Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਠਿੰਡਾ ਦੇ ਸਵਾ ਅੱਠ ਸੌ ਪੰਚ ਸਰਪੰਚ ਅੰਗੂਠਾ ਛਾਪ

Posted on August 25th, 2013


ਬਠਿੰਡਾ- ਜ਼ਿਲ੍ਹਾ ਬਠਿੰਡਾ ਵਿੱਚ ਸਵਾ ਅੱਠ ਸੌ ਪੰਚ ਸਰਪੰਚ ਅੰਗੂਠਾ ਛਾਪ ਹਨ। ਪੇਂਡੂ ਸਿਆਸਤ ਤੋਂ ਪੜ੍ਹੇ ਲਿਖੇ ਲੋਕਾਂ ਨੇ ਐਤਕੀਂ ਪਾਸਾ ਹੀ ਵੱਟਿਆ ਹੈ। ਸਿਆਸੀ ਧਿਰਾਂ ਨੇ ਵੀ ਪੜ੍ਹੇ ਲਿਖੇ ਲੋਕਾਂ ਨੂੰ ਉਮੀਦਵਾਰਾਂ ਬਣਾਉਣ ਦੀ ਲੋੜ ਨਹੀਂ ਸਮਝੀ ਹੈ। ਪਿੰਡਾਂ ਦੀ ਵਾਗਡੋਰ ਹੁਣ ਘੱਟ ਪੜ੍ਹੇ ਲਿਖੇ ਲੋਕਾਂ ਕੋਲ ਆ ਗਈ ਹੈ। ਬਠਿੰਡਾ ਜ਼ਿਲ੍ਹੇ ਦੇ 294 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ। ਇਨ੍ਹਾਂ ਪਿੰਡਾਂ ਵਿੱਚੋਂ 63 ਪਿੰਡਾਂ ਦੇ ਸਰਪੰਚ ਅੰਗੂਠਾ ਛਾਪ ਹਨ, ਜਿਨ੍ਹਾਂ ਨੇ ਹੁਣ ਦਸਤਖ਼ਤ ਸਿੱਖਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਹੀ ਪੰਚਾਇਤ ਮੈਂਬਰਾਂ ’ਚੋਂ 761 ਪੜ੍ਹਾਈ ਲਿਖਾਈ ਤੋਂ ਕੋਰੇ ਹਨ। ਦਰਜਨ ਦੇ ਕਰੀਬ ਪੰਚਾਇਤਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਅਨਪੜ੍ਹਾਂ ਦਾ ਹੀ ਬੋਲਬਾਲਾ ਹੈ। ਜ਼ਿਲ੍ਹੇ ਵਿੱਚ ਸਿਰਫ਼ ਦੋ ਪਿੰਡਾਂ ਢੇਲਵਾਂ ਦਾ ਸਰਪੰਚ ਗੁਰਲਾਭ ਸਿੰਘ ਤੇ ਪਿੰਡ ਭੈਣੀ ਚੂਹੜ ਦਾ ਸਰਪੰਚ ਗੁਰਤੇਜ ਸਿੰਘ ਪੋਸਟ ਗਰੈਜੂਏਟ ਹੈ। ਜ਼ਿਲ੍ਹੇ ਭਰ ਵਿੱਚ 16 ਪਿੰਡਾਂ ਦੇ ਸਰਪੰਚ ਗਰੈਜੂਏਟ ਬਣੇ ਹਨ।

ਇਕੱਤਰ ਕੀਤੇ ਵੇਰਵਿਆਂ ਅਨੁਸਾਰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਰਾਮਪੁਰਾ ਫੂਲ ਦੇ 45 ਪਿੰਡਾਂ ਵਿੱਚੋਂ ਸਿਰਫ਼ ਇੱਕ ਪਿੰਡ ਦਾ ਸਰਪੰਚ ਗਰੈਜੂਏਟ ਹੈ। ਇਸ ਹਲਕੇ ਦੇ ਪਿੰਡ ਗੁਰੂਸਰ ਦਾ ਭੁਪਿੰਦਰ ਸਿੰਘ ਸਰਪੰਚ ਗਰੈਜੂਏਟ ਹੈ। ਬਲਾਕ ਫੂਲ ਦੇ 20 ਪਿੰਡਾਂ ’ਚੋਂ ਕਿਸੇ ਵੀ ਪਿੰਡ ਦਾ ਸਰਪੰਚ ਗਰੈਜੂਏਟ ਨਹੀਂ ਹੈ ਅਤੇ ਇਸੇ ਤਰ੍ਹਾਂ ਮੌੜ ਬਲਾਕ ਵਿੱਚ ਕੋਈ ਵੀ ਸਰਪੰਚ ਗਰੈਜੂਏਟ ਨਹੀਂ ਹੈ। ਜ਼ਿਲ੍ਹੇ ਵਿੱਚ ਅੱਠ ਬਲਾਕ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਅਨਪੜ੍ਹ ਸਰਪੰਚ ਬਲਾਕ ਬਠਿੰਡਾ ਵਿੱਚ ਹਨ। ਇਨ੍ਹਾਂ ਦੀ ਗਿਣਤੀ 19 ਬਣਦੀ ਹੈ ਜਦੋਂ ਕਿ ਸਭ ਤੋਂ ਘੱਟ ਅੰਗੂਠਾ ਛਾਪ ਸਰਪੰਚ ਬਲਾਕ ਨਥਾਣਾ ਵਿੱਚ ਹਨ ਤੇ ਇਸ ਬਲਾਕ ਵਿੱਚ ਦੋ ਸਰਪੰਚ ਹੀ ਅੰਗੂਠਾ ਛਾਪ ਹਨ। ਬਲਾਕ ਨਥਾਣਾ ਅਤੇ ਤਲਵੰਡੀ ਸਾਬੋ ਦੇ ਚਾਰ ਚਾਰ ਪਿੰਡਾਂ ਦੇ ਸਰਪੰਚ ਗਰੈਜੂਏਟ ਹਨ। ਜ਼ਿਲ੍ਹੇ ਭਰ ’ਚੋਂ ਸਭ ਤੋਂ ਜ਼ਿਆਦਾ 89 ਪਿੰਡਾਂ ਦੇ ਸਰਪੰਚ ਦਸਵੀਂ ਪਾਸ ਹਨ ਜਦੋਂ ਕਿ 27 ਪਿੰਡਾਂ ਦੇ ਸਰਪੰਚ 12ਵੀਂ ਪਾਸ ਹਨ। ਜ਼ਿਲ੍ਹੇ ਦੇ 56 ਪਿੰਡਾਂ ਦੇ ਸਰਪੰਚ ਪੰਜਵੀਂ ਪਾਸ ਹਨ ਅਤੇ 41 ਪਿੰਡਾਂ ਦੇ ਸਰਪੰਚ ਅੱਠਵੀਂ ਪਾਸ ਹਨ।

ਬਲਾਕਵਾਰ ਨਜ਼ਰ ਮਾਰੀਏ ਤਾਂ ਬਲਾਕ ਮੌੜ ਦੇ 7, ਬਲਾਕ ਸੰਗਤ ਦੇ 6, ਬਲਾਕ ਨਥਾਣਾ ਦੇ ਦੋ, ਬਲਾਕ ਬਠਿੰਡਾ ਦੇ 19, ਬਲਾਕ ਰਾਮਪੁਰਾ ਦੇ 4, ਬਲਾਕ ਤਲਵੰਡੀ ਦੇ 11, ਬਲਾਕ ਫੂਲ ਦੇ 7 ਅਤੇ ਬਲਾਕ ਭਗਤਾ ਦੇ ਵੀ 7 ਸਰਪੰਚ ਅੰਗੂਠਾ ਛਾਪ ਹਨ। ਪਤਾ ਲੱਗਾ ਹੈ ਕਿ ਸਰਪੰਚ ਬਣਨ ਮਗਰੋਂ ਇਨ੍ਹਾਂ ਸਰਪੰਚਾਂ ਨੇ ਅੱਖਰਾਂ ਤੋਂ ਜਾਣੂ ਹੋਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਪਿੰਡਾਂ ਦੇ ਸਰਪੰਚ ਗਰੈਜੂਏਟ ਹਨ, ਉਨ੍ਹਾਂ ’ਚ ਪਿੰਡ ਬਾਘਾ ਦਾ ਪਰਮਜੀਤ ਸਿੰਘ, ਜੀਵਨ ਸਿੰਘ ਵਾਲਾ ਦਾ ਕੁਲਦੀਪ ਸਿੰਘ, ਪਿੰਡ ਮੈਨੰੂਆਣਾ ਦਾ ਕੁਲਵੰਤ ਸਿੰਘ, ਪਿੰਡ ਤਿਉਣਾ ਪੁਜਾਰੀਆ ਦਾ ਸੁਖਪਾਲ ਸਿੰਘ, ਪਿੰਡ ਕੋਟੜਾ ਕੌੜਿਆਂਵਾਲਾ ਦਾ ਗੁਰਪਾਲ ਸਿੰਘ, ਪਿੰਡ ਕਰਾੜਵਾਲਾ ਦਾ ਗੁਰਨੈਬ ਸਿੰਘ ਢਿੱਲੋਂ, ਪਿੰਡ ਗੁਲਾਬਗੜ੍ਹ ਦੀ ਸਰਪੰਚ ਚਰਨਜੀਤ ਕੌਰ, ਪਿੰਡ ਵਿਰਕ ਖੁਰਦ ਦਾ ਬਲਤੇਜ ਸਿੰਘ, ਪਿੰਡ ਖੇਮੂਆਣਾ ਦਾ ਰਜਿੰਦਰਪਾਲ ਸਿੰਘ, ਪਿੰਡ ਨੰਦਗੜ੍ਹ ਦੀ ਰਾਜਵਿੰਦਰ ਕੌਰ ਤੇ ਪਿੰਡ ਗੁਰੂਸਰ ਦਾ ਭੁਪਿੰਦਰ ਸਿੰਘ ਸ਼ਾਮਲ ਹਨ। ਪਿੰਡ ਕੋਠੋ ਸੰਧੂਆਂ ਦਾ ਸਰਪੰਚ ਗੁਰਦੌਰ ਸਿੰਘ ਬੀ.ਟੈੱਕ ਹੈ। ਪੰਚਾਇਤ ਮੈਂਬਰਾਂ ਵੱਲ ਨਜ਼ਰ ਮਾਰੀਏ ਤਾਂ ਬਲਾਕ ਤਲਵੰਡੀ ਸਾਬੋ ਵਿੱਚ ਸਭ ਤੋਂ ਜ਼ਿਆਦਾ 137 ਪੰਚਾਇਤ ਮੈਂਬਰ ਅੰਗੂਠਾ ਛਾਪ ਹਨ ਜਦੋਂ ਕਿ ਬਲਾਕ ਬਠਿੰਡਾ ’ਚ 135 ਅੰਗੂਠਾ ਛਾਪ ਮੈਂਬਰ ਹਨ। ਬਲਾਕ ਮੌੜ ਵਿੱਚ 88, ਬਲਾਕ ਸੰਗਤ ਵਿੱਚ 113, ਬਲਾਕ ਨਥਾਣਾ ਵਿੱਚ 85, ਬਲਾਕ ਰਾਮਪੁਰਾ ਵਿੱਚ 90, ਬਲਾਕ ਫੂਲ ਵਿੱਚ 39 ਤੇ ਬਲਾਕ ਭਗਤਾ ’ਚ 74 ਪੰਚਾਇਤ ਮੈਂਬਰ ਅੰਗੂਠਾ ਛਾਪ ਹਨ। ਦਲਿਤ ਵਰਗ ਦੇ ਪੰਚ ਸਰਪੰਚ ਅਨਪੜ੍ਹ ਜ਼ਿਆਦਾ ਹਨ। ਬਲਾਕ ਸੰਗਤ ਵਿੱਚ ਅੱਠ ਪੰਚਾਇਤ ਮੈਂਬਰ ਗਰੈਜੂਏਟ ਹਨ ਜਦੋਂ ਕਿ ਪਿੰਡ ਬਹਾਦਰਗੜ੍ਹ ਜੰਡੀਆਂ ਦਾ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਪੋਸਟ ਗਰੈਜੂਏਟ ਹੈ। ਪਿੰਡ ਕੋਇਰ ਸਿੰਘ ਵਾਲਾ ਦੀ ਮੈਂਬਰ ਨਵਦੀਪ ਕੌਰ, ਭੋਡੀਪੁਰਾ ਦਾ ਪੰਚ ਗੁਰਜੰਟ ਸਿੰਘ ਅਤੇ ਦਿਆਲਪੁਰਾ ਮਿਰਜ਼ਾ ਦਾ ਪੰਚ ਸੁਖਵਿੰਦਰ ਸਿੰਘ ਵੀ ਗਰੈਜੂਏਟ ਹੈ। ਰਾਮਪੁਰਾ ਬਲਾਕ ਦੀ ਪੰਚਾਇਤ ਜਵਾਹਰ ਨਗਰ ਦਾ ਪੰਚਾਇਤ ਮੈਂਬਰ ਨਿਰਪਿੰਦਰ ਸਿੰਘ ਐਮ.ਬੀ.ਏ ਹੈ ਜਦੋਂ ਕਿ ਹਰਕਿਸ਼ਨਪੁਰਾ ਪੰਚਾਇਤ ਦਾ ਮੈਂਬਰ ਜਗਸੀਰ ਸਿੰਘ ਪੋਸਟ ਗਰੈਜੂਏਟ ਹੈ। ਪਿੰਡ ਕੋਠੇ ਪਿੱਪਲੀ ਦਾ ਮੈਂਬਰ ਗੁਰਦੀਪ ਸਿੰਘ, ਪਿੰਡ ਸਿਵੀਆ ਦਾ ਸਤਪਾਲ ਸਿੰਘ ਤੇ ਹਰਿੰਦਰ ਕੌਰ, ਪਿੰਡ ਲਹਿਰਾ ਸੌਧਾ ਦਾ ਬਲਵਿੰਦਰ ਸਿੰਘ ਗਰੈਜੂਏਟ ਹੈ। ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦਾ ਪੰਚਾਇਤ ਮੈਂਬਰ ਬੂਟਾ ਸਿੰਘ ਬੀ.ਐਸਸੀ. ਹੈ। ਪਿੰਡ ਜਗਾ ਰਾਮ ਤੀਰਥ ਦੀ ਪੰਚਾਇਤ ’ਚ ਰਵਿੰਦਰ ਕੌਰ ਤੇ ਜਗਸੀਰ ਸਿੰਘ ਗਰੈਜੂਏਟ ਹਨ।

ਪਿੰਡ ਰਾਜਗੜ੍ਹ ਖੁਰਦ ਦਾ ਸਰਪੰਚ ਪੰਜਵੀਂ ਪਾਸ ਹੈ ਜਦੋਂ ਕਿ ਪਿੰਡ ਦੇ ਪੰਜ ਪੰਚਾਇਤ ਮੈਂਬਰਾਂ ’ਚੋਂ ਚਾਰ ਮੈਂਬਰ ਅਨਪੜ੍ਹ ਹਨ ਅਤੇ ਇੱਕ ਮੈਂਬਰ ਪੰਜਵੀਂ ਪਾਸ ਹੈ। ਪਿੰਡ ਗੁਰਦਿੱਤ ਸਿੰਘ ਵਾਲਾ ਦੇ ਸਰਪੰਚ ਅਨਪੜ੍ਹ ਹੈ ਜਦੋਂ ਕਿ ਪੰਚਾਇਤ ਦੇ ਚਾਰ ਮੈਂਬਰ ਅਨਪੜ੍ਹ ਹਨ ਤੇ ਇੱਕ ਮੈਂਬਰ ਮੈਟ੍ਰਿਕ ਪਾਸ ਹੈ। ਪਿੰਡ ਗੋਲੇਵਾਲਾ ਦੀ ਮਹਿਲਾ ਸਰਪੰਚ ਤਿੰਨ ਜਮਾਤਾਂ ਪੜ੍ਹੀ ਹੈ ਜਦੋਂ ਕਿ ਚਾਰ ਮੈਂਬਰ ਅਨਪੜ੍ਹ ਹਨ ਤੇ ਸਿਰਫ਼ ਇੱਕ ਮੈਂਬਰ ਹੀ ਅੱਠਵੀਂ ਪਾਸ ਹੈ। ਪਿੰਡ ਜੋਗਾਨੰਦ ਦਾ ਸਰਪੰਚ ਮਿਡਲ ਪਾਸ ਹੈ ਜਦੋਂ ਕਿ ਉਸ ਦੇ ਪੰਜ ਮੈਂਬਰ ਅਨਪੜ੍ਹ ਹਨ ਅਤੇ ਇੱਕ ਤਿੰਨ ਜਮਾਤਾਂ ਪਾਸ ਤੇ ਇੱਕ ਪੰਜਵੀਂ ਪਾਸ ਮੈਂਬਰ ਹੈ। ਪਿੰਡ ਸੂਚ ਦਾ ਸਰਪੰਚ ਪੰਜਵੀਂ ਪਾਸ ਹੈ। ਇਸ ਪੰਚਾਇਤ ਦੇ 4 ਮੈਂਬਰ ਤਾਂ ਅਨਪੜ੍ਹ ਹਨ ਜਦੋਂ ਕਿ ਇੱਕ ਮੈਂਬਰ ਮਿਡਲ ਪਾਸ ਅਤੇ ਇੱਕ ਮੈਂਬਰ ਸੱਤਵੀਂ ਪਾਸ ਹੈ। ਦਰਜਨਾਂ ਪਿੰਡ ਅਜਿਹੇ ਹਨ ਜਿਨ੍ਹਾਂ ਦੀ ਪੰਚਾਇਤ ਵਿੱਚ ਅਨਪੜ੍ਹਾਂ ਦਾ ਹੀ ਬੋਲਬਾਲਾ ਹੈ।



Archive

RECENT STORIES