Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਣਡੁੱਬੀ ਧਮਾਕੇ ’ਚ ਸਾਬੋਤਾਜ ਤੋਂ ਇਨਕਾਰ ਨਹੀਂ: ਐਂਟਨੀ

Posted on August 22nd, 2013


ਨਵੀਂ ਦਿੱਲੀ- ਰੱਖਿਆ ਮੰਤਰੀ ਏਕੇ ਐਂਟਨੀ ਨੇ ਅੱਜ ਕਿਹਾ ਕਿ ਜਲ ਸੈਨਾ ਦੀ ਪਣਡੁੱਬੀ ਆਈਐਨਐਸ ਸਿੰਧੂਰਕਸ਼ਕ ਵਿੱਚ ਹੋਏ ਧਮਾਕੇ ਪਿੱਛੇ ਸਾਬੋਤਾਜ ਦੀ ਕਾਰਵਾਈ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਅਤੇ ਇਸ ਘਟਨਾ ਕਾਰਨ ਦੇਸ਼ ਦੇ ਜਲ ਹਿੱਤਾਂ ਦੀ ਰਾਖੀ ਕਰਨ ਲਈ ਸੈਨਾ ਦੀ ਕਾਬਲੀਅਤ ’ਤੇ ਪਰਛਾਵਾਂ ਪਿਆ ਹੈ। 14 ਅਗਸਤ ਨੂੰ ਪਣਡੁੱਬੀ ਵਿੱਚ ਵਾਪਰੇ ਹਾਦਸੇ ਬਾਰੇ ਰਾਜ ਸਭਾ ਵਿੱਚ ਜਵਾਬ ਦਿੰਦਿਆਂ ਸ੍ਰੀ ਐਂਟਨੀ ਨੇ ਦੱਸਿਆ ਕਿ ਪਣਡੁੱਬੀ ਅਤੇ ਇਸ ਦੇ ਹਥਿਆਰਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਰਾਹਤ ਕਾਰਜਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਸ੍ਰੀ ਐਂਟਨੀ ਨੇ ਕਿਹਾ, ‘‘ਜਲ ਸੈਨਾ ਨੇ ਬੋਰਡ ਆਫ ਇਨਕੁਆਰੀ ਦਾ ਹੁਕਮ ਦਿੱਤਾ ਹੈ ਅਤੇ ਇਹ ਪੂਰੀ ਸੰਜੀਦਗੀ ਨਾਲ ਸ਼ੁਰੂ ਕੀਤੀ ਗਈ ਹੈ। ਇਸ ਨੂੰ ਘਟਨਾ ਦੇ ਕਾਰਨਾਂ ਦੇ ਹਰ ਪੱਖ ਤੋਂ ਘੋਖ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਕੁਝ ਵੀ ਰੱਦ ਨਹੀਂ ਕੀਤਾ ਗਿਆ। ਜਾਂਚ ਦੌਰਾਨ ਸਾਰੇ ਸੰਭਾਵੀ ਪੱਖਾਂ ਦੀ ਘੋਖ ਕੀਤੀ ਜਾਵੇਗੀ।’’

ਭਾਜਪਾ ਦੇ ਚੰਦਨ ਮਿਤਰਾ ਅਤੇ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਸਮੇਤ ਕਈ ਮੈਂਬਰਾਂ ਨੇ ਇਹ ਜਾਣਨਾ ਚਾਹਿਆ ਸੀ ਕਿ ਧਮਾਕੇ ਪਿੱਛੇ ਕੋਈ ਸਾਬੋਤਾਜ ਦੀ ਕਾਰਵਾਈ ਹੋ ਸਕਦੀ ਹੈ। ਰੱਖਿਆ ਮੰਤਰੀ ਨੇ ਕਿਹਾ,  ‘‘ਫਿਲਹਾਲ ਅਸੀਂ ਘਟਨਾ ਦੇ ਕਾਰਨ ਬਾਰੇ ਠੋਸ ਰੂਪ ਵਿੱਚ ਕੁਝ ਨਹੀਂ ਕਹਿ ਸਕਦੇ। ਸਾਡੇ ਹਥਿਆਰਬੰਦ ਦਸਤੇ ਇਨ੍ਹਾਂ ਪੱਖਾਂ ਬਾਰੇ ਜੰਗੀ ਪੱਧਰ ’ਤੇ ਕੰਮ ਕਰਦੇ ਹਨ ਅਤੇ ਉਹ ਇਸ ਮੁੱਦੇ ਪ੍ਰਤੀ ਬਹੁਤ ਤਾਂਘ ਰੱਖਦੇ ਹਨ।
ਪਣਡੁੱਬੀ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਤੇ ਇਸ ਦਾ ਸਾਜ਼ੋ-ਸਾਮਾਨ ਇਕੱਤਰ ਕਰਨ ਵਿੱਚ ਪੰਜ ਕੌਮਾਂਤਰੀ ਤੇ ਭਾਰਤੀ ਕੰਪਨੀਆਂ ਲਾਈਆਂ ਗਈਆਂ ਹਨ। ਰੂਸੀ ਮਾਹਰਾਂ ਦੀ ਇੱਕ ਟੀਮ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।

ਸ੍ਰੀ ਐਂਟਨੀ ਨੇ ਕਿਹਾ ਕਿ ਇਸ ਹਾਦਸੇ ਕਾਰਨ ਦੇਸ਼ ਦੇ ਸਮੁੰਦਰੀ ਕੰਢਿਆਂ ਅਤੇ ਵਿਸ਼ਾਲ ਜਲ ਖੇਤਰ ਦੀ ਸੁਰੱਖਿਆ ਕਰਨ ਲਈ ਜਲ ਸੈਨਾ ਦੀ ਕਾਬਲੀਅਤ ਉੱਤੇ ਅਸਰ ਪਿਆ ਹੈ। ਜਲ ਸੈਨਾ ਦੇ ਗੋਤਾਖੋਰ ਹਾਦਸੇ ਵਾਲੀ ਜਗ੍ਹਾ ਤੋਂ ਧਾਤਾਂ ਅਤੇ ਜਲਿਆ-ਸੜਿਆ ਸਾਮਾਨ ਲੱਭ ਰਹੇ ਹਨ ਅਤੇ ਤਫ਼ਤੀਸ਼ਕਾਰਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਣਡੁੱਬੀ ’ਤੇ ਲੱਗੇ ਹੋਰ ਹਥਿਆਰਾਂ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਜਲ ਸੈਨਾ ਦੇ ਅਸਲਾਖ਼ਾਨੇ ਦੇ ਮੁਖੀ ਇੱਕ ਮਿਜ਼ਾਈਲ ਅੱਡੇ ਦੇ ਕਮਾਂਡਿੰਗ ਅਫਸਰ ’ਤੇ ਆਧਾਰਤ ਟੀਮ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਵਿਸਫੋਟਕਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਪਣਡੁੱਬੀ ਦੀ ਨਿਸਤਾਰਾ ਮੁਹਿੰਮ ਨਾਲ ਜੁੜੇ ਹੋਏ ਜੋਖ਼ਮਾਂ ਦਾ ਅਧਿਐਨ ਕਰਨ ਦਾ ਇਸ ਟੀਮ ਨੂੰ ਜ਼ਿੰਮਾ ਸੌਂਪਿਆ ਗਿਆ ਹੈ ਕਿਉਂਕਿ ਇਹ ਖ਼ਦਸ਼ਾ ਸੀ ਕਿ ਹੋਰ ਧਮਾਕੇ ਵੀ ਹੋ ਸਕਦੇ ਹਨ।’’

ਇਹ ਪਣਡੁੱਬੀ ਰੂਸ ਵਿੱਚ ਦੁਬਾਰਾ ਤਿਆਰ ਕਰਵਾਈ ਗਈ ਸੀ ਜਿਸ ’ਤੇ ਕਾਫ਼ੀ ਪੈਸਾ ਖਰਚ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਇਸ ਪਣਡੁੱਬੀ ਨੂੰ ਛੇਤੀ ਤੋਂ ਛੇਤੀ ਬਾਹਰ ਕੱਢ ਲਵਾਂਗੇ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।’’ 



Archive

RECENT STORIES