Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਨਜ਼ੀਰ ਹੱਤਿਆਕਾਂਡ 'ਚ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੋਸ਼ ਤੈਅ

Posted on August 21st, 2013

ਇਸਲਾਮਾਬਾਦ : ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ 'ਚ ਬੇਨਜ਼ੀਰ ਹੱਤਿਆਕਾਂਡ 'ਚ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਮੰਗਲਵਾਰ ਨੂੰ ਦੋਸ਼ ਤੈਅ ਕੀਤੇ ਗਏ। ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 2007 'ਚ ਇਕ ਰੈਲੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨ 'ਚ ਸਾਬਕਾ ਫ਼ੌਜ ਮੁਖੀ 'ਤੇ ਦੋਸ਼ ਲਾਉਣਾ ਅਨੋਖੀ ਘਟਨਾ ਹੈ। ਦੇਸ਼ ਦੇ 66 ਸਾਲ ਦੇ ਇਤਿਹਾਸ 'ਚ ਅੱਧੇ ਤੋਂ ਵੱਧ ਸਮਾਂ ਫ਼ੌਜ ਨੇ ਸ਼ਾਸਨ ਕੀਤਾ ਹੈ। ਸਰਕਾਰੀ ਵਕੀਲ ਚੌਧਰੀ ਮੁਹੰਮਦ ਅਜ਼ਹਰ ਨੇ ਦੱਸਿਆ ਕਿ ਬੀਤੇ ਚਾਰ ਮਹੀਨਿਆਂ ਤੋਂ ਨਜ਼ਰਬੰਦ ਚੱਲ ਰਹੇ ਮੁਸ਼ੱਰਫ 'ਤੇ ਹੱਤਿਆ, ਅਪਰਾਧਕ ਸਾਜ਼ਿਸ਼ ਰਚਣ ਅਤੇ ਹੱਤਿਆ 'ਚ ਮਦਦ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ 'ਚ ਦੋ ਪੁਲਸ ਅਧਿਕਾਰੀਆਂ ਸਮੇਤ 6 ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਹਾਲਾਂਕਿ ਸਾਬਕਾ ਫ਼ੌਜ ਮੁਖੀ ਨੇ ਅਦਾਲਤ 'ਚ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਖ਼ਾਰਜ ਕੀਤਾ। 

70 ਸਾਲਾ ਸਾਬਕਾ ਰਾਸ਼ਟਰਪਤੀ ਨੂੰ ਸਖ਼ਤ ਸੁਰੱਖਿਆ 'ਚ ਰਾਵਲਪਿੰਡੀ ਦੀ ਅੱਤਵਾਦ ਰੋਕੂ ਅਦਾਲਤ 'ਚ ਲਿਆਂਦਾ ਗਿਆ। ਦੋਸ਼ੀ ਸਾਬਤ ਹੋਣ 'ਤੇ ਮੁਸ਼ੱਰਫ ਨੂੰ ਉਮਰਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਉਨ੍ਹਾਂ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਦੀ ਸੂਚਨਾ ਸਕੱਤਰ ਆਸਿਆ ਇਸ਼ਹਾਕ ਨੇ ਕਿਹਾ, 'ਸਾਲ 2008 ਤਕ ਉਹ (ਮੁਸ਼ੱਰਫ) ਮੁਲਜ਼ਮਾਂ ਦੀ ਸੂਚੀ 'ਚ ਸ਼ਾਮਲ ਨਹੀਂ ਸਨ ਪਰ ਬਾਅਦ ਵਿਚ ਬੇਨਜ਼ੀਰ ਵਲੋਂ ਅਮਰੀਕੀ ਪੱਤਰਕਾਰ ਮਾਰਕ ਸੇਗਲ ਨੂੰ ਭੇਜੇ ਗਏ ਈ-ਮੇਲ ਦੇ ਆਧਾਰ 'ਤੇ ਉਨ੍ਹਾਂ ਨੂੰ ਮੁਲਜ਼ਮਾਂ 'ਚ ਸ਼ਾਮਲ ਕਰ ਲਿਆ ਗਿਆ।' 

ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਇਸ ਈ-ਮੇਲ 'ਤੇ ਅਦਾਲਤ ਨੇ ਵਿਚਾਰ ਕੀਤਾ ਤਾਂ ਬੇਨਜ਼ੀਰ ਵਲੋਂ ਮੁਸ਼ੱਰਫ ਨੂੰ ਭੇਜੀ ਗਈ ਮੇਲ 'ਤੇ ਵਿਚਾਰ ਕਿਉਂ ਨਹੀਂ ਕੀਤਾ, ਜਿਸ ਵਿਚ ਉਨ੍ਹਾਂ ਨੇ ਤਿੰਨ ਲੋਕਾਂ ਦੇ ਨਾਂ ਲਏ ਸੀ ਅਤੇ ਲਿਖਿਆ ਸੀ ਕਿ ਇਹ ਲੋਕ ਉਨ੍ਹਾਂ ਦੀ ਹੱਤਿਆ ਕਰਵਾਉਣਾ ਚਾਹੁੰਦੇ ਹਨ। ਬੇਨਜ਼ੀਰ ਦੀ ਦਸੰਬਰ 2007 'ਚ ਰਾਵਲਪਿੰਡੀ 'ਚ ਇਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਵੇਲੇ ਮੁਸ਼ੱਰਫ ਦੇਸ਼ ਦੇ ਰਾਸ਼ਟਰਪਤੀ ਸਨ। ਉਨ੍ਹਾਂ ਬੇਨਜ਼ੀਰ ਦੀ ਹੱਤਿਆ ਲਈ ਤਾਲਿਬਾਨ ਮੁਖੀ ਬੈਤੁੱਲਾ ਮਹਿਸੂਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਮਹਿਸੂਦ ਨੇ ਇਸ ਹੱਤਿਆਕਾਂਡ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। 2009 'ਚ ਅਮਰੀਕੀ ਡਰੋਨ ਹਮਲੇ 'ਚ ਮਹਿਸੂਦ ਮਾਰਿਆ ਗਿਆ ਸੀ। ਮੁਸੱਰਫ ਨੂੰ ਫਿਲਹਾਲ ਇਸਲਾਮਾਬਾਦ ਦੇ ਬਾਹਰੀ ਇਲਾਕੇ ਚਕ ਸ਼ਹਿਜ਼ਾਦ ਸਥਿਤ ਉਨ੍ਹਾਂ ਦੇ ਫਾਰਮ ਹਾਊਸ 'ਚ ਰੱਖਿਆ ਗਿਆ ਹੈ, ਜਿਸ ਨੂੰ ਉਪ ਜੇਲ੍ਹ ਐਲਾਨ ਕੀਤਾ ਗਿਆ ਹੈ।




Archive

RECENT STORIES