Posted on August 24th, 2013

ਸਰੀ (ਅਕਾਲ ਗਾਰਡੀਅਨ ਬਿਊਰੋ)- ਕੈਨੇਡਾ ਦੌਰਾ ਰੱਦ ਹੋਣ ਤੋਂ ਬਾਅਦ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਆਪਣਾ ਪਹਿਲਾ
ਪ੍ਰਤੀਕ੍ਰਮ ਦਿੰਦਿਆਂ ਡਿਪਟੀ ਮੁੱਖ
ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੌਰਾ ਕੈਨੇਡਾ ਸਰਕਾਰ ਵਲੋਂ ਸੁਰੱਖਿਆ ਦੇਣ
ਤੋਂ ਇਨਕਾਰ ਕਰਨ ਕਾਰਨ ਰੱਦ ਕੀਤਾ ਗਿਆ ਹੈ। ਦੌਰਾ ਰੱਦ ਹੋਣ ਕਾਰਨ ਸੁਖਬੀਰ ਕੈਨੇਡਾ ਸਰਕਾਰ ਤੇ
ਭਾਰਤ ਸਰਕਾਰ ਤੋਂ ਖਫਾ ਜਾਪ ਰਹੇ ਹਨ।
ਮੋਹਾਲੀ ਵਿਖੇ ਕੈਨੇਡਾ ਫੇਰੀ ਰੱਦ ਹੋਣ ਦਾ ਕਾਰਨ ਪੁੱਛੇ ਜਾਣ 'ਤੇ ਸੁਖਬੀਰ ਨੇ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਇਹ ਕਹਿਕੇ ਸੁਰੱਖਿਆ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਉਹ (ਸੁਖਬੀਰ), ਰਾਜ ਦੇ ਮੁਖੀ (ਮੁੱਖ ਮੰਤਰੀ) ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਸੂਬੇ ਦਾ ਡਿਪਟੀ ਮੁੱਖ ਮੰਤਰੀ ਹਾਂ ਤੇ ਨਾਲ ਹੀ ਅਕਾਲੀ ਦਲ ਦਾ ਪ੍ਰਧਾਨ ਵੀ ਹਾਂ। ਉਨ੍ਹਾਂ ਕੈਨੇਡਾ ਸਰਕਾਰ ਨਾਲ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਪੰਜਾਬ ਆਏ ਸਨ ਤਾਂ ਅਸੀਂ ਉਨ੍ਹਾਂ ਦੀ ਸੁਰੱਖਿਆ ਲਈ 5000 ਤੋਂ ਵੱਧ ਪੁਲਿਸ ਮੁਲਾਜ਼ਮ ਦਿੱਤੇ ਸਨ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਪਰ ਕੈਨੇਡਾ ਸਰਕਾਰ ਦਾ ਸੁਰੱਖਿਆ ਨਾ ਦੇਣ ਬਾਰੇ ਦੱਸਿਆ ਕਾਰਨ ਤਰਕਸੰਗਤ ਨਹੀਂ ਹੈ। ਇਸ ਲਈ ਉਥੇ ਜਾਣ ਦੀ ਵੀ ਕੋਈ ਤੁਕ ਨਹੀਂ ਬਣਦੀ।
ਜਦੋਂ ਉਨ੍ਹਾਂ ਨੂੰ ਸੁਆਲ ਕੀਤਾ ਗਿਆ ਕਿ ਕੀ ਗਰਮਖਿਆਲੀ ਜਥੇਬੰਦੀਆਂ ਵਲੋਂ ਕੈਨੇਡਾ 'ਚ ਸੰਭਾਵਤ ਰੋਸ ਪ੍ਰਦਰਸ਼ਨਾਂ ਕਾਰਨ ਤਾਂ ਫੇਰੀ ਰੱਦ ਨਹੀਂ ਹੋਈ ਤਾਂ ਉਨ੍ਹਾਂ ਕਿਹਾ ਕਿ ਮੈਂ ਅਜਿਹੇ ਪ੍ਰਦਰਸ਼ਨਾਂ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਕੈਨੇਡਾ ਸਰਕਾਰ ਸੁਰੱਖਿਆ ਹੀ ਪ੍ਰਦਾਨ ਨਹੀਂ ਕਰੇਗੀ ਤਾਂ ਦੌਰੇ ਦੀ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਮੈਂ ਇੱਕ ਸਰਕਾਰੀ ਵਫਦ ਨਾਲ ਕੈਨੇਡਾ ਜਾਣਾ ਸੀ ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੇ ਸਰਕਾਰ ਨਾਲ ਪੰਜਾਬ ਦੇ ਦੁਵੱਲੇ ਸਬੰਧਾਂ ਤੇ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਲਈ ਚਰਚਾ ਕਰਨੀ ਸੀ। ਉਥੇ ਵਸਦੇ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਦੱਸਣਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ ਵੀ ਮੇਰਾ ਇਰਾਦਾ ਸੀ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ। ਜੇਕਰ ਮੇਰੀ ਇਹ ਨਿੱਜੀ ਫੇਰੀ ਹੁੰਦੀ ਤਾਂ ਮੈਂ ਆਪਣੇ ਪੱਧਰ 'ਤੇ ਸੁਰੱਖਿਆ ਦੇ ਪੂਰੇ ਬੰਦੋਬਸਤ ਕਰ ਸਕਦਾ ਸਾਂ ਪਰ ਇਹ ਸਰਕਾਰੀ ਦੌਰਾ ਸੀ।
ਸੁਖਬੀਰ ਦੀ ਫੇਰੀ ਰੱਦ ਹੋਣ ਦਾ ਰੋਹ ਇਸ ਵਾਰ ਕੈਨੇਡਾ ਤੋਂ ਪੰਜਾਬ ਜਾਣ ਵਾਲੇ ਉਨ੍ਹਾਂ ਲੋਕਾਂ ਨੂੰ ਝੱਲਣਾ ਪੈ ਸਕਦਾ ਹੈ, ਜੋ ਬਿਨਾਂ ਕਿਸੇ ਖਤਰੇ ਤੋਂ ਪੰਜਾਬ ਜਾ ਕੇ ਲਾਲ ਬੱਤੀ, ਝੰਡੀ ਵਾਲੀ ਕਾਰ ਜਾਂ ਸੁਰੱਖਿਆ ਗਾਰਦ ਲੈ ਲੈਂਦੇ ਸਨ। ਬੇਸ਼ੱਕ ਸੁਖਬੀਰ ਬਾਦਲ ਹੋਰਾਂ ਕੈਨੇਡੀਅਨ ਪ੍ਰਧਾਨ ਮੰਤਰੀ ਹਾਰਪਰ ਨੂੰ 5000 ਤੋਂ ਵੱਧ ਪੁਲਿਸ ਮੁਲਾਜ਼ਮ ਦੇਣ ਦੀ ਗੱਲ ਆਖੀ ਹੈ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਹਮ ਰੁਤਬਾ ਨਹੀਂ ਹਨ ਕਿ ਉਨ੍ਹਾਂ ਨੂੰ ਵੀ ਉਹੋ ਜਿਹੀ ਸੁਰੱਖਿਆ ਮਿਲੇ। ਕੈਨੇਡਾ ਸਰਕਾਰ ਆਪਣੇ ਮੁੱਖ ਮੰਤਰੀਆਂ ਨੂੰ ਅਜਿਹੀ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦੀ ਤਾਂ ਫਿਰ ਬਾਹਰੋਂ ਆਏ ਕਿਸੇ ਸੂਬੇ ਦੇ ਉੱਪ ਮੁੱਖ ਮੰਤਰੀ ਨੂੰ ਅਜਿਹੀ ਸੁਰੱਖਿਆ ਮਿਲਣ ਦੀ ਆਸ ਹੀ ਨਹੀਂ ਰੱਖਣੀ ਚਾਹੀਦੀ। ਸ਼ਾਇਦ ਪੂਰੇ ਬੀ ਸੀ ਸੂਬੇ 'ਚ ਹੀ 5000 ਪੁਲਿਸ ਮੁਲਾਜ਼ਮ ਨਾ ਹੋਣ।
ਅਕਾਲੀ ਦਲ, ਇਸ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਵਿਰੋਧ 'ਅਕਾਲੀ' ਹੋਣ ਕਾਰਨ ਨਹੀਂ ਹੋ ਰਿਹਾ। ਜੇ ਅਜਿਹਾ ਹੁੰਦਾ ਤਾਂ ਲਗਭਗ ਹਰ ਸਾਲ ਕੈਨੇਡਾ ਦੌਰੇ 'ਤੇ ਆਉਂਦੇ ਅਕਾਲੀ ਆਗੂਆਂ ਡਾæ ਦਲਜੀਤ ਸਿੰਘ ਚੀਮਾ, ਸਰਵਣ ਸਿੰਘ ਫਿਲੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ ਆਦਿ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਅਜਿਹਾ ਨਹੀਂ ਹੋਇਆ। ਕੈਨੇਡਾ ਦੇ ਸਿੱਖ ਅਕਸਰ ਇਹ ਕਹਿੰਦੇ ਆ ਰਹੇ ਹਨ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ ਤੇ ਇਸ ਨੂੰ ਸਿੱਖੀ ਸਿਧਾਤਾਂ 'ਤੇ ਪਹਿਰਾ ਦੇਣਾ ਚਾਹੀਦਾ ਸੀ। ਉਨ੍ਹਾਂ ਪੁਲਿਸ ਅਫਸਰਾਂ ਜਾਂ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਨਹੀਂ ਸੀ ਕਰਨੀ ਚਾਹੀਦੀ, ਜਿਨ੍ਹਾਂ ਦੇ ਹੱਥ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ।
ਜਿੱਥੋਂ ਤੱਕ 'ਸਿੱਖਸ ਫਾਰ ਜਸਟਿਸ' ਦਾ ਸਵਾਲ ਹੈ, ਉਸਦਾ ਮੁੱਖ ਨਿਸ਼ਾਨਾ ਵੀ ਕਾਂਗਰਸ ਦੇ ਉਹ ਆਗੂ ਹਨ, ਜਿਨ੍ਹਾਂ ਦੇ ਹੱਥ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨਾਲ ਰੰਗੇ ਹੋਏ ਹਨ। ਇਸ ਲਈ ਜਦ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਕੈਨੇਡਾ ਆਏ ਜਾਂ ਕੇਂਦਰੀ ਮੰਤਰੀ ਕਮਲ ਨਾਥ ਕੈਨੇਡਾ ਤੇ ਅਮਰੀਕਾ ਆਏ ਤਾਂ ਉਨ੍ਹਾਂ ਦਾ ਵਿਰੋਧ ਹੋਇਆ। ਅਮਰੀਕਾ ਵਿੱਚ ਨਰਿੰਦਰ ਮੋਦੀ ਦਾ ਹੋ ਰਿਹਾ ਵਿਰੋਧ ਵੀ ਇਸੇ ਕੜੀ ਦਾ ਹਿੱਸਾ ਹੈ। ਅਕਾਲੀ ਦਲ ਨੂੰ 'ਸਿੱਖਸ ਫਾਰ ਜਸਟਿਸ' ਨਾਲ ਉਲਝਣ ਦੀ ਲੋੜ ਨਹੀਂ ਹੈ, ਜੋ ਕਿ ਸਿੱਖਾਂ ਨੂੰ 1984 ਦਾ ਇਨਸਾਫ ਲੈਣ ਲਈ ਲੜ ਰਹੀ ਹੈ।
ਕੈਨੇਡਾ ਵਿੱਚ ਸਰਗਰਮ ਕਈ ਆਪੇ ਬਣੇ ਅਕਾਲੀ ਦਲ ਦੇ ਸਪੋਕਸਮੈਨ ਕਾਂਗਰਸ ਲਈ ਕੰਮ ਕਰਦੇ ਪ੍ਰਤੀਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਰੇਡੀਓ ਅਤੇ ਫੇਸਬੁੱਕ 'ਤੇ ਕੀਤੀਆਂ ਭੜਕਾਊ ਕਾਰਵਾਈਆਂ ਅਤੇ ਮਾਰੇ ਜਾਂਦੇ ਲਲਕਾਰੇ ਆਮ ਕੈਨੇਡੀਅਨ ਪੰਜਾਬੀਆਂ 'ਚ ਅਕਾਲੀ ਦਲ ਦਾ ਵਿਰੋਧ ਵਧਾ ਰਹੇ ਹਨ। ਇਨ੍ਹਾਂ ਵਲੋਂ 'ਸਿੱਖਸ ਫਾਰ ਜਸਟਿਸ' ਨੂੰ ਕਾਂਗਰਸੀ ਜਥੇਬੰਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਜਦਕਿ ਅਸਲੀਅਤ ਵਿੱਚ 'ਸਿੱਖਸ ਫਾਰ ਜਸਟਿਸ' ਅਕਾਲ ਤਖਤ ਤੋਂ ਪ੍ਰਮਾਣਿਤ ਜਥੇਬੰਦੀ ਹੈ, ਜਿਸ ਬਾਰੇ ਪੰਜ ਸਿੰਘ ਸਾਹਿਬਾਨ ਦਾ ਆਦੇਸ਼ ਹੈ ਕਿ ਇਸ ਜਥੇਬੰਦੀ ਦੀ ਹਰ ਸਿੱਖ ਹਮਾਇਤ ਕਰੇ।
ਪਾਰਟੀ ਦੇ ਸੀਨੀਅਰ ਆਗੂਆਂ ਅਤੇ ਨੀਤੀ ਘਾੜਿਆਂ ਨੂੰ ਅਕਾਲੀ ਦਲ ਦੇ ਨਾਮ 'ਤੇ ਆਪੇ ਬਣੇ ਕੈਨੇਡੀਅਨ ਸਪੋਕਸਮੈਨਾਂ ਨੂੰ ਵੀ ਨੱਥ ਪਾਉਣੀ ਪਵੇਗੀ, ਜਿਨ੍ਹਾਂ ਦੀਆਂ 'ਸ਼ੱਕੀ ਕਾਰਵਾਈਆਂ' ਅਤੇ ਸਥਾਨਕ ਪੱਧਰ 'ਤੇ ਕਿਰਦਾਰ ਅਕਾਲੀ ਦਲ ਦੀ ਹਮਾਇਤ ਨੂੰ ਖੋਰਾ ਲਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ 'ਸਿੱਖਸ ਫਾਰ ਜਸਟਿਸ' ਦੀ ਸਰੀ ਵਿੱਚ ਬੇਹੱਦ ਸਫਲ ਹੋਈ ਕਾਨਫਰੰਸ ਹੈ। ਸ਼ਾਇਦ ਇਹ ਕਾਨਫਰੰਸ ਇੰਨੀ ਨਾ ਭਰਦੀ ਜੇਕਰ ਸਥਾਨਕ ਅਕਾਲੀ ਸਮਰਥਕ ਇਸ ਖਿਲਾਫ ਰੇਡੀਓ ਜਾਂ ਫੇਸਬੁੱਕ 'ਤੇ ਘਟੀਆ ਕਿਸਮ ਦਾ ਭੰਡੀ ਪ੍ਰਚਾਰ ਨਾ ਕਰਦੇ ਅਤੇ ਸਥਾਨਕ ਸਿੱਖਾਂ ਨੂੰ ਚੈਲਿੰਜ ਨਾ ਕਰਦੇ।
ਕੈਨੇਡਾ ਦੇ ਸਿੱਖ ਅਕਾਲੀ ਦਲ ਤੋਂ ਬਹੁਤ ਆਸਾਂ ਰੱਖੀ ਬੈਠੇ ਸਨ ਅਤੇ ਹਾਲੇ ਵੀ ਆਸਵੰਦ ਹਨ ਕਿ ਅਕਾਲੀ ਦਲ ਫਿਰ ਕਦੇ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰੇਗਾ। ਜੇਕਰ ਅਕਾਲੀ ਦਲ (ਬਾਦਲ) ਚਾਹੁੰਦਾ ਹੈ ਕਿ ਵਿਦੇਸ਼ਾਂ 'ਚ ਸਿੱਖ ਉਨ੍ਹਾਂ ਦਾ ਸਤਿਕਾਰ ਕਰਨ ਤਾਂ ਪਹਿਲ ਉਨ੍ਹਾਂ ਨੂੰ ਕਰਨੀ ਪਵੇਗੀ। ਪੰਜਾਬ ਦੇ ਸਿੱਖ ਆਗੂ ਤੇ ਝੂਠੇ ਕੇਸ 'ਚ ਗ੍ਰਿਫਤਾਰ ਨੌਜਵਾਨ ਰਿਹਾਅ ਕਰਨੇ ਪੈਣਗੇ। ਪੰਜਾਬ ਦੀ ਧਰਤੀ 'ਤੇ ਹੋ ਰਹੀਆਂ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਾਰਵਾਈਆਂ 'ਚ ਠੱਲ ਪਾਉਣੀ ਪਵੇਗੀ। ਪ੍ਰਵਾਸੀਆਂ ਨੂੰ ਹਰ ਵਾਰ ਲਾਰੇ ਲਾਉਣ ਦੀ ਜਗ੍ਹਾ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਠੋਸ ਹੱਲ ਕੱਢਣੇ ਪੈਣਗੇ। ਕੈਨੇਡਾ ਵਰਗੇ ਅਸਲ ਜਮਹੂਰੀ ਮੁਲਕ ਵਿੱਚ ਵਿਰੋਧ ਕਰਨਾ ਹਰ ਇੱਕ ਦਾ ਜਮਹੂਰੀ ਹੱਕ ਹੈ ਪਰ ਉਸ ਵਿਰੋਧ ਪਿਛਲੀ ਮਜਬੂਰੀ ਭਰੀ ਭਾਵਨਾ ਨੂੰ ਸਮਝ ਕੇ, ਫਿਰ ਉਸ ਦਾ ਹੱਲ ਕਰਕੇ ਹੀ ਵਿਰੋਧ ਖਤਮ ਕੀਤਾ ਜਾ ਸਕਦਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025