Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਰੁਣਾਚਲ ਵਿੱਚ 20 ਕਿਲੋਮੀਟਰ ਤੱਕ ਅੰਦਰ ਤੱਕ ਦਾਖ਼ਲ ਹੋ ਗਏ ਚੀਨੀ

Posted on August 21st, 2013


ਈਟਾਨਗਰ: ਚੀਨੀ ਫ਼ੌਜ ਨੇ ਹਾਲ ਹੀ ਦੌਰਾਨ ਜਿਸ ਤਰ੍ਹਾਂ ਲੱਦਾਖ ਵਿੱਚ ਘੁਸਪੈਠ ਕਰਕੇ ਭਾਰਤੀ ਫ਼ੌਜ ਨਾਲ ਟਕਰਾਅ ਦੀ ਸਥਿਤੀ ਪੈਦਾ ਕੀਤੀ ਸੀ, ਉਸੇ ਤਰ੍ਹਾਂ ਉਸ ਦੇ ਫ਼ੌਜੀ ਬੀਤੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਚਗਲਾਗ਼ਾਮ ਇਲਾਕੇ ਵਿੱਚ ਭਾਰਤੀ ਸਰਹੱਦ ’ਚ 20 ਕਿਲੋਮੀਟਰ ਤੋਂ ਜ਼ਿਆਦਾ ਅੰਦਰ ਤੱਕ ਦਾਖ਼ਲ ਹੋ ਗਏ ਸਨ। ਉਹ ਉੱਥੇ ਚਾਰ ਦਿਨਾਂ ਤੋਂ ਵੱਧ ਸਮੇਂ ਤੱਕ ਰਹੇ। ਸੂਤਰਾਂ ਨੇ ਇੱਥੇ ਦੱਸਿਆ ਕਿ ਘੁਸਪੈਠ 13 ਅਗਸਤ ਨੂੰ ਹੋਈ, ਜਦੋਂ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨ ਭਾਰਤੀ ਫ਼ੌਜ ਵੱਲੋਂ ਰੋਕੇ ਜਾਣ ਦੇ ਬਾਵਜੂਦ ਅਰੁਣਾਚਲ ਪ੍ਰਦੇਸ਼ ’ਚ ਦਾਖ਼ਲ ਹੋ ਗਏ।

ਦਿੱਲੀ ਵਿੱਚ ਸੂਤਰਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਨੂੰ ਇਲਾਕਾ ਛੱਡਣ ਦੇ ਬੈਨਰ ਵੀ ਵਿਖਾਏ। ਤਾਜ਼ਾ ਰਿਪੋਰਟਾਂ ਅਨੁਸਾਰ ਚੀਨੀ ਫ਼ੌਜ ਦੋ ਦਿਨਾਂ ਮਗਰੋਂ ਵਾਪਸ ਚਲੀ ਗਈ। ਈਟਾਨਗਰ ਵਿਚਲੇ ਸੂਤਰਾਂ ਮੁਤਾਬਕ ਚੀਨੀ ਫ਼ੌਜੀ ਬਾਰਡਰ ਪਰਸਨਲ ਮੀਟਿੰਗ ਦੇ 15 ਮਿੰਟਾਂ ਮਗਰੋਂ ਮੁੜ ਗਏ। ਸੂਤਰਾਂ ਨੇ ਕਿਹਾ, ‘‘ਉਹ ਆਏ ਸਨ ਤੇ ਚਲੇ ਗਏ। ਭਾਰਤੀ ਜਵਾਨ ਹੁਣ ਮੌਕੇ ’ਤੇ ਕਾਫ਼ੀ ਗਿਣਤੀ ਵਿੱਚ ਮੌਜੂਦ ਹਨ।’’ ਚਗਲਾਗ਼ਾਮ ਇਲਾਕੇ ਨੂੰ ਅਸਲ ਨਿਯੰਤਰਣ ਰੇਖਾ (ਐਲਏਸੀ) ਦੇ ਅਕਾਰ ਕਾਰਨ ‘ਫਿਸ਼ ਟੌਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਚੀਨੀ ਫ਼ੌਜੀ ਪਹਿਲਾਂ ਵੀ ਘੁਸਪੈਠ ਕਰਦੇ ਰਹੇ ਹਨ, ਪਰ ਉਹ ਤੁਰੰਤ ਮੁੜ ਜਾਂਦੇ ਸਨ। ਚੀਨ ਪੂਰੇ ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਕਰਦਾ ਹੈ, ਜਿਸ ਨੂੰ ਭਾਰਤ ਖਾਰਜ ਕਰਦਾ ਹੈ। ਉਧਰ ਦਿੱਲੀ ਵਿੱਚ ਥਲ ਸੈਨਾ ਦੇ ਹੈੱਡਕੁਆਰਟਰ ਤੇ ਵਿਦੇਸ਼ ਮੰਤਰਾਲੇ, ਦੋਵਾਂ ਨੇ ਇਸ ਘਟਨਾ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ।

ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਭਾਰਤ ਨੇ ਚੀਨ ਕੋਲ ਅਰੁਣਾਚਲ ਪ੍ਰਦੇਸ਼ ਵਿੱਚ ਘੁਸਪੈਠ ਦਾ ਮੁੱਦਾ ਚੁੱਕਿਆ ਹੈ ਤਾਂ ਉਨ੍ਹਾਂ ਕਿਹਾ, ‘‘ਅਸੀਂ ਕੂਟਨੀਤਕ ਪ੍ਰਕਿਰਿਆਵਾਂ ਵਿੱਚ ਅਜਿਹੀਆਂ ਮਾਮੂਲੀ ਚੀਜ਼ਾਂ ਨੂੰ ਤਵੱਜੋ ਨਹੀਂ ਦਿੰਦੇ। ਕੀ ਹੋਇਆ ਜਾਂ ਕੀ ਨਹੀਂ ਹੋਇਆ, ਇਸ ਦਾ ਜਵਾਬ ਸਾਡੀ ਸਰਹੱਦ ’ਤੇ ਮੌਜੂਦ ਪਹਿਰੇਦਾਰਾਂ ਨੇ ਦੇਣਾ ਹੈ। ਉਨ੍ਹਾਂ ਨੂੰ ਅਸਲੀ ਹਾਲਾਤ ਬਾਰੇ ਪਤਾ ਹੈ ਤੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਦਾ ਜਵਾਬ ਦਿੱਤਾ ਹੈ। ਫ਼ੌਜ ਇਸ ਬਾਰੇ ਆਪਣਾ ਖੰਡਨ ਦੇ ਚੁੱਕੀ ਹੈ ਤੇ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ।’’ ਥਲ ਸੈਨਾ ਦੇ ਹੈੱਡਕੁਆਰਟਰ ਨੇ ਕਿਹਾ ਕਿ ਚੀਨੀ ਫ਼ੌਜੀ ਵਾਪਸ ਚਲੇ ਗਏ ਸਨ। ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਦੇ ਦਾਅਵੇ ਵਾਲੇ ਖੇਤਰਾਂ ਵਿੱਚ ਦਾਖ਼ਲ ਹੁੰਦੀਆਂ ਰਹਿੰਦੀਆਂ ਹਨ, ਉਹ ਐਲਏਸੀ ਦੇ ਵਿਵਾਦ ਖੇਤਰ ਵਿੱਚ ਗਸ਼ਤ ਕਰਦੇ ਹਨ।’’ ਅਪਰੈਲ ਵਿੱਚ ਚੀਨੀ ਫ਼ੌਜੀ ਭਾਰਤੀ ਖੇਤਰ ਦੇ 19 ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਏ ਸਨ। ਲੱਦਾਖ ਦੇ ਦੇਪਸਾਂਗ ਵਿੱਚ ਤਾਂ ਉਨ੍ਹਾਂ ਨੇ ਆਪਣੇ ਤੰਬੂ ਗੱਡ ਲਏ ਸਨ। ਉਹ ਤਿੰਨ ਹਫ਼ਤਿਆਂ ਮਗਰੋਂ ਡੂੰਘੀ ਕੂਟਨੀਤਕ ਗੱਲਬਾਤ ਮਗਰੋਂ ਪਰਤੇ। ਫ਼ੌਜ ਦੇ ਸੂਤਰਾਂ ਅਨੁਸਾਰ ਬੀਤੇ ਅੱਠ ਮਹੀਨਿਆਂ ਵਿੱਚ ਚੀਨ ਵੱਲੋਂ 150 ਤੋਂ ਜ਼ਿਆਦਾ ਵਾਰ ਘੁਸਪੈਠ ਕੀਤੀ ਗਈ, ਭਾਰਤੀ ਫ਼ੌਜੀ ਵੀ ਗਸ਼ਤ ਕਰਦੇ ਉਸ ਦੇ ਇਲਾਕੇ ਵਿੱਚ ਦਾਖ਼ਲ ਹੋਏ। 



Archive

RECENT STORIES