Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲਾਂ ਲਈ ਸਬਕ…...........

Posted on August 23rd, 2013

ਇਕ ਆਗੂ, ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਖ਼ਵਾਉਂਦਾ ਹੋਵੇ, ਜੇ ਉਸ ਵਿਰੁੱਧ ਸਿੱਖਾਂ ਨੂੰ ਹੀ ਭੋਰਾ ਭਰੋਸਾ ਨਾ ਹੋਵੇ, ਸਗੋਂ ਵਿਰੋਧ, ਰੋਸ ਤੇ ਰੋਹ ਹੋਵੇ, ਫਿਰ ਉਸਨੂੰ ਇਹ ਸਮਝਣ ਲੈਣਾ ਜ਼ਰੂਰੀ ਹੈ ਕਿ ਆਖ਼ਰ ਆਪਣਿਆਂ ਦੇ ਵਿਰੋਧ ਤੇ ਬਿਗਾਨਿਆਂ ਦੀ ਡੰਗੋਰੀ ਸਦਕਾ, ਉਹ ਕਿੰਨੀ ਕੁ ਦੂਰ ਤੱਕ ਚੱਲ ਸਕੇਗਾ? 

- ਜਸਪਾਲ ਸਿੰਘ ਹੇਰਾਂ (ਸੰਪਾਦਕ- ਪਹਿਰੇਦਾਰ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਨੇਡਾ ਦੌਰਾ, ਫਿਰ ਦੂਜੀ ਵਾਰ ਮੁਲਤਵੀ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ, ਜਿਹੜਾ ਹੁਣ ਸਿਰਫ਼ ਬਾਦਲ ਦਲ ਰਹਿ ਗਿਆ ਹੈ, ਉਸ ਦੇ ਮੁੱਖੀ ਲਈ ਇਹ ਵੱਡਾ ਸਬਕ ਹੈ, ਜਿਸਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਸੁਖਬੀਰ ਵੱਲੋਂ ਭਾਵੇਂ ਦੌਰਾ ਮੁਲਤਵੀ ਕਰਨ ਪਿੱਛੇ ਕਨੇਡਾ ਸਰਕਾਰ ਵੱਲੋਂ ਉਸਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਇਨਕਾਰ ਕੀਤਾ ਜਾਣਾ ਦੱਸਿਆ ਹੈ, ਪ੍ਰੰਤੂ ਜਿਹੜਾ ਅਸਲ ਕਾਰਣ ਕੀ ਹੈ, ਉਸਨੂੰ ਸੁਖਬੀਰ ਅਤੇ ਸਾਰੀ ਦੁਨੀਆ ਖ਼ਾਸ ਕਰਕੇ ਸਿੱਖ ਬਾਖ਼ੂਬੀ ਜਾਣਦੇ ਹਨ। ਜਿਵੇਂ ਅਸੀਂ ਪਹਿਲਾ ਕਈ ਵਾਰ ਲਿਖਿਆ ਹੈ ਕਿ ਜਿਸ ਸਿੱਖ ਦੇ ਮਨ ‘ਚ ਸਿੱਖੀ ਲਈ ਰੰਚਕ ਮਾਤਰ ਵੀ ਦਰਦ ਹੈ, ਪਿਆਰ ਹੈ, ਭਾਵਨਾ ਹੈ, ਉਸ ਦੇ ਮਨ ‘ਚ ਇਹ ਧਾਰਣਾ ਪੱਕੀ ਹੋ ਚੁੱਕੀ ਹੈ ਕਿ ਜਿਨ੍ਹਾਂ ਨੁਕਸਾਨ ਸਿੱਖੀ ਦਾ, ਸਿੱਖ ਕੌਮ ਦਾ ਬਾਦਲ ਪਰਿਵਾਰ ਨੇ ਕਰ ਦਿੱਤਾ, ਸ਼ਾਇਦ ਹੁਣ ਤੱਕ ਕਿਸੇ ਸਿੱਖ ਦੁਸ਼ਮਣ ਤਾਕਤ ਨੇ ਵੀ ਨਹੀਂ ਕੀਤਾ ਹੋਣਾ। 

ਸ਼੍ਰੋਮਣੀ ਅਕਾਲੀ ਦਲ ਦਾ ਸਿੱਖ ਮੁੱਦਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ, ਭਗਵਾਂ ਬ੍ਰਿਗੇਡ ਦੀ ਝੋਲੀ ਪੈ ਜਾਣ ਕਾਰਣ, ਸਿੱਖੀ ਸਿਧਾਂਤਾਂ, ਸਿੱਖ ਪ੍ਰੰਪਰਾਵਾਂ, ਸਿੱਖ ਵਿਰਸੇ ਤੇ ਸਿੱਖ ਇਤਿਹਾਸ ਦਾ ਵੱਡਾ ਘਾਣ ਹੋਇਆ ਹੈ, ਸਿੱਖੀ ਨੂੰ ਅੱਜ ਲੱਗੇ ਵੱਡੇ ਖੋਰੇ ਦਾ ਵੱਡਾ ਕਾਰਣ ਵੀ ਇਹੋ ਹੈ, ਇਸ ਲਈ ਹਰ ਪੰਥ ਦਰਦੀ ਸਿੱਖ ਦੇ ਮਨ ‘ਚ ਬਾਦਲ ਪ੍ਰਤੀ ਇਕ ਕੁੜੱਤਣ ਪੈਦਾ ਹੋ ਚੁੱਕੀ ਹੈ। ਪੰਜਾਬ ‘ਚ ਬਾਦਲ ਦਾ ਏਕਾ ਅਧਿਕਾਰ ਵਾਲਾ ਰਾਜ ਹੈ, ਵਿਰੋਧੀ ਦੀ ਅਵਾਜ਼ ਦਬਾਉਣੀ, ਉਸਦਾ ਮੂੰਹ ਬੰਦ ਕਰਨਾ, ਇਨ੍ਹਾਂ ਲਈ ਖੱਬੇ ਹੱਥ ਦੀ ਖੇਡ ਹੈ, ਇਸ ਲਈ ਬਹੁਗਿਣਤੀ ਸਿੱਖ ਜਾਂ ਤਾਂ ਆਪਣੇ ਸੁਆਰਥ, ਲੋਭ-ਲਾਲਸਾ ਦੀ ਪੂਰਤੀ ਲਈ ਬਾਦਲਾਂ ਦੇ ਚਾਪਲੂਸ ਹੋ ਗਏ ਹਨ, ਜਾਂ ਫਿਰ ਦੜ੍ਹ ਵੱਟ ਗਏ ਹਨ, ”ਆਪਾ ਨੂੰ ਕੀ!” ਵਾਲੀ ਭਾਵਨਾ ਵੀ ਕੌਮ ‘ਚ ਪੈਦਾ ਹੋ ਚੁੱਕੀ ਹੈ। ਇਸ ਕਾਰਣ ਬਾਦਲਾਂ ਦੀ ਸਿੱਖ ਵਿਰੋਧੀ ਤੇ ਸਿੱਖੀ ਮਾਰੂ ਸੋਚ ਤੇ ਨੀਤੀ ਦਾ ਖੁੱਲ੍ਹਾ ਵਿਰੋਧ ਪੰਜਾਬ ਦੀ ਧਰਤੀ ਤੇ ਨਹੀਂ ਹੋ ਰਿਹਾ। ਪ੍ਰੰਤੂ ਵਿਦੇਸ਼ਾਂ ‘ਚ ਬੈਠੇ ਸਿੱਖਾਂ ਨੂੰ ਜਿਥੇ ਖੁੱਲ੍ਹੀ ਦੁਨੀਆ ‘ਚ ਖੁਲੀ ਸੋਚ ਨਾਲ ਫਿਰ ਕੇ ਸਿੱਖ ਧਰਮ ਦੀ ਮਹਾਨਤਾ ਦਾ ਅਹਿਸਾਸ ਹੋਇਆ ਹੈ, ਉਥੇ ਗੁਲਾਮੀ ਦੀ ਜ਼ਿੱਲਤ ਦਾ ਕੌੜਾ ਅਨੁਭਵ ਹੋਇਆ ਹੈ, ਉਹ ਸਿੱਖ, ਬਾਦਲ ਪਰਿਵਾਰ ਦੀ ਸਿੱਖ ਮਾਰੂ ਨੀਤੀ ਦਾ ਡੱਟਵਾ ਵਿਰੋਧ, ਜਦੋਂ ਵੀ, ਜਿਥੇ ਵੀ ਮੌਕਾ ਲੱਗਦਾ ਹੈ, ਜ਼ਰੂਰ ਕਰਦੇ ਹਨ। 

ਕਨੇਡਾ ਦੇ ਸਿੱਖਾਂ ਨੇ ਜਿੱਥੇ ਸੁਖਬੀਰ ਦੀ ਆਮਦ ਤੇ ਉਸਦਾ ਸਿੱਖ ਵਿਰੋਧੀ ਨੀਤੀਆਂ ਕਾਰਣ ਵਿਰੋਧ ਕਰਨ ਦਾ ਫੈਸਲਾ ਲਿਆ ਸੀ, ਉਥੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਦੀਆਂ ਮੱਦਾਂ ਨੂੰ ਲੈ ਕੇ ਸੁਖਬੀਰ ਨੂੰ ਕਾਨੂੰਨੀ ਪੇਚਦਗੀਆਂ ‘ਚ ਫਸਾਉਣ ਦਾ ਐਲਾਨ ਵੀ ਕੀਤਾ ਹੋਇਆ ਸੀ। ਇਕ ਆਗੂ, ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਖ਼ਵਾਉਂਦਾ ਹੋਵੇ, ਜੇ ਉਸ ਵਿਰੁੱਧ ਸਿੱਖਾਂ ਨੂੰ ਹੀ ਭੋਰਾ ਭਰੋਸਾ ਨਾ ਹੋਵੇ, ਸਗੋਂ ਵਿਰੋਧ, ਰੋਸ ਤੇ ਰੋਹ ਹੋਵੇ, ਫਿਰ ਉਸਨੂੰ ਇਹ ਸਮਝਣ ਲੈਣਾ ਜ਼ਰੂਰੀ ਹੈ ਕਿ ਆਖ਼ਰ ਆਪਣਿਆਂ ਦੇ ਵਿਰੋਧ ਤੇ ਬਿਗਾਨਿਆਂ ਦੀ ਡੰਗੋਰੀ ਸਦਕਾ, ਉਹ ਕਿੰਨੀ ਕੁ ਦੂਰ ਤੱਕ ਚੱਲ ਸਕੇਗਾ? 

ਅਸੀਂ ਸੁਖਬੀਰ ਬਾਦਲ ਵੱਲੋਂ ਦੌਰਾ ਰੱਦ ਕਰ ਦੇਣ ਦੇ ਫੈਸਲੇ ਦੀ ਸ਼ਲਾਘਾ ਤਾਂ ਕਰਦੇ ਹਾਂ, ਕਿਉਂਕਿ ਇਸ ਨਾਲ ਸਿੱਖਾਂ ਦੀ ਦੁਨੀਆ ‘ਚ ਹੋਣ ਵਾਲੀ ਕਿਰਕਿਰੀ ਜ਼ਰੂਰ ਬੱਚ ਗਈ ਹੈ, ਕਿਉਂਕਿ ਅੰਤਰਰਾਸ਼ਟਰੀ ਮੀਡੀਏ ਨੇ ਤਾਂ ਸਿੱਖਾਂ ਨੂੰ ਸਿੱਖਾਂ ਨਾਲ ਲੜਦੇ ਹੀ ਵਿਖਾਉਣਾ ਸੀ, ਅੰਦਰੂਨੀ ਤੇ ਅਸਲ ਕਾਰਣ ਕੀ ਹਨ? ਉਨ੍ਹਾਂ ਦੀ ਘੋਖ-ਪੜਤਾਲ ਤਾਂ ਕਿਸ ਨੇ ਕਰਨੀ ਸੀ। ਪ੍ਰੰਤੂ ਅਸੀਂ ਸੁਖਬੀਰ ਨੂੰ ਇਸ ਘਟਨਾ ਤੋਂ ਸਬਕ ਲੈਣ ਦੀ ਨਸੀਹਤ ਜ਼ਰੂਰ ਕਰਾਂਗੇ। ਹਾਕਮ ਲਈ ਆਪਣੇ ਲੋਕਾਂ ਦੇ ਦਿਲ ਜਿੱਤਣੇ ਸਭ ਤੋਂ ਜ਼ਰੂਰੀ ਹੁੰਦੇ ਹਨ। ਨੋਟ, ਨਸ਼ੇ ਜਾਂ ਡਾਂਗ ਦੇ ਸਿਰ ਤੇ ਵੋਟਾਂ ਲੈ ਕੇ, ਤੁਸੀਂ ਰਾਜ-ਭਾਗ ਦੇ ਮਾਲਕ ਤਾਂ ਬਣ ਸਕਦੇ ਹੋ? ਪ੍ਰੰਤੂ ਲੋਕ ਦਿਲਾਂ ਦੇ ਰਾਜੇ ਨਹੀਂ ਬਣ ਸਕਦੇ ਅਤੇ ਜਿਸ ਰਾਜੇ ਨੂੰ ਜਨਤਾ ਆਪਣੀ ਅੱਖਾਂ ਦੀਆਂ ਪਲਕਾਂ ਤੇ ਨਹੀਂ ਬਿਠਾਉਂਦੀ, ਉਹ ਕਦੇ ਵੀ ਲੰਬਾ ਸਮਾਂ ਰਾਜ ਨਹੀਂ ਕਰ ਸਕਦਾ ਅਤੇ ਨਾ ਹੀ ਇਤਿਹਾਸ ਦੇ ਪੰਨਿਆਂ ‘ਚ ਅਮਰ ਹੋ ਸਕਦਾ ਹੈ। 

ਪੰਜਾਬ ਲਈ, ਖ਼ਾਸ ਕਰਕੇ ਸਿੱਖ ਕੌਮ ਲਈ ਵਿਦੇਸ਼ਾਂ ‘ਚ ਬੈਠੇ ਸਿੱਖਾਂ ਦੀ ਵੱਡੀ ਮਹੱਤਤਾ ਹੈ, ਇਸ ਲਈ ਜੇ ਕੋਈ ਲਹਿਰ ਵਿਦੇਸ਼ਾਂ ‘ਚ ਬੈਠੇ ਸਿੱਖਾਂ ‘ਚ ਚੱਲਦੀ ਹੈ, ਉਸਦਾ ਪ੍ਰਭਾਵ, ਪੰਜਾਬ ਤੇ ਪੈਣਾ ਲਾਜ਼ਮੀ ਹੈ। ਸਮੇਂ ਦੀਆਂ ਚੁਣੌਤੀਆਂ, ਮਨੁੱਖ ਨੂੰ ਗਲਤੀ ਸੁਧਾਰਣ ਦੀ ਵੰਗਾਰ ਦਿੰਦੀਆਂ ਹਨ, ਇਸ ਲਈ ਬਾਦਲਾਂ ਨੂੰ ਕੌਮ ਨਾਲੋਂ ਟੁੱਟਣ ਦੀ ਆਪਣੀ ਗਲਤੀ ਦਾ ਤੁਰੰਤ ਅਹਿਸਾਸ ਕਰਕੇ ਕੌਮ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਜਦੋਂ ਕੌਮ ਨੇ ਤੁਹਾਨੂੰ ਆਪਣੇ ਦਿਲਾਂ ‘ਚ ਥਾਂ ਦੇ ਦਿੱਤੀ, ਫਿਰ ਕਿਸੇ ਦੇਸ਼ੀ-ਵਿਦੇਸ਼ੀ ਸਰਦਾਰ ਦੀ ਸੁਰੱਖਿਆ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ। ਜਿਥੇ ਵੀ ਜਾਉਗੇ, ਕੌਮ ਤੁਹਾਨੂੰ ਹੱਥਾਂ ਤੇ ਚੁੱਕੇਗੀ ਅਤੇ ਤੁਹਾਡੀ ਸੁਰੱਖਿਆ ਦਾ ਜੁੰਮਾ ਵੀ ਸਿਰ ਲਵੇਗੀ। 

ਅਸੀਂ ਵਿਦੇਸ਼ਾਂ ‘ਚ ਬੈਠੇ ਪੰਥ ਦਰਦੀ ਅਤੇ ਜਾਗਦੇ ਸਿਰਾਂ ਵਾਲੇ ਸਿੱਖਾਂ ਨੂੰ ਇਸ ਮੁੱਦੇ ਤੇ ਵਿਖਾਈ ਦ੍ਰਿੜਤਾ ਤੇ ਇਕਜੁੱਟਤਾ ਦੀ ਵਧਾਈ ਦਿੰਦੇ ਹੋਏ, ਪੰਜਾਬ ‘ਚ ਵੱਸਦੇ ਸਿੱਖਾਂ ਨੂੰ ਉਨ੍ਹਾਂ ਤੋਂ ਪੰਥਕ ਮੁੱਦਿਆਂ ਤੇ ਇਕਜੁੱਟ ਹੋਣ ਦੀ ਪ੍ਰੇਰਨਾ ਲੈਣ ਦੀ ਅਪੀਲ ਜ਼ਰੂਰ ਕਰਾਂਗੇ। ਬਾਦਲ ਪਰਿਵਾਰ ਨੂੰ ਵੀ ਆਪਣਿਆਂ ਦਾ ਜਾਂ ਗੈਰਾਂ ਦਾ ਬਣਕੇ ਰਹਿਣ ਬਾਰੇ ਆਤਮਾ ਮੰਥਨ ਦੀ ਅਪੀਲ ਵੀ ਕਰਾਂਗੇ।





Archive

RECENT STORIES