਾਗਮ ਵਿੱਚ ਲੋਕਲ ਸਿੱਖ ਪ੍ਰੀਵਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿੰਨ੍ਹਾਂ ਦਾ ਜ਼ਿਕਰ ਕਰਦਿਆਂ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਅਤੇ ਫੈਮਲੀ, ਜੱਸਾ ਸਿੰਘ, ਬਲਵਿੰਦਰ ਸਿੰਘ ਚੱਠਾ ਹੋਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ।

ਸ਼ਾਮ ਨੂੰ ਹਾਇਟ ਹੋਟਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਟੀ ਵੀ 84 ਅਤੇ ਕੌਮੀ ਮਸਲੇ ਵਿਚਾਰੇ ਗਏ।



Archive

RECENT STORIES