Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਰਬਾਰ ਸਾਹਿਬ ਵਿਖੇ ਸੋਨੇ ਤੇ ਨਕਾਸ਼ੀ ਦੀ ਸੇਵਾ ਮਾਹਿਰਾਂ ਦੀ ਸਲਾਹ ਮੁਤਾਬਿਕ ਹੋਵੇਗੀ

Posted on August 23rd, 2013


ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਨਕਾਸ਼ੀ ਦੀ ਮੁਰੰਮਤ ਦੀ ਸੇਵਾ ਹੁਣ ਇਸ ਸਬੰਧੀ ਮਾਹਰਾਂ ਦੀ ਜਾਂਚ ਰਿਪੋਰਟ ਆਉਣ ਮਗਰੋਂ ਸ਼ੁਰੂ ਹੋਵੇਗੀ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕਾਰਜ ਸੇਵਾ ਵਾਲੇ ਬਾਬਿਆਂ ਕੋਲੋਂ ਕਰਾਉਣ ਦਾ ਫੈਸਲਾ ਕੀਤਾ ਹੈ।

ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਵਿਖੇ ਲੱਗੇ ਸੋਨੇ ਦੇ ਪੱਤਰਿਆਂ ਦਾ ਰੰਗ ਖ਼ਰਾਬ ਹੋ ਰਿਹਾ ਹੈ ਅਤੇ ਇਸੇ ਤਰ੍ਹਾਂ ਨਕਾਸ਼ੀ ਵੀ ਖ਼ਰਾਬ ਹੋ ਰਹੀ ਹੈ ਜਿਸਦੀ ਸਾਂਭ-ਸੰਭਾਲ ਲਈ ਮੁਰੰਮਤ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਨੇ ਇਹ ਕਾਰਜ ਕਾਰ ਸੇਵਾ ਸੰਪਰਦਾ ਦੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਕੋਲੋਂ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸੇਵਾ 18 ਅਗਸਤ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਲੇਕਿਨ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ- ਸੰਭਾਲ ਕਰਨ ਵਾਲੇ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਦੱਸਿਆ ਕਿ ਮਾਹਰਾਂ ਦੀ ਟੀਮ ਵੱਲੋਂ ਇੱਥੇ ਲਗਾਤਾਰ ਜਾਂਚ ਸਬੰਧੀ ਦੌਰੇ ਕੀਤੇ ਜਾ ਰਹੇ ਹਨ। ਇਨ੍ਹਾਂ ਮਾਹਰਾਂ ਵਿੱਚ ਰਾਜਸਥਾਨ ਤੋਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਦੇ ਮਾਹਰ ਸ਼ਾਮਲ ਹਨ। ਮਾਹਰਾਂ ਦੀ ਟੀਮ ਵੱਲੋਂ ਇਸ ਸਬੰਧੀ ਰਿਪੋਰਟ ਛੇਤੀ ਹੀ ਸੌਂਪ ਦਿੱਤੀ ਜਾਵੇਗੀ। ਇਸ ਰਿਪੋਰਟ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਹਰਾਂ ਦੀ ਟੀਮ ਨੇ ਖਰਾਬ ਹੋ ਰਹੇ ਸੋਨੇ ਦੇ ਪੱਤਰਿਆਂ ਤੇ ਨਕਾਸ਼ੀ ਬਾਰੇ ਅਧਿਐਨ ਕੀਤਾ ਹੈ। ਉਨ੍ਹਾਂ ਇਨ੍ਹਾਂ ਦੇ ਖਰਾਬ ਹੋਣ ਦੇ ਕਾਰਨਾਂ ਬਾਰੇ ਵੀ ਪਤਾ ਲਾਇਆ ਹੈ। ਉਨ੍ਹਾਂ ਆਖਿਆ ਕਿ ਮੁਰੰਮਤ ਸਬੰਧੀ ਕੰਮ ਮਾਹਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ ਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੱਚਖੰਡ ਵਿਖੇ ਸੋਨੇ ਤੇ ਨਕਾਸ਼ੀ ਦੀ ਸੇਵਾ, ਕਾਰ ਸੇਵਾ ਵਾਲੇ ਬਾਬਿਆਂ ਕੋਲੋਂ ਕਰਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਸੁਝਾਅ ਦਿੱਤਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਬਾਹਰੀ ਤੇ ਅੰਦਰੂਨੀ ਮੁਰੰਮਤ ਦੀ ਸੇਵਾ ਸਿਰਫ ਮਾਹਰਾਂ ਰਾਹੀਂ ਹੀ ਹੋਣੀ ਚਾਹੀਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਦੇ ਬਾਹਰ ਲੱਗੇ ਸੋਨੇ ਦੀ ਸੇਵਾ 1995 ਤੋਂ 1999 ਤੱਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ਕਰਾਈ ਗਈ ਸੀ ਲੇਕਿਨ ਇਸ ਸੇਵਾ ਤੋਂ ਬਾਅਦ ਸੋਨੇ ਦਾ ਰੰਗ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ ਜਿਸਨੂੰ ਹੁਣ ਹਰ ਵਰ੍ਹੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਢੰਗ ਤਰੀਕੇ ਨਾਲ ਧੁਆਈ ਕਰਵਾ ਕੇ ਠੀਕ ਕੀਤਾ ਜਾਂਦਾ ਹੈ।



Archive

RECENT STORIES